ਸੁਨਾਮ ਨਗਰ ਕੌਂਸਲ ਚੋਣਾਂ ’ਚ “ਆਪ” ਉਮੀਦਵਾਰਾਂ ਖਿਲਾਫ ਵਿਰੋਧੀ ਪਾਰਟੀਆਂ ਨੂੰ ਨਹੀਂ ਲੱਭ ਰਹੇ ਉਮੀਦਵਾਰ
ਆਮ ਆਦਮੀ ਪਾਰਟੀ ਦੀ ਲੋਕਪ੍ਰਿਯਤਾ ਤੋਂ ਵਿਰੋਧੀ ਧਿਰਾਂ ਘਬਰਾਈਆਂ
5 Dariya News
ਸੁਨਾਮ 07-May-2026
ਸੁਨਾਮ ਨਗਰ ਕੌਂਸਲ ਦੀਆਂ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਇਸ ਦਰਮਿਆਨ ਇਹ ਗੱਲ ਚਰਚਾ ਦਾ ਕੇਂਦਰ ਬਣੀ ਹੋਈ ਹੈ ਕਿ “ਆਮ ਆਦਮੀ ਪਾਰਟੀ” (ਆਪ) ਦੀ ਲੋਕਪ੍ਰਿਯਤਾ ਅਤੇ ਸਰਕਾਰ ਦੀ ਕਾਰਗੁਜ਼ਾਰੀ ਤੋਂ ਘਬਰਾਈਆਂ ਵਿਰੋਧੀ ਧਿਰਾਂ ਨੂੰ ਚੋਣਾਂ ਵਿੱਚ ਖੜ੍ਹੇ ਕਰਨ ਲਈ ਉਮੀਦਵਾਰ ਨਹੀਂ ਲੱਭ ਰਹੇ ਅਤੇ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਕੇ “ਆਪ” ਉਮੀਦਵਾਰਾਂ ਦੇ ਖਿਲਾਫ ਉਮੀਦਵਾਰ ਮੈਦਾਨ ਵਿੱਚ ਉਤਾਰਨ ਲਈ ਯਤਨ ਕਰ ਰਹੀਆਂ ਹਨ।
ਰਾਜਨੀਤਿਕ ਹਲਕਿਆਂ ਵਿੱਚ ਇਹ ਵੀ ਚਰਚਾ ਹੈ ਕਿ ਵਿਰੋਧੀ ਧਿਰਾਂ ਦੀ ਹਾਲਤ ਇੰਨੀ ਪਤਲੀ ਹੋ ਚੁੱਕੀ ਹੈ ਕਿ ਉਨ੍ਹਾਂ ਨੂੰ ਆਪਣੇ ਪਾਰਟੀ ਚੋਣ ਨਿਸ਼ਾਨ ’ਤੇ ਲੜਨ ਲਈ ਢੰਗ ਦੇ ਉਮੀਦਵਾਰ ਵੀ ਨਹੀਂ ਮਿਲ ਰਹੇ। ਕਾਂਗਰਸ, ਭਾਜਪਾ, ਅਕਾਲੀ ਦਲ ਅਤੇ ਹੋਰ ਸਥਾਨਕ ਧਿਰਾਂ ਕਈ ਵਾਰਡਾਂ ਵਿੱਚ ਮਿਲ ਕੇ ਉਮੀਦਵਾਰ ਖੜ੍ਹੇ ਕਰਨ ਲਈ ਗੰਢਤੁਪ ਕਰ ਰਹੀਆਂ ਹਨ। ਵਿਰੋਧੀ ਪਾਰਟੀਆਂ ਦੇ ਕਈ ਆਗੂ ਤਾਂ ਚਲਦੀ ਪ੍ਰੈਸ ਕਾਨਫਰੰਸ ਵਿੱਚ ਆਪਣੇ ਸੀਨੀਅਰ ਆਗੂਆਂ ਦੇ ਸਾਹਮਣੇ ਅਜ਼ਾਦ ਖੜ੍ਹੇ ਹੋਣ ਦੇ ਐਲਾਨ ਕਰ ਰਹੇ ਹਨ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਵਿਰੋਧੀ ਧਿਰਾਂ ਦੀ ਤਰਸਯੋਗ ਸਿਆਸੀ ਹਾਲਤ ਨੂੰ ਦਰਸਾਉਂਦਾ ਹੈ। ਲੋਕਾਂ ਮੁਤਾਬਕ ਇਹ ਪਾਰਟੀਆਂ ਆਪਣੀਆਂ ਜਮਾਨਤਾਂ ਜ਼ਬਤ ਹੁੰਦੀਆਂ ਦੇਖ ਕੇ ਇੰਨੀਆਂ ਘਬਰਾਈਆਂ ਹੋਈਆਂ ਹਨ ਕਿ ਹੁਣ ਉਹ ਬਿਨਾਂ ਆਪਣੇ ਚੋਣ ਨਿਸ਼ਾਨ ਤੋਂ ਚੋਣ ਲੜਨ ਲਈ ਵੀ ਤਿਆਰ ਹੋ ਗਈਆਂ ਹਨ।
ਲੋਕਾਂ ਵਿੱਚ ਚਰਚਾ ਹੈ ਕਿ ਜਿਹੜੀਆਂ ਪਾਰਟੀਆਂ ਨਗਰ ਕੌਂਸਲ ਚੋਣਾਂ ਵਿੱਚ ਆਪਣੇ ਨਿਸ਼ਾਨ ’ਤੇ ਉਮੀਦਵਾਰ ਖੜ੍ਹੇ ਕਰਨ ਦੀ ਸਥਿਤੀ ਵਿੱਚ ਨਹੀਂ ਹਨ, ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਦਾ ਸਾਹਮਣਾ ਕਿਵੇਂ ਕਰਨਗੀਆਂ। ਚਰਚਾ ਹੈ ਕਿ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ, ਪਾਰਦਰਸ਼ੀ ਪ੍ਰਸ਼ਾਸਨ ਅਤੇ ਲੋਕ-ਹਿਤੈਸ਼ੀ ਫ਼ੈਸਲਿਆਂ ਕਰਕੇ ਲੋਕਾਂ ਦਾ ਭਰੋਸਾ ਲਗਾਤਾਰ ਉਹਨਾਂ ਅਤੇ ਪਾਰਟੀ ਵੱਲ ਵੱਧ ਰਿਹਾ ਹੈ।
ਹੁਣ ਲਗਦਾ ਇਹ ਹੈ ਕਿ ਸੁਨਾਮ ਦੇ ਲੋਕ ਵਿਕਾਸ ਅਤੇ ਇਮਾਨਦਾਰ ਰਾਜਨੀਤੀ ਨੂੰ ਸਮਰਥਨ ਦੇਣਗੇ ਅਤੇ ਚੋਣਾਂ ਵਿੱਚ “ਆਪ” ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ। ਇਸ ਤਰ੍ਹਾਂ ਵਿਰੋਧੀ ਧਿਰਾਂ ਦੀ ਚੋਣ ਰਣਨੀਤੀ ਅਤੇ “ਆਪ” ਪ੍ਰਤੀ ਵਧਦੇ ਲੋਕ ਸਮਰਥਨ ਨੇ ਸੁਨਾਮ ਨਗਰ ਕੌਂਸਲ ਚੋਣਾਂ ਨੂੰ ਹੋਰ ਵੀ ਦਿਲਚਸਪ ਅਤੇ ਚਰਚਿਤ ਬਣਾ ਦਿੱਤਾ ਹੈ।