5 Dariya News

ਸ੍ਰੀ ਅਨੰਦਪੁਰ ਸਾਹਿਬ ਤੇ ਸ੍ਰੀ ਨੈਣਾ ਦੇਵੀ ਦਰਮਿਆਨ ਰੋਪਵੇਅ ਪ੍ਰਾਜੈਕਟ ਮੀਲਪੱਥਰ: ਬਾਦਲ

ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀਆਂ ਦੀ ਮੌਜੂਦਗੀ ਵਿੱਚ ਸਮਝੌਤਾ ਸਹੀਬੰਦ

5 ਦਰਿਆ ਨਿਊਜ਼

ਸ਼ਿਮਲਾ 26-Jul-2012

ਖੇਤਰ 'ਚ ਧਾਰਮਿਕ ਸੈਰ ਸਪਾਟੇ ਨੂੰ ਹੋਰ ਵਧੇਰੇ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਅੱਜ ਇੱਥੇ ਹੋਟਲ ਪੀਟਰਹੌਫ ਵਿਖੇ ਪੰਜਾਬ ਦੇ ਮੁੱਖ ਮੰਤਰੀ  ਪਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਹਮਰੁਤਬਾ ਪ੍ਰੋ. ਪ੍ਰੇਮ ਕੁਮਾਰ ਧੂਮਲ ਦੀ ਮੌਜੂਦਗੀ ਵਿੱਚ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਨੈਣਾ ਦੇਵੀ ਦਰਮਿਆਨ 85 ਕਰੋੜ ਰੁਪਏ ਦੀ ਲਾਗਤ ਨਾਲ ਜਨਤਕ ਨਿੱਜੀ ਭਾਈਵਾਲੀ (ਪੀ.ਪੀ.ਪੀ.) ਵਿਧੀ ਰਾਹੀਂ ਰੋਪਵੇਅ ਪ੍ਰਾਜੈਕਟ ਦੀ ਸਥਾਪਨਾ ਕਰਨ ਲਈ ਇਕ ਸਮਝੌਤਾ ਸਹੀਬੰਦ ਕੀਤਾ ਗਿਆ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਅੰਤਰ-ਰਾਜੀ ਬੁਨਿਆਦੀ ਢਾਂਚਾ ਵਿਕਾਸ ਪ੍ਰਾਜੈਕਟਾਂ ਨੂੰ ਵਿਕਸਤ ਕਰਨ ਦੇ ਇਸ ਅਹਿਮ ਉਪਰਾਲੇ ਨਾਲ ਤੀਰਥ ਯਾਤਰੂਆਂ ਨੂੰ ਬਿਹਤਰ ਸਹੂਲਤ ਮੁਹੱਈਆ ਕਰਵਾਉਣ ਅਤੇ ਗੁਆਂਢੀ ਰਾਜਾਂ ਵਿੱਚ ਧਾਰਮਿਕ ਸੈਰ ਸਪਾਟੇ ਨੂੰ ਹੋਰ ਵਧੇਰੇ ਉਤਸ਼ਾਹਿਤ ਕਰਨ ਦੇ ਮੰਤਵ ਦੀ ਪੂਰਤੀ ਲਈ ਇਹ ਇਤਿਹਾਸਕ ਇਕਰਾਰਨਾਮਾ ਪੰਜਾਬ ਦੇ ਸੈਰ ਸਪਾਟਾ ਵਿਭਾਗ ਦੇ ਡਾਇਰੈਕਟਰ ਡਾ. ਕਰਮਜੀਤ ਸਿੰਘ ਸਰਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਉਨ੍ਹਾਂ ਦੇ ਹਮਰੁਤਬਾ ਡਾ. ਅਰੁਨ ਸ਼ਰਮਾ ਨੇ ਦੋਵਾਂ ਸਰਕਾਰਾਂ ਵੱਲੋਂ ਇਸ ਇਕਰਾਰਨਾਮੇ 'ਤੇ ਸਹੀ ਪਾਈ। ਇਸ ਮੌਕੇ ਇਕ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਬਾਦਲ ਨੇ ਆਖਿਆ ਕਿ ਅੱਜ ਦੇ ਇਤਿਹਾਸਕ ਦਿਨ ਨੂੰ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਇਤਿਹਾਸ ਵਿੱਚ ਸੁਨਿਹਰੀ ਅੱਖਰਾਂ ਨਾਲ ਲਿਖਿਆ ਜਾਵੇਗਾ ਕਿਉਂ ਜੋ ਇਹ ਅੰਤਰ-ਰਾਜੀ ਇਕਰਾਰਨਾਮਾ ਦੋਵਾਂ ਸੂਬਿਆਂ ਦੇ ਵਸਨੀਕਾਂ ਦੀ ਬਿਹਤਰੀ ਲਈ ਲੋੜੀਂਦੇ ਬੁਨਿਆਦੀ ਢਾਂਚੇ ਨੂੰ ਹੋਰ ਵਿਕਸਤ ਕਰਨ ਲਈ ਇਕ ਮੀਲਪੱਥਰ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਉਸਾਰਨ ਅਤੇ ਬੋਲੀ ਪ੍ਰਕ੍ਰਿਆ ਲਈ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀ.ਆਈ.ਡੀ.ਬੀ.) ਦੋਵੇਂ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਨੋਡਲ ਏਜੰਸੀ ਵਜੋਂ ਕੰਮ ਕਰੇਗਾ ਅਤੇ ਸੁਮੱਚਾ ਪ੍ਰਾਜੈਕਟ ਅਗਲੇ ਤਿੰਨ ਸਾਲਾਂ ਵਿੱਚ ਮੁਕੰਮਲ ਕੀਤਾ ਜਾਵੇਗਾ।  

ਬਾਦਲ ਨੇ ਕਿਹਾ ਕਿ ਇਸ ਵੇਲੇ ਦੋਵੇਂ ਮਹੱਤਵਪੂਰਨ ਧਾਰਮਿਕ ਅਸਥਾਨਾਂ ਦਰਮਿਆਨ ਸੜਕੀ ਰਸਤੇ 'ਤੇ ਕਾਰਾਂ ਤੇ ਬੱਸਾਂ ਕਾਰਨ ਖਾਸ ਕਰਕੇ ਜਨਤਕ ਛੁੱਟੀਆਂ ਅਤੇ ਤਿਉਹਾਰਾਂ ਦੀ ਰੁੱਤ ਮੌਕੇ  ਅਕਸਰ ਟਰੈਫਿਕ ਪਾਰਕਿੰਗ ਦੀ ਬਹੁਤ ਵੱਡੀ ਸਮੱਸਿਆ ਪੈਦਾ ਹੋ ਜਾਂਦੀ ਹੈ। ਇਸ ਵੇਲੇ ਸ਼ਰਧਾਲੂਆਂ ਨੂੰ ਨੈਣਾ ਦੇਵੀ ਦਾ ਮੰਦਰ ਜੋ ਪਹਾੜੀ ਦੀ ਚੋਟੀ 'ਤੇ ਹੈ, ਦੇ ਦਰਸ਼ਨਾਂ ਲਈ ਦੋ ਕਿਲੋਮੀਟਰ ਦਾ ਔਖਾ ਪੈਂਡਾ ਪੈਦਲ ਤਹਿ ਕਰਨਾ ਪੈਂਦਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸ੍ਰੀ ਨੈਣਾ ਦੇਵੀ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਰੋਪਵੇਅ ਨਾਲ ਜੁੜ ਜਾਣ 'ਤੇ ਸ਼ਰਧਾਲੂਆਂ ਨੂੰ ਆਰਥਿਕ ਤੌਰ 'ਤੇ ਲਾਭ ਹੋਣ ਦੇ ਨਾਲ ਨਾਲ ਆਰਾਮਦਾਇਕ, ਛੇਤੀ ਅਤੇ ਸੁਰੱਖਿਅਤ ਸਫਰ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾ ਸਕੇਗੀ। ਇਸ ਨਾਲ ਜਿੱਥੇ ਸੜਕਾਂ ਤੇ ਪਾਰਕਿੰਗ ਵਾਲੀਆਂ ਥਾਵਾਂ 'ਤੇ ਵਾਹਨਾਂ ਦੀ ਭੀੜ ਘੇਟਗੀ, ਉਥੇ ਵਾਹਨਾਂ ਨਾਲ ਪੈਦਾ ਹੁੰਦਾ ਪ੍ਰਦੂਸ਼ਣ ਵੀ ਘਟੇਗਾ। ਇਕ ਅਦਾਜ਼ੇ ਮੁਤਾਬਕ ਸ੍ਰੀ ਨੈਣਾ ਦੇਵੀ ਵਿਖੇ ਹਰ ਸਾਲ 70 ਲੱਖ ਸ਼ਰਧਾਲੂ ਦਰਸ਼ਨਾਂ ਲਈ ਆਉਂਦੇ ਹਨ ਜਿਸ ਵਿੱਚੋਂ 90 ਫੀਸਦੀ ਸ਼ਰਧਾਲੂ ਵਾਇਆ ਸ੍ਰੀ ਅਨੰਦਪੁਰ ਸਾਹਿਬ ਹੋ ਕੇ ਆਉਂਦੇ ਹਨ।  ਬਾਦਲ ਨੇ ਕਿਹਾ,''ਸ੍ਰੀ ਅਨੰਦਪੁਰ ਸਾਹਿਬ ਤੇ ਨੈਣਾ ਦੇਵੀ ਵਿਚਾਲੇ ਇਹ ਰੋਪਵੇਅ ਪ੍ਰਾਜੈਕਟ ਮਹਿਜ਼ ਦੋਵਾਂ ਅਸਥਾਨਾਂ ਨੂੰ ਜੋੜਨ ਤੱਕ ਹੀ ਸੀਮਤ ਨਹੀਂ ਹੈ ਸਗੋਂ ਦੋਵੇਂ ਸੂਬਾਈ ਸਰਕਾਰਾਂ ਵੱਲੋਂ ਖੇਤਰ ਵਿੱਚ ਆਪਸੀ ਇਕਸੁਰਤਾ ਤੇ ਸਦਭਾਵਨਾ ਨੂੰ ਹੋਰ ਵਧੇਰੇ ਮਜ਼ਬੂਤ ਕਰਨ ਵੱਲ ਵੀ ਉਸਾਰੂ ਪਹਿਲਕਦਮੀ ਹੈ। 

