ਹਲਕੇ ਦੇ ਲੋਕਾਂ ਦੇ ਪਿਆਰ ਸਦਕਾ ਸਪੀਕਰ ਦੀ ਕੁਰਸੀ ਨਸੀਬ ਹੋਈ : ਕੁਲਤਾਰ ਸਿੰਘ ਸੰਧਵਾਂ
5 Dariya News
ਕੋਟਕਪੂਰਾ 09-May-2026
ਜੇਕਰ ਲੋਕ ਆਪਣਾ ਕੂੜਾ ਕਰਕਟ ਨਾਲੀ-ਨਾਲਿਆਂ ਜਾਂ ਸੀਵਰੇਜ ਵਿੱਚ ਸੁੱਟਣ ਦੀ ਬਜਾਏ ਡਸਟਬੀਨ ਵਿੱਚ ਪਾਉਣ ਅਤੇ ਸਫਾਈ ਸੇਵਕ ਦੀ ਰੇਹੜੀ ਜਾਂ ਵਾਹਨ ਵਿੱਚ ਪਾਉਣਾ ਯਕੀਨੀ ਬਣਾਉਣ ਤਾਂ ਪਾਣੀ ਨਿਕਾਸੀ ਅਤੇ ਸੀਵਰੇਜ ਪ੍ਰਬੰਧਾਂ ਦੀ ਸਮੱਸਿਆ ਕਦੇ ਵੀ ਨਹੀਂ ਆਵੇਗੀ। ਇਹ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਸਥਾਨਕ ਫੇਰੂਮਾਨ ਚੌਂਕ ਵਿੱਚ ਸਥਿੱਤ ਅਰਨੇਜਾ ਕਲਾਥ ਹਾਊਸ ਦੇ ਮਾਲਕ ਬਲਵੰਤ ਸਿੰਘ ਅਰਨੇਜਾ ਨਾਲ ਉਨ੍ਹਾਂ ਦੀ ਦੁਕਾਨ ਤੇ ਮੁਲਾਕਾਤ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ 29 ਕਰੋੜ ਰੁਪਏ ਦੀ ਗ੍ਰਾਂਟ ਪਹੁੰਚ ਚੁੱਕੀ ਹੈ, ਜਿਸ ਨਾਲ ਕੋਈ ਵੀ ਗਲੀ-ਨਾਲੀ ਵਿਕਾਸ ਤੋਂ ਵਾਂਝੀ ਨਹੀਂ ਰਹੇਗੀ। ਸਪੀਕਰ ਸੰਧਵਾਂ ਨੇ ਕਿਹਾ ਕਿ ਕਿ ਉਨ੍ਹਾਂ ਨੂੰ ਦੋ ਵਾਰ ਕੋਟਕਪੂਰੇ ਹਲਕੇ ਦੇ ਲੋਕਾਂ ਨੇ ਭਾਰੀ ਵੋਟਾਂ ਦੇ ਫਰਕ ਨਾਲ ਜਿਤਾਇਆ, ਪਹਿਲੀਵਾਰ ਐਮ.ਐਲ.ਏ. ਬਣਿਆ, ਜਦਕਿ ਦੂਜੀ ਵਾਰ ਲੋਕਾਂ ਦੇ ਪਿਆਰ ਸਦਕਾ ਮੈ ਸਪੀਕਰ ਦੀ ਕੁਰਸੀ ਨਸੀਬ ਹੋਈ, ਪਰ ਮੈਂ ਦਾਅਵੇ ਨਾਲ ਆਖ ਸਕਦਾ ਹਾਂ ਕਿ ਦੋਨੋਂ ਵਾਰ ਮੇਰੇ ਤੋਂ ਨਾ ਤਾਂ ਕਿਸੇ ਨੇ ਵੋਟ ਬਦਲੇ ਪੈਸਾ ਮੰਗਿਆ ਅਤੇ ਨਾ ਹੀ ਨਸ਼ੇ ਦੀ ਮੰਗ ਕੀਤੀ।
ਸਪੀਕਰ ਸੰਧਵਾਂ ਨੇ ਆਖਿਆ ਕਿ ਮੈਂ ਵੀ ਹਲਕੇ ਦੇ ਲੋਕਾਂ ਦੀ ਨਿਸ਼ਕਾਮ ਸੇਵਾ ਕਰਕੇ ਖੁਸ਼ੀ ਮਹਿਸੂਸ ਕਰਦਾ ਹਾਂ ਅਤੇ ਮਨ ਨੂੰ ਸਕੂਨ ਮਿਲਦਾ ਹੈ। ਬਲਵੰਤ ਸਿੰਘ ਅਰਨੇਜਾ, ਪ੍ਰੀਤਮ ਸਿੰਘ, ਕਿ੍ਰਪਾਲ ਸਿੰਘ, ਸਤਵੀਰ ਸਿੰਘ ਅਤੇ ਸੁਖਦੇਵ ਸਿੰਘ ਬਰਾੜ ਨੇ ਆਖਿਆ ਕਿ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਇਤਿਹਾਸ ਵਿੱਚ ਕੁਲਤਾਰ ਸਿੰਘ ਸੰਧਵਾਂ ਦੀ ਨੁਮਾਇੰਦਗੀ ਨੂੰ ਇਸ ਗੱਲ ਕਰਕੇ ਵੀ ਯਾਦ ਰੱਖਿਆ ਜਾਵੇਗਾ ਕਿ ਉਹਨਾ ਅੱਜ ਤੱਕ ਨਾ ਤਾਂ ਕਿਸੇ ਨਾਲ ਜਿਆਦਤੀ ਕੀਤੀ ਤੇ ਨਾ ਹੀ ਪੱਖਪਾਤ ਵਾਲਾ ਰੋਲ ਨਿਭਾਇਆ।
ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਸਰਗਰਮ ਅਤੇ ਸੀਨੀਅਰ ਮੈਂਬਰ ਮਲਕੀਤ ਸਿੰਘ ਭੋਲਾ ਖੁਰਮੀ ਨੇ ਆਖਿਆ ਕਿ ਕੁਲਤਾਰ ਸਿੰਘ ਸੰਧਵਾਂ ਨੇ ਹਰ ਤਰ੍ਹਾਂ ਦੀ ਧੜੇਬੰਦੀ ਅਤੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਬਿਨਾਂ ਕਿਸੇ ਵਿਤਕਰੇਬਾਜੀ ਦੇ ਨਿਸ਼ਕਾਮ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ, ਜਿਸ ਦੀ ਪ੍ਰਸੰਸਾ ਹੋਣੀ ਸੁਭਾਵਿਕ ਹੈ। ਇਸ ਮੌਕੇ ਊਧਮ ਸਿੰਘ, ਪਰਮਜੀਤ ਸਿੰਘ ਮੱਕੜ, ਗੁਰਨਾਮ ਸਿੰਘ ਘੁਲਿਆਣੀ, ਅਮਰਜੀਤ ਸਿੰਘ ਘੁਲਿਆਣੀ, ਸੁਜਾਨ ਸਿੰਘ, ਤਰਸੇਮ ਮੌਂਗਾ, ਨਿਤਿਨ ਕੁਮਾਰ, ਓਮ ਪ੍ਰਕਾਸ਼, ਲਾਡੀ ਅਰਨੇਜਾ, ਗੁਰਿੰਦਰ ਸਿੰਘ, ਗਮਦੂਰ ਸਿੰਘ ਬਰਾੜ, ਗੈਰੀ ਵੜਿੰਗ, ਮਨੀ ਧਾਲੀਵਾਲ ਆਦਿ ਵੀ ਹਾਜਰ ਸਨ।