ਪੇਕ ਵੱਲੋਂ ‘ਅਚੀਵਰਜ਼ ਅਵਾਰਡ ਫੰਕਸ਼ਨ 2026’ ਵਿੱਚ ਵਿਦਿਆਰਥੀ ਦਾ ਕੀਤਾ ਗਿਆ ਸਨਮਾਨ
5 Dariya News
ਚੰਡੀਗੜ੍ਹ 01-May-2026
ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਡੀਨ ਸਟੂਡੈਂਟ ਅਫੇਅਰਜ਼ (ਡੀਐਸਏ) ਦਫ਼ਤਰ ਵੱਲੋਂ ‘ਅਚੀਵਰਜ਼ ਅਵਾਰਡ ਫੰਕਸ਼ਨ 2026’ ਦਾ ਆਯੋਜਨ ਕੀਤਾ ਗਿਆ। ਇਸ ਪ੍ਰਤਿਸ਼ਠਿਤ ਸਮਾਗਮ ਦਾ ਮਕਸਦ ਵੱਖ-ਵੱਖ ਖੇਤਰਾਂ—ਅਕਾਦਮਿਕ, ਖੇਡਾਂ, ਤਕਨੀਕੀ ਗਤੀਵਿਧੀਆਂ, ਐਨਸੀਸੀ ਅਤੇ ਸੱਭਿਆਚਾਰਕ ਪ੍ਰੋਗਰਾਮਾਂ—ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨਾ ਸੀ।
ਇਸ ਸਮਾਰੋਹ ਵਿੱਚ ਪੇਕ ਦੇ ਮਾਣਯੋਗ ਡਾਇਰੈਕਟਰ ਪ੍ਰੋ. ਰਾਜੇਸ਼ ਕੁਮਾਰ ਭਾਟੀਆ ਨੇ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਡਾ. ਡੀ.ਆਰ. ਪ੍ਰਜਾਪਤੀ, ਡੀਨ ਸਟੂਡੈਂਟ ਅਫੇਅਰਜ਼; ਡਾ. ਪੁਨੀਤ ਚਾਵਲਾ (ਏਡੀਐਸਏ, ਕਲੱਬਜ਼); ਡਾ. ਸ਼ੋਭਨਾ ਧੀਮਨ (ਏਡੀਐਸਏ, ਹੋਸਟਲਜ਼); ਅਤੇ ਡਾ. ਐਮ.ਪੀ. ਗਰਗ ਵੀ ਮੌਜੂਦ ਸਨ। ਇਸ ਮੌਕੇ ‘ਤੇ ਵੱਡੀ ਗਿਣਤੀ ਵਿੱਚ ਫੈਕਲਟੀ ਮੈਂਬਰ, ਸਟਾਫ ਅਤੇ ਵਿਦਿਆਰਥੀ ਹਾਜ਼ਰ ਰਹੇ ਅਤੇ ਉਨ੍ਹਾਂ ਨੇ ਸਫਲ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ।
ਡੀਨ ਸਟੂਡੈਂਟ ਅਫੇਅਰਜ਼ ਡਾ. ਡੀ.ਆਰ. ਪ੍ਰਜਾਪਤੀ ਨੇ ਕਿਹਾ ਕਿ ਇਹ ਅਵਾਰਡ ਸਿਰਫ਼ ਸਫਲਤਾ ਦਾ ਪ੍ਰਤੀਕ ਨਹੀਂ, ਸਗੋਂ ਵਿਦਿਆਰਥੀਆਂ ਦੀ ਮਿਹਨਤ, ਸਮਰਪਣ ਅਤੇ ਵਚਨਬੱਧਤਾ ਨੂੰ ਦਰਸਾਉਂਦੇ ਹਨ। ਉਨ੍ਹਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਰਿਸਰਚ, ਖੇਡਾਂ ਅਤੇ ਅਕਾਦਮਿਕ ਮੰਚਾਂ ‘ਤੇ ਪੀਈਸੀ ਦੇ ਵਿਦਿਆਰਥੀਆਂ ਦੀਆਂ ਉਪਲਬਧੀਆਂ ਦੀ ਸਰਾਹਨਾ ਕੀਤੀ।
ਪੇਕ ਦੇ ਡਾਇਰੈਕਟਰ ਪ੍ਰੋ. ਰਾਜੇਸ਼ ਕੁਮਾਰ ਭਾਟੀਆ ਨੇ ਸਾਰੇ ਅਵਾਰਡ ਜੇਤੂਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਜੋਸ਼ ਅਤੇ ਦ੍ਰਿੜਤਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਉਪਲਬਧੀਆਂ ਤੁਹਾਡੀ ਪ੍ਰਤਿਭਾ ਦੇ ਨਾਲ-ਨਾਲ ਟੀਮਵਰਕ, ਸਮਰਪਣ ਅਤੇ ਇਮਾਨਦਾਰੀ ਵਰਗੀਆਂ ਮੁੱਲਾਂ ਨੂੰ ਵੀ ਦਰਸਾਉਂਦੀਆਂ ਹਨ।
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹਮੇਸ਼ਾ ਉੱਚ ਨੈਤਿਕ ਮਾਪਦੰਡਾਂ ਨੂੰ ਕਾਇਮ ਰੱਖਣ ਅਤੇ ਜ਼ਜ਼ਬੇ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸ ਤੋਂ ਬਾਅਦ ਅਵਾਰਡ ਵੰਡ ਸਮਾਰੋਹ ਸ਼ੁਰੂ ਹੋਇਆ। ਇਸ ਮੌਕੇ ‘ਤੇ ਕੁੱਲ 277 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿੱਚ ਵੱਖ-ਵੱਖ ਖੇਤਰਾਂ ਵਿੱਚ ਪ੍ਰਦਰਸ਼ਨ ਕਰਨ ਵਾਲੇ 237 ਅਚੀਵਰਜ਼ ਅਤੇ ਵੱਖ-ਵੱਖ ਕਲੱਬਾਂ, ਸੈੱਲਾਂ, ਐਨਸੀਸੀ, ਐਨਐਸਐਸ, ਖੇਡਾਂ ਅਤੇ ਤਕਨੀਕੀ ਸੋਸਾਇਟੀਆਂ ਨਾਲ ਸੰਬੰਧਿਤ 40 ਵਿਦਿਆਰਥੀ ਸਕੱਤਰ ਅਤੇ ਜੌਇੰਟ ਸਕੱਤਰ ਸ਼ਾਮਲ ਸਨ।