ਉਨ੍ਹਾਂ ਨਾਲ ਹੀ ਕਿਹਾ ਕਿ ਪੰਜਾਬ ਦੇ ਆਪਣੇ ਗੁਆਂਢੀ ਹਿਮਾਚਲ ਪ੍ਰਦੇਸ਼ ਨਾਲ ਸਭਿਆਚਾਰਕ ਸਾਂਝ ਸਦਕਾ ਲੰਮੇ ਅਰਸੇ ਤੋਂ ਸੁਖਾਵੇਂ ਸਬੰਧ ਬਣੇ ਹੋਏ ਹਨ ਅਤੇ ਇਹ ਰਿਸ਼ਤਾ ਰੂਹ ਤੇ ਜਿਸਮ ਦਾ ਸੁਮੇਲ ਵਾਂਗ ਹੈ।ਇਹ ਜ਼ਿਕਰਯੋਗ ਹੈ ਕਿ  3.75 ਕਿਲੋਮੀਟਰ ਰੋਪਵੇਅ ਅੰਤਰਰਾਸ਼ਟਰੀ ਮਿਆਰਾਂ ਅਨੁਸਾਰ ਬਣਾਇਆ ਜਾਵੇਗਾ। ਤਜਵੀਜ਼ਤ ਰੋਪਵੇਅ ਦੇ ਤਿੰਨ ਟਰਮੀਨਲ ਹੋਣਗੇ ਜਿਨ੍ਹਾਂ ਵਿੱਚ ਹੇਠਲਾ ਪੰਜਾਬ ਦੇ ਪਿੰਡ ਰਾਮਪੁਰ ਵਿਖੇ  ਸਥਾਪਤ ਹੋਵੇਗਾ ਜਦਕਿ ਵਿਚਕਾਰਲਾ ਹਿਮਾਚਲ ਪ੍ਰਦੇਸ਼ ਦੇ ਪਿੰਡ ਟੋਬਾ ਅਤੇ ਉਪਰਲਾ ਟਰਮੀਨਲ ਨੈਣਾ ਦੇਵੀ ਵਿੱਚ ਕਾਇਮ ਕੀਤਾ ਜਾਵੇਗਾ। ਰੋਪਵੇਅ ਦੀ ਸਮਰੱਥਾ ਇਕ ਘੰਟੇ ਵਿੱਚ ਘੱਟੋ-ਘੱਟ 800 ਵਿਅਕਤੀਆਂ ਨੂੰ ਇਕ ਦਿਸ਼ਾ ਵੱਲ ਲਿਜਾਣ ਦੀ ਹੈ। ਪੰਜਾਬ ਸਰਕਾਰ ਤੇ ਹਿਮਾਚਲ ਪ੍ਰਦੇਸ਼ ਦੀਆਂ ਸਰਕਾਰਾਂ ਵੱਲੋਂ ਕੀਤੇ ਗਏ ਫੈਸਲੇ ਮੁਤਾਬਕ ਇਸ ਕਾਰਜ ਲਈ ਇਕ ਸਾਂਝਾ ਉੱਦਮ ਕਰਕੇ ਸ੍ਰੀ ਨੈਣਾ ਦੇਵੀ ਅਤੇ ਸ੍ਰੀ ਅਨੰਦਪੁਰ ਸਾਹਿਬ ਰੋਪਵੇਅ ਪ੍ਰਾਈਵੇਟ ਲਿਮਟਡ ਦੇ ਨਾਂ 'ਤੇ ਇਕ ਸਪੈਸ਼ਲ ਪਰਪਜ਼ ਵਹੀਕਲ ਬਣਾਇਆ ਜਾਵੇਗਾ ਜੋ ਕਨਸੈਸ਼ਨਿੰਗ ਅਥਾਰਟੀ ਵਜੋਂ ਕੰਮ ਕਰੇਗੀ। ਇਸ ਪ੍ਰਾਜੈਕਟ ਨੂੰ ਡਿਜ਼ਾਇਨ, ਬਿਲਡ, ਫਾਇਨਾਂਸ, ਓਪਰੇਟ ਅਤੇ ਟ੍ਰਾਂਸਫਰ(ਡੀ.ਬੀ.ਐਫ.ਓ.