5 Dariya News

ਮੋਹਿੰਦਰ ਭਗਤ ਵੱਲੋਂ ਨਸ਼ਿਆਂ ਖਿਲਾਫ਼ ਜਾਗਰੂਕਤਾ ਵਾਹਨ ਰਵਾਨਾ

ਕਿਹਾ, ਪੰਜਾਬ ਸਰਕਾਰ ਵਲੋਂ ਸ਼ੁਰੂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਬਣੀ ਲੋਕ ਲਹਿਰ

5 Dariya News

ਜਲੰਧਰ 08-May-2026

ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਵੱਲੋਂ ਅੱਜ ਸਥਾਨਕ ਬਸਤੀ ਨੌ ਤੋਂ ਨਸ਼ਿਆਂ ਖਿਲਾਫ਼ ਜਾਗਰੂਕਤਾ ਵਾਹਨ ਨੂੰ ਰਵਾਨਾ ਕੀਤਾ ਗਿਆ।ਇਸ ਮੌਕੇ ਸੰਬੋਧਨ ਦੌਰਾਨ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਵੱਲੋਂ ਇਸ ਜਾਗਰੂਕਤਾ ਵਾਹਨ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਰਾਹੀਂ ਦੋ ਦਿਨ ਵਿਧਾਨ ਸਭਾ ਹਲਕਾ ਪੱਛਮੀ ਦੇ ਹਰ ਵਾਰਡ ਵਿੱਚ ਪਹੁੰਚ ਕਰਕੇ ਲੋਕਾਂ ਨੂੰ ਨਸ਼ਿਆਂ ਦੀ ਲਾਹਣਤ ਖਿਲਾਫ਼ ਲਾਮਬੰਦ ਕੀਤਾ ਜਾਵੇਗਾ। 

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਦ੍ਰਿੜ ਸੰਕਲਪ ਹੈ ਅਤੇ ਇਸੇ ਵਚਨਬੱਧਤਾ ਤਹਿਤ ਨਸ਼ੇ ਦੇ ਕਾਰੋਬਾਰੀਆਂ ਖਿਲਾਫ਼ ਵੱਡੇ ਪੱਧਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਜਿਥੇ ਵੱਡੀ ਗਿਣਤੀ ਨਸ਼ਾ ਤਸਕਰਾਂ ਨੂੰ ਜ਼ੇਲ੍ਹਾਂ ਦੀਆਂ ਸਲਾਖਾਂ ਪਿੱਛੇ ਭੇਜਿਆ ਹੈ, ਉਥੇ ਨਸ਼ੇ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਦੇ ਮੁੜ ਵਸੇਬੇ ਲਈ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਹਨ। 

ਸ਼੍ਰੀ ਭਗਤ ਨੇ ਕਿਹਾ ਕਿ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ਲੋਕਾਂ ਦੇ ਸਹਿਯੋਗ ਨਾਲ ਲੋਕ ਲਹਿਰ ਬਣ ਰਹੀ ਹੈ ਅਤੇ ਇਸ ਅਲਾਮਤ ਦੇ ਖਾਤਮੇ ਲਈ ਲੋਕ ਖੁਦ ਅੱਗੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ਾ ਇਕ ਸਮਾਜਿਕ ਬੁਰਾਈ ਹੈ, ਜਿਸ ਨੂੰ ਸਮਾਜ ਦੇ ਹਰੇਕ ਵਰਗ ਦੇ ਸਹਿਯੋਗ ਨਾਲ ਜੜ੍ਹੋਂ ਖ਼ਤਮ ਕੀਤਾ ਜਾਵੇਗਾ।

ਇਸ ਮੌਕੇ ਏ.ਸੀ.ਪੀ. ਜਲੰਧਰ ਵੈਸਟ ਆਤਿਸ਼ ਭਾਟੀਆ, ਨਾਇਬ ਤਹਿਸੀਲਦਾਰ ਗੁਰਸਿਮਰਨ ਸਿੰਘ, ਦੋਆਬਾ ਇੰਚਾਰਜ ਨਸ਼ਾ ਮੁਕਤੀ ਮੋਰਚਾ ਅਤੀਨ ਅਗਨੀਹੋਤਰੀ, ਸੰਜੀਵ ਭਗਤ, ਸੰਗਠਨ ਇੰਚਾਰਜ ਵੈਸਟ ਹਰਚਰਨ ਸਿੰਘ ਸੰਧੂ, ਕੌਂਸਲਰ ਹਰਜਿੰਦਰ ਲਾਡਾ, ਵਾਈਸ ਪ੍ਰਧਾਨ ਨਸ਼ਾ ਮੁਕਤੀ ਮੋਰਚਾ ਸ਼ੈਂਕੀ ਭਗਤ, ਚਾਹਤ ਕੌਰ, ਕੁਮ ਕੁਮ, ਨੀਰਜ ਸ਼ਰਮਾ, ਮੋਨੂੰ ਭਗਤ, ਕੁਲਦੀਪ ਭਗਤ, ਵਰੁਣ ਸੱਜਣ ਬਲਾਕ ਪ੍ਰਧਾਨ, ਜੈਰਥ ਕਾਕਾ ਅਤੇ ਇਲਾਕਾ ਵਾਸੀ ਵੀ ਮੌਜੂਦ ਸਨ।