ਸਮਰਪਣ ਦਿਵਸ ਦਾ ਆਯੋਜਨ
ਪਰਮਾਨੰਦ ਦੀ ਪ੍ਰਾਪਤੀ ਕੇਵਲ ਸਤਿਗੁਰੂ ਪ੍ਰਤੀ ਸਮਰਪਣ ਨਾਲ
5 Dariya News
ਚੰਡੀਗੜ੍ਹ 14-May-2026
ਸੰਸਾਰ ਦੇ ਭੌਤਿਕ ਸੁਖ ਛਣਭੰਗੁਰ ਹੁੰਦੇ ਹਨ, ਜਦਕਿ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੋਣ ਵਾਲਾ ਆਨੰਦ ਸਥਾਈ, ਦਿਵਯ ਅਤੇ “ਪਰਮਾਨੰਦ” ਸਰੂਪ ਹੁੰਦਾ ਹੈ। ਇਸੇ ਕਾਰਨ ਸੰਤ ਮਹਾਪੁਰਖ ਸਦਾ ਗੁਰੂ ਭਗਤੀ, ਸਮਰਪਣ ਅਤੇ ਨਿਮਰਤਾ ਨੂੰ ਜੀਵਨ ਦਾ ਮੁੱਖ ਆਧਾਰ ਦੱਸਦੇ ਆਏ ਹਨ। ਜਦ ਮਨੁੱਖ ਆਪਣੇ ਅਹੰਕਾਰ, ਇੱਛਾਵਾਂ ਅਤੇ ਸ਼ਿਕਾਇਤਾਂ ਦਾ ਤਿਆਗ ਕਰਕੇ ਪੂਰੀ ਸ਼ਰਧਾ ਅਤੇ ਵਿਸ਼ਵਾਸ ਨਾਲ ਆਪਣੇ ਆਪ ਨੂੰ ਪਰਮਾਤਮਾ ਅਤੇ ਸਤਿਗੁਰੂ ਦੇ ਚਰਨਾਂ ਵਿੱਚ ਸਮਰਪਿਤ ਕਰ ਦਿੰਦਾ ਹੈ, ਤਦ ਉਹ ਨਾ ਸਿਰਫ਼ ਸੰਸਾਰਿਕ ਸੁਖ, ਸਗੋਂ ਆਤਮਿਕ ਸ਼ਾਂਤੀ ਅਤੇ ਪਰਮਾਨੰਦ ਦੀ ਅਨੁਭੂਤੀ ਵੀ ਪ੍ਰਾਪਤ ਕਰਦਾ ਹੈ।
ਇਹ ਪ੍ਰੇਰਣਾਦਾਇਕ ਵਿਚਾਰ ਅੱਜ ਸੈਕਟਰ-30 ਸਥਿਤ ਸੰਤ ਨਿਰੰਕਾਰੀ ਸਤਸੰਗ ਭਵਨ ਵਿੱਚ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੀ ਪਾਵਨ ਯਾਦ ਵਿੱਚ ਆਯੋਜਿਤ “ਸਮਰਪਣ ਦਿਵਸ” ਨਿਰੰਕਾਰੀ ਸੰਤ ਸਮਾਗਮ ਦੌਰਾਨ ਹਜ਼ਾਰਾਂ ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਹੋਏ ਇਥੋਂ ਦੇ ਜੋਨਲ ਇੰਚਾਰਜ ਸ਼੍ਰੀ ਓ.ਪੀ. ਨਿਰੰਕਾਰੀ ਨੇ ਪ੍ਰਗਟ ਕੀਤੇ। ਸ਼੍ਰੀ ਨਿਰੰਕਾਰੀ ਨੇ ਅੱਗੇ ਕਿਹਾ ਕਿ ਸੱਚਾ ਸਮਰਪਣ ਕਿਸੇ ਡਰ, ਦਬਾਅ, ਸਵਾਰਥ ਜਾਂ ਬਾਹਰੀ ਦਿਖਾਵੇ ਤੋਂ ਨਹੀਂ, ਬਲਕਿ ਸ਼ਰਧਾ, ਪ੍ਰੇਮ ਅਤੇ ਵਿਸ਼ਵਾਸ ਤੋਂ ਜਨਮ ਲੈਂਦਾ ਹੈ।
ਜਦ ਮਨੁੱਖ ਇਹ ਅਨੁਭਵ ਕਰ ਲੈਂਦਾ ਹੈ ਕਿ ਉਸਦਾ ਅਸਤਿਤਵ ਅਤੇ ਸਮੂਚੀ ਸ੍ਰਿਸ਼ਟੀ ਨਿਰੰਕਾਰ ਦੀ ਕਿਰਪਾ ਦਾ ਹੀ ਨਤੀਜਾ ਹੈ, ਤਦ ਹੀ ਉਸਦੇ ਅੰਦਰ ਅਸਲੀ ਸਮਰਪਣ ਦੀ ਭਾਵਨਾ ਜਾਗਦੀ ਹੈ। ਸ਼੍ਰੀ ਨਿਰੰਕਾਰੀ ਨੇ ਕਿਹਾ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਪ੍ਰਤੀ ਸਾਡੀ ਵੰਦਨਾ ਕੇਵਲ ਸ਼ਬਦਾਂ ਜਾਂ ਰਸਮੀ ਕਾਰਵਾਈਆਂ ਤੱਕ ਸੀਮਿਤ ਨਹੀਂ ਰਹਿਣੀ ਚਾਹੀਦੀ, ਬਲਕਿ ਇਹ ਸਾਡੇ ਵਿਹਾਰ, ਆਚਰਨ ਅਤੇ ਜੀਵਨ ਸ਼ੈਲੀ ਵਿੱਚ ਵੀ ਸਪਸ਼ਟ ਤੌਰ ‘ਤੇ ਦਿਖਾਈ ਦੇਣੀ ਚਾਹੀਦੀ ਹੈ।
