5 Dariya News

ਲਾਭ ਸਿੰਘ ਉੱਗੋਕੇ ਵੱਲੋਂ ਪਿੰਡ ਭੈਣੀ ਫੱਤਾ ਅਤੇ ਸੁਖਪੁਰਾ ਮੌੜ ਵਿਚ 1 ਕਰੋੜ ਦੀ ਲਾਗਤ ਵਾਲੇ ਖੇਡ ਮੈਦਾਨਾਂ ਦਾ ਉਦਘਾਟਨ

ਮਾਨ ਸਰਕਾਰ ਵਲੋਂ ਖੇਡ ਸੱਭਿਆਚਾਰ ਮੁੜ ਸੁਰਜੀਤ ਕਰਨ ਲਈ ਉਪਰਾਲੇ ਜਾਰੀ: ਵਿਧਾਇਕ ਉੱਗੋਕੇ

5 Dariya News

ਬਰਨਾਲਾ/ਤਪਾ/ਭਦੌੜ 04-May-2026

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਉਪਰਾਲਿਆਂ ਤਹਿਤ ਅੱਜ ਹਲਕਾ ਭਦੌੜ ਦੇ ਵਿਧਾਇਕ ਸ. ਲਾਭ ਸਿੰਘ ਉੱਗੋਕੇ ਵਲੋਂ ਪਿੰਡ ਭੈਣੀ ਫੱਤਾ ਅਤੇ ਸੁਖਪੁਰਾ ਮੌੜ ਵਿਚ ਖੇਡ ਮੈਦਾਨਾਂ ਦੇ ਉਦਘਾਟਨ ਕੀਤੇ ਗਏ। ਇਸ ਮੌਕੇ ਸੰਬੋਧਨ ਕਰਦੇ ਹੋਏ ਉਹਨਾਂ ਕਿਹਾ ਕਿ ਪਿੰਡ ਸੁਖਪੁਰਾ ਮੌੜ ਵਿਚ ਖੇਡ ਮੈਦਾਨ 65 ਲੱਖ ਦੀ ਲਾਗਤ ਨਾਲ ਅਤੇ ਭੈਣੀ ਫੱਤਾ ਦਾ ਖੇਡ ਮੈਦਾਨ 36.39 ਲੱਖ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ।

ਇਸ ਮੌਕੇ ਉਹਨਾਂ ਪਿੰਡ ਭੈਣੀ ਫੱਤਾ ਅਤੇ ਸੁਖਪੁਰਾ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ। ਉਹਨਾਂ ਦੱਸਿਆ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਮੁਹਾਲੀ ਤੋਂ ਪੂਰੇ ਪੰਜਾਬ ਵਿੱਚ ਪਹਿਲੇ ਪੜਾਅ ਦੇ 250 ਖੇਡ ਮੈਦਾਨਾਂ ਦਾ ਵਰਚੁਅਲ ਉਦਘਾਟਨ ਕੀਤਾ ਗਿਆ ਹੈ। ਇਸੇ ਲੜੀ ਤਹਿਤ ਅੱਜ ਬਰਨਾਲਾ ਜ਼ਿਲ੍ਹੇ ਵਿੱਚ 3 ਅਤੇ ਹਲਕਾ ਭਦੌੜ ਵਿੱਚ 2 (ਭੈਣੀ ਫੱਤਾ ਅਤੇ ਸੁਖਪੁਰਾ) ਸਟੇਡੀਅਮਾਂ ਦਾ ਉਦਘਾਟਨ ਕੀਤਾ ਗਿਆ ਹੈ।

ਓਹਨਾਂ ਕਿਹਾ ਕਿ ਇਨ੍ਹਾਂ ਖੇਡ ਮੈਦਾਨਾਂ ਵਿੱਚ ਫੁੱਟਬਾਲ, ਵਾਲੀਬਾਲ ਗਰਾਊਂਡ, ਬੱਚਿਆਂ ਲਈ ਝੂਲੇ, ਰਾਤ ਸਮੇਂ ਖੇਡਣ ਲਈ 40-40 ਫੁੱਟ ਉੱਚੀਆਂ ਫਲੱਡ ਲਾਈਟਾਂ, ਗਰਾਊਂਡ ਵਿੱਚ ਪਾਣੀ ਲਗਾਉਣ ਲਈ ਆਧੁਨਿਕ ਫੁਹਾਰਾ, ਖਿਡਾਰੀਆਂ ਅਤੇ ਬੱਚੀਆਂ ਲਈ ਸਾਫ਼-ਸੁਥਰੇ ਵਾਸ਼ਰੂਮ/ਟਾਇਲਟ ਬਲਾਕ ਬਣਾਏ ਗਏ ਹਨ। ਇਸ ਮੌਕੇ ਉਹਨਾਂ ਨੌਜਵਾਨਾਂ ਨੂੰ ਫੁੱਟਬਾਲ ਦੇ ਸਟੱਡ (ਬੂਟ) ਅਤੇ ਕ੍ਰਿਕਟ ਕਿੱਟਾਂ ਵੀ ਵੰਡੀਆਂ।

ਇਸ ਮੌਕੇ ਉਨ੍ਹਾਂ ਕਿਹਾ ਕਿ ਹਲਕੇ ਵਿਚ ਕਰੋੜਾਂ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਲਾਕੇ ਦੀਆਂ ਪ੍ਰਮੁੱਖ ਸੜਕਾਂ ਨੂੰ 18 ਫੁੱਟ ਚੌੜਾ ਕਰਨ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ ਅਤੇ ਆਉਣ ਵਾਲੇ ਇੱਕ ਮਹੀਨੇ ਵਿੱਚ ਇਹ ਮੁਕੰਮਲ ਹੋ ਜਾਵੇਗਾ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਤਪਾ ਤਰਸੇਮ ਸਿੰਘ ਕਾਹਨੇਕੇ, ਜ਼ਿਲ੍ਹਾ ਖੇਡ ਅਫ਼ਸਰ ਉਮੇਸ਼ਵਰੀ ਸ਼ਰਮਾ, ਐੱਸ ਡੀ ਓ ਪੰਚਾਇਤੀ ਰਾਜ ਜਸਜੀਤ ਸਿੰਘ, ਪੰਚਾਇਤ ਮੈਂਬਰ ਤੇ ਪਤਵੰਤੇ ਮੌਜੂਦ ਸਨ।