5 Dariya News

ਅਕਸ਼ੈ ਸ਼ਰਮਾ ਨੇ ਭਾਜਪਾ ਸਮਰਥਕਾਂ ਸਮੇਤ ਬੰਗਾਲ ‘ਚ ਭਾਜਪਾ ਦੀ ਇਤਿਹਾਸਕ ਜਿੱਤ ‘ਤੇ ਅੰਮ੍ਰਿਤਸਰ ‘ਚ ਮਨਾਇਆ ਜਸ਼ਨ

ਨਾਵਲਟੀ ਚੌਕ ‘ਚ ਢੋਲ-ਨਗਾੜਿਆਂ ਅਤੇ ਲੱਡੂ ਵੰਡ ਕੇ ਕੀਤਾ ਸ਼ਕਤੀ ਪ੍ਰਦਰਸ਼ਨ, 2027 ਪੰਜਾਬ ਚੋਣਾਂ ‘ਚ ਭਾਜਪਾ ਦੀ ਵੱਡੀ ਜਿੱਤ ਦਾ ਕੀਤਾ ਦਾਅਵਾ

5 Dariya News

ਅੰਮ੍ਰਿਤਸਰ 04-May-2026

ਪੱਛਮੀ ਬੰਗਾਲ, ਪੁਡੂਚੇਰੀ ਅਤੇ ਅਸਾਮ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਮਿਲੀ ਵੱਡੀ ਰਾਜਨੀਤਿਕ ਸਫਲਤਾ ਤੋਂ ਬਾਅਦ ਅੰਮ੍ਰਿਤਸਰ ਵਿੱਚ ਹਲਕਾ ਉੱਤਰੀ ਤੋਂ ਭਾਜਪਾ ਵਰਕਰਾਂ ਅਤੇ ਸਮਰਥਕਾਂ ਵੱਲੋਂ ਜ਼ੋਰਦਾਰ ਜਸ਼ਨ ਮਨਾਇਆ ਗਿਆ। ਹਲਕਾ ਉੱਤਰੀ ਤੋਂ ਭਾਜਪਾ ਆਗੂ ਅਕਸ਼ੈ ਸ਼ਰਮਾ ਦੀ ਅਗਵਾਈ ਹੇਠ ਸ਼ਹਿਰ ਦੇ ਨਾਵਲਟੀ ਚੌਕ ਵਿੱਚ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ, ਜਿੱਥੇ ਢੋਲ-ਨਗਾੜਿਆਂ ਦੀਆਂ ਧੁਨਾਂ ‘ਤੇ ਵਰਕਰਾਂ ਨੇ ਖੁਸ਼ੀ ਮਨਾਈ ਅਤੇ ਰਾਹਗੀਰਾਂ ਤੇ ਸਮਰਥਕਾਂ ਵਿੱਚ ਲੱਡੂ ਵੰਡੇ ਗਏ।

ਪੂਰੇ ਇਲਾਕੇ ਵਿੱਚ ਭਾਜਪਾ ਸਮਰਥਕਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਜਪਾ ਆਗੂ ਅਕਸ਼ੈ ਸ਼ਰਮਾ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਮਿਲੀ ਜਿੱਤ ਸਿਰਫ਼ ਚੋਣੀ ਨਤੀਜਾ ਨਹੀਂ, ਸਗੋਂ ਦੇਸ਼ ਦੀ ਜਨਤਾ ਵੱਲੋਂ ਭਾਜਪਾ ਦੀਆਂ ਨੀਤੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਤੇ ਵਧਦੇ ਭਰੋਸੇ ਦਾ ਪ੍ਰਮਾਣ ਹੈ।

ਉਨ੍ਹਾਂ ਕਿਹਾ ਕਿ ਜਨਤਾ ਹੁਣ ਵਿਕਾਸ, ਰਾਸ਼ਟਰਵਾਦ ਅਤੇ ਮਜ਼ਬੂਤ ਨੇਤ੍ਰਿਤਵ ਦੀ ਰਾਜਨੀਤੀ ਨੂੰ ਸਮਰਥਨ ਦੇ ਰਹੀ ਹੈ। ਅਕਸ਼ੈ ਸ਼ਰਮਾ ਨੇ ਕਿਹਾ ਕਿ ਭਾਜਪਾ ਹਰ ਵਰਗ ਕਿਸਾਨ, ਨੌਜਵਾਨ, ਵਪਾਰੀ ਅਤੇ ਮਜ਼ਦੂਰ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਰਾਜਨੀਤੀ ਵਿੱਚ ਵੀ ਵੱਡਾ ਬਦਲਾਅ ਵੇਖਣ ਨੂੰ ਮਿਲੇਗਾ ਅਤੇ 2027 ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਪੰਜਾਬ ਵਿੱਚ ਵੱਡੀ ਜਿੱਤ ਦਰਜ ਕਰੇਗੀ।

ਉਨ੍ਹਾਂ ਕਿਹਾ ਕਿ ਭਾਜਪਾ ਲਗਾਤਾਰ ਲੋਕਾਂ ਦੇ ਮੁੱਦਿਆਂ ‘ਤੇ ਕੰਮ ਕਰ ਰਹੀ ਹੈ ਅਤੇ ਲੋਕਾਂ ਦਾ ਭਰੋਸਾ ਪਾਰਟੀ ਪ੍ਰਤੀ ਹੋਰ ਮਜ਼ਬੂਤ ਹੋ ਰਿਹਾ ਹੈ। ਇਸ ਮੌਕੇ ਭਾਜਪਾ ਆਗੂ ਪੱਪੂ ਮਹਾਜਨ, ਵਿਕਰਾਂਤ ਸ਼ੋਰੀ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਅਤੇ ਸਥਾਨਕ ਲੋਕ ਮੌਜੂਦ ਰਹੇ, ਜਿਨ੍ਹਾਂ ਨੇ “ਭਾਰਤ ਮਾਤਾ ਦੀ ਜੈ” ਅਤੇ “ਭਾਜਪਾ ਜ਼ਿੰਦਾਬਾਦ” ਦੇ ਨਾਰਿਆਂ ਨਾਲ ਜਿੱਤ ਦਾ ਜਸ਼ਨ ਮਨਾਇਆ।