ਟੀ.) ਵਿਧੀ ਦੇ ਆਧਾਰ 'ਤੇ ਬਣਾਉਣ ਲਈ ਪਾਰਦਰਸ਼ੀ ਢੰਗ ਨਾਲ ਨਿਲਾਮੀ ਪ੍ਰਕ੍ਰਿਆ ਅਪਣਾ ਕੇ ਇਕ ਪ੍ਰਾਈਵੇਟ ਹਿੱਸੇਦਾਰ ਦੀਆਂ ਸੇਵਾਵਾਂ ਲਾਈਆਂ ਜਾਣਗੀਆਂ। ਰਿਆਇਤੀ ਫੀਸ ਦੋਵੇਂ ਸਰਕਾਰਾਂ ਉਨ੍ਹਾਂ ਵੱਲੋਂ ਕੀਤੇ ਮੁਢਲੇ ਖਰਚਿਆਂ ਦੀ ਕਟੌਤੀ ਤੋਂ ਬਾਅਦ ਬਰਾਬਰ ਅਨੁਪਾਤ ਨਾਲ ਵੰਡ ਲੈਣਗੀਆਂ। ਪ੍ਰਾਈਵੇਟ ਕੰਪਨੀ ਵੱਲੋਂ ਰੋਪਵੇਅ ਦੀ 40 ਸਾਲਾਂ ਦੇ ਸਮੇਂ ਦੌਰਾਨ ਉਸਾਰੀ, ਅਪਰੇਟ ਤੇ ਸਾਂਭ-ਸੰਭਾਲ ਕੀਤੀ ਜਾਵੇਗੀ ਅਤੇ ਉਸ ਮਗਰੋਂ ਇਸ ਪ੍ਰਾਜੈਕਟ ਨੂੰ ਕਨਸੈਸ਼ਨਿੰਗ ਅਥਾਰਟੀ ਦੇ ਸਪੁਰਦ ਕੀਤਾ ਜਾਵੇਗਾ। ਪ੍ਰਾਜੈਕਟ  ਵਿੱਚ ਟਰਮੀਨਲ ਰੋਪਵੇਅ ਤੇ ਹੋਰ ਸਹੂਲਤਾਂ, ਹੇਠਲੇ ਟਰਮੀਨਲ 'ਤੇ ਪਾਰਕਿੰਗ ਸਹੂਲਤ, ਹੇਠਲੇ ਤੇ ਉਪਰਲੇ ਟਰਮੀਨਲ 'ਤੇ ਆਰਾਮ ਕਮਰਾ, ਕਲਾਕ ਰੂਮ ਅਤੇ ਕਮਰਸ਼ੀਅਲ ਏਰੀਆ ਸ਼ਾਮਲ ਹੋਵੇਗਾ। 

ਪੱਤਰਕਾਰਾਂ ਵੱਲੋਂ ਹਿਮਾਚਲ ਪ੍ਰਦੇਸ਼ ਦੇ ਸਬਜ਼ੀਆਂ ਤੇ ਫਲਾਂ ਦੇ ਉਤਪਾਦਕਾਂ ਨੂੰ ਪੰਜਾਬ ਵਿੱਚ ਸਿੱਧੇ ਤੌਰ 'ਤੇ ਆਪਣੀ ਜਿਣਸ ਦੀ ਵਿਕਰੀ ਲਈ ਚਿਰਾਂ ਤੋਂ ਲੋੜੀਂਦੀਆਂ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਉਣ ਸਬੰਧੀ ਕੀਤੇ ਗਏ ਇਕ ਸਵਾਲ ਦਾ ਜਵਾਬ ਦਿੰਦਿਆਂ  ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਹਿਮਾਚਲ ਪ੍ਰਦੇਸ਼ ਦੇ ਉਤਪਾਦਕਾਂ ਨੂੰ ਅਜਿਹੀ ਕਿਸੇ ਕਿਸਮ ਦੀ ਸਹਾਇਤਾ ਜਿਸ ਵਿੱਚ ਮੰਡੀਆਂ ਵਿੱਚ ਉਨ੍ਹਾਂ ਲਈ ਲੋੜੀਂਦਾ ਬੁਨਿਆਦੀ ਢਾਂਚਾ ਆਦਿ ਸ਼ਾਮਲ ਹੈ, ਨੂੰ ਦਿਵਾਉਣ ਲਈ ਤਤਪਰ ਹੈ।