ਧੂਰੀ ਦੇ ਸਬ-ਡਵੀਜ਼ਨਲ ਹਸਪਤਾਲ ਦਾ ਓ.ਐਸ.ਡੀ. ਸੁਖਵੀਰ ਸਿੰਘ ਵੱਲੋਂ ਦੌਰਾ
ਮਰੀਜ਼ਾਂ ਨਾਲ ਗੱਲਬਾਤ ਕਰਕੇ ਸਿਹਤ ਸਹੂਲਤਾਂ ਬਾਰੇ ਲਿਆ ਫੀਡਬੈਕ
5 Dariya News
ਧੂਰੀ 05-May-2026
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਉੱਚ ਪੱਧਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਤਹਿਤ ਓ.ਐਸ.ਡੀ. ਸੁਖਵੀਰ ਸਿੰਘ ਵੱਲੋਂ ਅੱਜ ਧੂਰੀ ਸ਼ਹਿਰ ਵਿੱਚ ਨਵੇਂ ਬਣੇ ਸਬ-ਡਵੀਜ਼ਨਲ ਹਸਪਤਾਲ ਦਾ ਦੌਰਾ ਕੀਤਾ ਗਿਆ। ਦੌਰੇ ਦੌਰਾਨ ਓ.ਐਸ.ਡੀ. ਸੁਖਵੀਰ ਸਿੰਘ ਨੇ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਬਾਰੇ ਫੀਡਬੈਕ ਹਾਸਲ ਕੀਤਾ।
ਉਨ੍ਹਾਂ ਨੇ ਡਾਕਟਰਾਂ ਅਤੇ ਸਟਾਫ਼ ਨਾਲ ਵੀ ਮੁਲਾਕਾਤ ਕਰਕੇ ਹਸਪਤਾਲ ਵਿੱਚ ਚੱਲ ਰਹੀਆਂ ਸੇਵਾਵਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸਿਹਤ ਅਤੇ ਸਿੱਖਿਆ ਖੇਤਰ ਪੰਜਾਬ ਸਰਕਾਰ ਦੀਆਂ ਸਭ ਤੋਂ ਪਹਿਲੀਆਂ ਤਰਜੀਹਾਂ ਵਿੱਚ ਸ਼ਾਮਲ ਹਨ ਅਤੇ ਲੋਕਾਂ ਨੂੰ ਮਿਆਰੀ ਸੇਵਾਵਾਂ ਪ੍ਰਦਾਨ ਕਰਨ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ।
ਉਨ੍ਹਾਂ ਨੇ ਕਿਹਾ ਕਿ ਹਸਪਤਾਲਾਂ ਵਿੱਚ ਆਧੁਨਿਕ ਸਹੂਲਤਾਂ ਨੂੰ ਵਧਾਇਆ ਜਾ ਰਿਹਾ ਹੈ ਤਾਂ ਜੋ ਮਰੀਜ਼ਾਂ ਨੂੰ ਇਲਾਜ ਲਈ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਓ.ਐਸ.ਡੀ. ਸੁਖਵੀਰ ਸਿੰਘ ਨੇ ਹਸਪਤਾਲ ਵਿੱਚ ਸਰਬ ਭਾਰਤੀ ਸੇਵਾ ਸੰਮਤੀ ਵੱਲੋਂ ਚਲਾਏ ਜਾ ਰਹੇ ਲੰਗਰ ਦੀ ਵੀ ਸਰਾਹਨਾ ਕੀਤੀ ਅਤੇ ਕਿਹਾ ਕਿ ਇਹ ਸੇਵਾ ਮਨੁੱਖਤਾ ਦੀ ਸੱਚੀ ਮਿਸਾਲ ਹੈ, ਜੋ ਮਰੀਜ਼ਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਲਈ ਵੱਡੀ ਰਾਹਤ ਹੈ।
ਇਸ ਮੌਕੇ ਵਕਫ਼ ਬੋਰਡ ਦੇ ਮੈਂਬਰ ਡਾ. ਅਨਵਰ ਭਸੌੜ, ਪੁਸ਼ਪਿੰਦਰ ਸ਼ਰਮਾ, ਨਾਰੇਸ਼ ਸਿੰਗਲਾ, ਰਣਜੋਧ ਸਿੰਘ, ਪ੍ਰਧਾਨ ਰਾਕੇਸ਼ ਕੁਮਾਰ ਗਰਗ, ਪਿਆਰਾ ਚੰਦ, ਕਮਲਜੀਤ ਸਿੰਘ, ਸੁਖਵਿੰਦਰ ਕਾਂਝਲਾ, ਹਰਪ੍ਰੀਤ ਸਿੰਘ ਢਿੱਲੋਂ, ਸ਼ਿਵ ਕੁਮਾਰ ਅਤੇ ਐਡਵੋਕੇਟ ਹੈਪੀ ਗਰਗ ਸਮੇਤ ਹੋਰ ਹਾਜ਼ਰ ਸਨ।