ਗੰਦਗੀ ਤੋਂ ਪ੍ਰੇਸ਼ਾਨ ਮਾਡਲ ਟਾਊਨ ਐਕਸਟਨਸ਼ਨ ਦੇ ਲੋਕਾਂ ਨੇ ਪਵਨ ਦੀਵਾਨ ਨੂੰ ਦੱਸੀਆਂ ਸਮੱਸਿਆਵਾਂ
ਸਾਹਿਰ ਲੁਧਿਆਣਵੀ ਲਈ ਯਾਦਗਾਰ ਬਣਾਉਣ ਵਾਸਤੇ ਅਲਾਟ ਜਗ੍ਹਾ ਬਣੀ ਕੂੜੇ ਦਾ ਡੰਪ
5 Dariya News
ਲੁਧਿਆਣਾ 04-May-2026
ਜਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਵੱਲੋਂ ਮਾਡਲ ਟਾਊਨ ਐਕਸਟੈਂਸ਼ਨ ਦੇ ਲੋਕਾਂ ਨਾਲ ਮੁਲਾਕਾਤ ਕਰਕੇ ਇਲਾਕੇ ਦੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ ਗਈ। ਇਸ ਦੌਰਾਨ ਲੋਕ ਇਲਾਕੇ ਵਿੱਚ ਸਫਾਈ ਸਣੇ ਹੋਰ ਮੁਢਲੀਆਂ ਸੁਵਿਧਾਵਾਂ ਦੀ ਘਾਟ ਨੂੰ ਲੈ ਕੇ ਪਰੇਸ਼ਾਨ ਦਿਖੇ।
ਦੀਵਾਨ ਨੇ ਕਿਹਾ ਕਿ ਉਹਨਾਂ ਨੂੰ ਲੋਕਾਂ ਨੇ ਦੱਸਿਆ ਹੈ ਕਿ ਇਹ ਇਲਾਕੇ ਵਿੱਚ ਸਫਾਈ ਵਿਵਸਥਾ ਦੀ ਬਹੁਤ ਮਾੜੀ ਹਾਲਤ ਹੈ। ਇਥੋਂ ਤੱਕ ਕਿ ਮਸ਼ਹੂਰ ਲਿਖਾਰੀ ਸਾਹਿਰ ਲੁਧਿਆਣਵੀ ਲਈ ਯਾਦਗਾਰ ਬਣਾਉਣ ਵਾਸਤੇ ਸਰਕਾਰ ਵੱਲੋਂ ਅਲੋਟ ਕੀਤੀ ਗਈ ਜਗ੍ਹਾ ਕੂੜੇ ਦਾ ਡੰਪ ਬਣ ਚੁੱਕੀ ਹੈ।
ਲੋਕ ਉਸ ਜਗ੍ਹਾ ਤੇ ਕੂੜਾ ਸੁੱਟ ਦਿੰਦੇ ਹਨ ਅਤੇ ਸਫਾਈ ਨਾ ਹੋਣ ਕਾਰਨ ਉਥੋਂ ਬਦਬੂ ਆਉਂਦੀ ਹੈ ਤੇ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ। ਇਸੇ ਤਰ੍ਹਾਂ, ਕਾਨੂੰਨ ਤੇ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਵੀ ਲੋਕਾਂ ਨੇ ਚਿੰਤਾ ਜ਼ਾਹਿਰ ਕੀਤੀ। ਦੀਵਾਨ ਨੇ ਅਫਸੋਸ ਜਤਾਇਆ ਕਿ ਇਲਾਕੇ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਇਲਾਕੇ ਦੇ ਵਿਧਾਇਕ ਵੀ ਹਨ ਲੇਕਿਨ ਇੱਥੇ ਮੁੱਢਲੀ ਸੁਵਿਧਾਵਾਂ ਦਾ ਮਾੜਾ ਹਾਲ ਹੈ।
ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਦਾਅਵੇ ਕਰਨ ਦੀ ਬਜਾਏ ਜਮੀਨੀ ਹਾਲਾਤਾਂ ਉੱਪਰ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਨਿਰਭੈ ਸਿੰਘ, ਹਰਜੀਤ ਸਿੰਘ, ਗੁਰਮੀਤ ਸਿੰਘ, ਮਨਜੀਤ ਸਿੰਘ, ਹਰਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਬਲਜੀਤ ਸਿੰਘ, ਸਤਵੰਤ ਸਿੰਘ ਵੀ ਮੌਜੂਦ ਰਹੇ।