ਬਾਦਲ ਨੇ ਇਸ ਸਬੰਧ ਵਿੱਚ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਵਿਆਪਕ ਤਜਵੀਜ਼ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਭੇਜਣ ਲਈ ਆਖਿਆ। ਇਸ ਤੋਂ ਪਹਿਲਾਂ  ਬਾਦਲ ਦਾ ਹਾਰਦਿਕ ਸਵਾਗਤ ਕਰਦਿਆਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪ੍ਰੋ. ਧੂਮਲ ਨੇ ਉਨ੍ਹਾਂ ਨੂੰ ਦੇਸ਼ ਦੇ ਸਭ ਤੋਂ ਵੱਧ ਸਤਿਕਾਰਤ ਤੇ ਲੰਮੇ ਕੱਦ-ਬੁੱਤ ਵਾਲੇ ਸਿਆਸਤਦਾਨ ਬਿਆਨਦਿਆਂ ਇਸ ਇਤਿਹਾਸਕ ਘੜੀ ਆਪਣੇ ਅਤਿ ਜ਼ਰੂਰੀ ਰੁਝੇਵਿਆਂ ਵਿੱਚੋਂ ਕੁਝ ਸਮਾਂ ਕੱਢ ਕੇ ਆਉਣ ਲਈ ਧੰਨਵਾਦ ਕੀਤਾ। ਇਸ ਮੌਕੇ ਹਾਜ਼ਰ ਪ੍ਰਮੁੱਖ ਵਿਅਕਤੀਆਂ ਵਿੱਚ ਪੰਜਾਬ ਦੇ ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ  ਸਰਵਣ ਸਿੰਘ ਫਿਲੌਰ, ਹਿਮਚਾਲ ਪ੍ਰਦੇਸ਼ ਦੇ ਸਿੰਜਾਈ ਤੇ ਜਨ ਸਿਹਤ ਮੰਤਰੀ  ਰਵਿੰਦਰ ਸਿੰਘ ਰਵੀ, ਪੰਜਾਬ ਦੇ ਮੁੱਖ ਸਕੱਤਰ  ਰਾਕੇਸ਼ ਸਿੰਘ, ਹਿਮਾਚਲ ਪ੍ਰਦੇਸ਼ ਦੇ ਮੁੱਖ ਸਕੱਤਰ  ਸੁਦਰਿਪਤਾ ਰਾਏ, ਪ੍ਰਮੁੱਖ ਸਕੱਤਰ ਸੈਰ ਸਪਾਟਾ ਪੰਜਾਬ ਗੀਤਿਕਾ ਕੱਲ੍ਹਾ, ਮੈਨੇਜਿੰਗ ਡਾਇਰੈਕਟਰ ਪੀ.ਆਈ.ਡੀ.ਬੀ.  ਅਨੁਰਾਗ ਅਗਰਵਾਲ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ  ਕੇ.ਜੇ.ਐਸ. ਚੀਮਾ, ਪੰਜਾਬ ਦੇ ਡਾਇਰੈਕਟਰ ਸੈਰ ਸਪਾਟਾ ਡਾ. ਕਰਮਜੀਤ ਸਿੰਘ ਸਰਾ, ਹਿਮਾਚਲ ਪ੍ਰਦੇਸ਼ ਦੇ ਡਾਇਰੈਕਟਰ ਸੈਰ ਸਪਾਟਾ ਡਾ. ਅਰੁਨ ਸ਼ਰਮਾ, ਜਨਰਲ ਮੈਨੇਜਰ ਪ੍ਰਾਜੈਕਟ ਪੀ.ਆਈ.ਡੀ.ਬੀ.  ਜੀ.ਐਸ. ਬੱਲ ਅਤੇ ਪੰਜਾਬ ਹੈਰੀਟੇਜ਼ ਤੇ ਟੂਰਿਜ਼ਮ ਪ੍ਰਮੋਸ਼ਨ ਬੋਰਡ ਦੇ ਵਧੀਕ ਡਾਇਰੈਕਰ  ਚਰਚਿਲ ਕੁਮਾਰ ਸ਼ਾਮਲ ਸਨ।