ਸੰਗਰੂਰ 'ਚ ਸਕੂਲੀ ਬੱਚਿਆਂ ਦੀ ਸੁਰੱਖਿਆ ਸੰਬੰਧੀ ਜ਼ਿਲ੍ਹਾ ਟਾਸਕ ਫੋਰਸ ਵੱਲੋਂ ਵਿਸ਼ੇਸ਼ ਚੈਕਿੰਗ
6 ਸਕੂਲੀ ਬੱਸਾਂ ਦੇ ਚਲਾਨ
5 Dariya News
ਸੰਗਰੂਰ 01-May-2026
ਜ਼ਿਲ੍ਹਾ ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ੍ਰੀ ਪ੍ਰਦੀਪ ਸਿੰਘ ਗਿੱਲ ਦੀਆਂ ਹਦਾਇਤਾਂ ਅਨੁਸਾਰ, ਸੰਗਰੂਰ ਅੰਦਰ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਟਾਸਕ ਫੋਰਸ ਵੱਲੋਂ ਆਨ ਰੋੜ ਵੱਖ-ਵੱਖ ਸਕੂਲੀ ਬੱਸਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ। ਇਸ ਅਭਿਆਨ ਦੌਰਾਨ ਸਕੂਲੀ ਬੱਸਾਂ, ਡਰਾਈਵਰਾਂ ਦੇ ਲਾਜ਼ਮੀ ਦਸਤਾਵੇਜ਼ ਅਤੇ ਸਕੂਲ ਪ੍ਰਬੰਧਨ ਵੱਲੋਂ ਬੱਚਿਆਂ ਦੀ ਸੁਰੱਖਿਆ ਲਈ ਕੀਤੀਆਂ ਵਿਵਸਥਾਵਾਂ ਦੀ ਵਿਸਥਾਰਪੂਰਵਕ ਜਾਂਚ ਕੀਤੀ ਗਈ।
ਕੁੱਲ 6 ਸਕੂਲੀ ਬੱਸਾਂ ਦੇ ਚਲਾਨ ਕੱਟੇ ਗਏ। ਇਹ ਚਲਾਨ ਰਜਿਸਟ੍ਰੇਸ਼ਨ ਦੀ ਕਮੀ, ਫਿਟਨੈੱਸ ਅਤੇ ਇਨਸ਼ੋਰੈਂਸ ਸਰਟੀਫਿਕੇਟ ਦੀ ਅਣਉਪਲਬਧਤਾ, ਡਰਾਈਵਰਾਂ ਦੀ ਹਾਜ਼ਰੀ ਰਿਕਾਰਡ ਵਿੱਚ ਕਮੀਆਂ, ਨਿਯਮਾਂ ਅਨੁਸਾਰ ਯੂਨੀਫਾਰਮ ਦੀ ਪਾਲਣਾ ਨਾ ਹੋਣਾ, ਫਾਇਰ ਸਿਲੈਂਡਰ, ਫਰਸਟ ਏਡ ਬਾਕਸ, ਲੇਡੀ ਕੰਡਕਟਰ ਨਾ ਹੋਣਾ ਅਤੇ ਹੋਰ ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਾਰਨ ਜਾਰੀ ਕੀਤੇ ਗਏ।
ਇਸ ਚੈਕਿੰਗ ਮੁਹਿੰਮ ਨੂੰ ਸਫਲਤਾਪੂਰਵਕ ਅੰਜਾਮ ਦੇਣ ਲਈ ਟਾਸਕ ਫੋਰਸ ਦੇ ਮੈਂਬਰਾਂ ਸ੍ਰੀ ਜਸਵਿੰਦਰ ਸਿੰਘ (ਪੁਲਿਸ ਵਿਭਾਗ), ਸ੍ਰੀ ਸਵਰਨ ਸਿੰਘ (ਪੁਲਿਸ ਵਿਭਾਗ) , ਸ਼੍ਰੀ ਅਰਵਿੰਦਰਪਾਲ(ਪੁਲਿਸ ਵਿਭਾਗ) ,ਸ੍ਰੀ ਸਤਨਾਮ ਸਿੰਘ(ਸਿੱਖਿਆ ਵਿਭਾਗ), ਸੁਰਜੀਤ ਸਿੰਘ (ਚਾਈਲਡ ਹੈਲਪਲਾਈਨ), ਅਤੇ ਸ੍ਰੀ ਅਮਨਦੀਪ ਸਿੰਘ (ਡੀ.ਸੀ.ਪੀ.ਯੂ.), ਵੱਲੋਂ ਸਮਨਵਿਤ ਢੰਗ ਨਾਲ ਕਾਰਵਾਈ ਕੀਤੀ ਗਈ। ਟਾਸਕ ਫੋਰਸ ਵੱਲੋਂ ਸੰਬੰਧਿਤ ਸਕੂਲ ਪ੍ਰਬੰਧਕਾਂ ਅਤੇ ਬੱਸ ਚਾਲਕਾਂ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਕਿ ਸਕੂਲੀ ਬੱਚਿਆਂ ਦੀ ਸੁਰੱਖਿਆ ਸੰਬੰਧੀ ਜਾਰੀ ਹਦਾਇਤਾਂ ਅਤੇ ਮਾਪਦੰਡਾਂ ਦੀ ਪੂਰੀ ਤਰ੍ਹਾਂ ਪਾਲਣਾ ਯਕੀਨੀ ਬਣਾਈ ਜਾਵੇ।
ਇਸ ਤੋਂ ਇਲਾਵਾ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਪਾਈ ਜਾਣ ਦੀ ਸੂਰਤ ਵਿੱਚ ਕਾਨੂੰਨੀ ਕਾਰਵਾਈ ਕਰਨ ਬਾਰੇ ਵੀ ਚੇਤਾਵਨੀ ਦਿੱਤੀ ਗਈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਪਸ਼ਟ ਕੀਤਾ ਗਿਆ ਕਿ ਸਕੂਲੀ ਬੱਚਿਆਂ ਦੀ ਸੁਰੱਖਿਆ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਇਸ ਤਰ੍ਹਾਂ ਦੇ ਚੈਕਿੰਗ ਅਭਿਆਨ ਅਗਾਂਹ ਵੀ ਨਿਰੰਤਰ ਜਾਰੀ ਰਹਿਣਗੀਆਂ।