ਗੁਰੂ ਕਿਰਪਾ ਨਾਲ ਮਨੁੱਖ ਦੇ ਅੰਦਰ ਪ੍ਰੇਮ, ਨਿਮਰਤਾ, ਸਹਿਨਸ਼ੀਲਤਾ ਅਤੇ ਸੇਵਾ ਭਾਵ ਦਾ ਵਿਕਾਸ ਹੁੰਦਾ ਹੈ। ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਵਿਅਕਤੀ ਦੇ ਜੀਵਨ ਦੇ ਬੰਦ ਪਏ ਭਾਗਾਂ ਦੇ ਦਰਵਾਜ਼ੇ ਵੀ ਖੁਲ ਜਾਂਦੇ ਹਨ ਅਤੇ ਉਹ ਨਿਰਾਸ਼ਾ ਤੋਂ ਨਿਕਲ ਕੇ ਸਕਾਰਾਤਮਕਤਾ, ਆਤਮ-ਵਿਸ਼ਵਾਸ ਅਤੇ ਆਧਿਆਤਮਿਕ ਊਰਜਾ ਨਾਲ ਭਰ ਜਾਂਦਾ ਹੈ।
ਗੁਰੂ-ਸ਼ਿਸ਼੍ਯ ਸੰਬੰਧ ਦੀ ਮਹੱਤਤਾ ‘ਤੇ ਰੌਸ਼ਨੀ ਪਾਉਂਦੇ ਹੋਏ ਉਨ੍ਹਾਂ ਕਿਹਾ ਕਿ ਇਹ ਸੰਬੰਧ ਬਹੁਤ ਪਵਿੱਤਰ, ਅਟੁੱਟ ਅਤੇ ਆਤਮਿਕ ਹੁੰਦਾ ਹੈ। ਗੁਰੂ ਕੇਵਲ ਮਾਰਗਦਰਸ਼ਕ ਹੀ ਨਹੀਂ, ਸਗੋਂ ਮਾਤਾ-ਪਿਤਾ ਵਰਗੇ ਹੁੰਦੇ ਹਨ, ਜੋ ਆਪਣੇ ਸ਼ਿਸ਼੍ਯ ਨੂੰ ਆਧਿਆਤਮਿਕ ਗਿਆਨ ਦੇ ਕੇ ਜੀਵਨ ਦੀ ਸਹੀ ਦਿਸ਼ਾ ਪ੍ਰਦਾਨ ਕਰਦੇ ਹਨ।
ਜਦ ਸ਼ਿਸ਼੍ਯ ਗੁਰੂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਂਦਾ ਹੈ, ਤਦ ਹੀ ਉਸਦਾ ਜੀਵਨ ਅਸਲ ਮਾਇਨੇ ਵਿੱਚ ਸਫਲ, ਸਾਰਥਕ ਅਤੇ ਧੰਨ ਬਣਦਾ ਹੈ। ਇਸ ਤੋਂ ਪਹਿਲਾਂ ਕਈ ਵਕਤਾਵਾਂ ਅਤੇ ਸ਼ਰਧਾਲੂਆਂ ਨੇ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ ਜੀਵਨ, ਵਿਅਕਤਿਤਵ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ‘ਤੇ ਆਧਾਰਿਤ ਗੀਤ, ਕਵਿਤਾ, ਵਿਚਾਰ ਅਤੇ ਭਾਸ਼ਣ ਪੇਸ਼ ਕਰਕੇ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ।
ਪੂਰਾ ਸਮਾਗਮ ਸ਼ਰਧਾ, ਪ੍ਰੇਮ, ਸੇਵਾ ਅਤੇ ਮਨੁੱਖੀ ਏਕਤਾ ਦੇ ਸੰਦੇਸ਼ ਨਾਲ ਓਤ-ਪ੍ਰੋਤ ਭਕਤੀਮਈ ਵਾਤਾਵਰਣ ਵਿੱਚ ਸੰਪੰਨ ਹੋਇਆ।