5 Dariya News

ਸ਼ੈਰੀ ਕਲਸੀ ਵੱਲੋਂ ਬਟਾਲਾ ਵਾਸੀਆਂ ਨੂੰ ਇੱਕ ਹੋਰ ਸ਼ਾਨਦਾਰ ਤੋਹਫਾ

ਬਟਾਲਾ ਦੇ ਇਤਿਹਾਸ ਵਿੱਚ ਵਿਕਾਸ ਦਾ ਇੱਕ ਹੋਰ ਪੰਨਾ ਦਰਜ-65 ਕਰੋੜ ਰੁਪਏ ਦੀ ਲਾਗਤ ਨਾਲ ਬਣੇਗੀ 'ਜਿਲ੍ਹਾ ਪੁਲਿਸ ਦਫਤਰ ਬਟਾਲਾ ' ਦੀ ਨਵੀਂ ਇਮਾਰਤ

5 Dariya News

ਬਟਾਲਾ 30-Apr-2026

ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਸ਼ੈਰੀ ਕਲਸੀ ਵੱਲੋਂ ਬਟਾਲਾ ਵਾਸੀਆਂ ਨੂੰ ਇਕ ਹੋਰ ਤੋਹਫਾ ਦਿੰਦਿਆਂ ਪੁਲਿਸ ਲਾਈਨ ਬਟਾਲਾ ਵਿਖੇ 'ਜਿਲ੍ਹਾ ਪੁਲਿਸ ਦਫਤਰ ਬਟਾਲਾ ' ਦੀ ਨਵੀਂ ਇਮਾਰਤ ਬਣਾਉਣ ਦੀ ਰਸਮੀ ਸ਼ੁਰੂਆਤ ਕੀਤੀ ਗਈ । ਇਸ ਮੁਬਾਰਕ ਮੌਕੇ ਸ਼੍ਰੀ ਸੰਦੀਪ ਗੋਇਲ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ, ਬਾਰਡਰ ਰੇਂਜ ਅੰਮ੍ਰਿਤਸਰ ਅਤੇ ਡਾ. ਮਹਿਤਾਬ ਸਿੰਘ ਐੱਸ.ਐੱਸ.ਪੀ.ਬਟਾਲਾ ਵੀ ਮੌਜੂਦ ਸਨ।

ਜਿਲ੍ਹਾ ਪੁਲਿਸ ਦਫਤਰ ਬਟਾਲਾ ' ਦੀ ਵੱਡ ਅਕਾਰੀ ਨਵੀਂ ਇਮਾਰਤ ਬਣਾਉਣ ਦੀ ਸ਼ੁਰੂਆਤ ਮੌਕੇ ਪੱਤਰਕਾਰਾਂ ਸਾਥੀਆਂ ਨਾਲ ਗੱਲ ਕਰਦਿਆ ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਸ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਵੱਲੋਂ 16 ਅਪ੍ਰੈਲ ਨੂੰ ਬਟਾਲਾ ਫੇਰੀ ਮੌਕੇ ਦੌਰਾਨ ਬਟਾਲਾ ਹਲਕੇ ਦੇ ਵਿਕਾਸ ਕਾਰਜਾਂ ਨੂੰ ਹੋਰ ਰਫਤਾਰ ਦਿੰਦਿਆਂ 'ਜਿਲ੍ਹਾ ਪੁਲਿਸ ਦਫਤਰ ਬਟਾਲਾ ' ਦੀ ਨਵੀਂ ਇਮਾਰਤ ਬਣਾਉਣ ਦਾ ਨੀਂਹ ਪੱਥਰ ਰੱਖਿਆ ਗਿਆ ਸੀ, ਜਿਸ ਦੀ ਅੱਜ ਰਸਮੀ ਸ਼ੁਰੂਆਤ ਕਰ ਦਿੱਤੀ ਗਈ ਹੈ।

ਵਿਧਾਇਕ ਸ਼ੈਰੀ ਕਲਸੀ ਨੇ ਬਟਾਲਾ ਦੇ ਇਤਿਹਾਸ ਵਿੱਚ ਵਿਕਾਸ ਦਾ ਇੱਕ ਹੋਰ ਪੰਨਾ ਜੋੜਦਿਆਂ ਦੱਸਿਆ ਕਿ 65 ਕਰੋੜ ਰੁਪਏ ਦੀ ਲਾਗਤ ਨਾਲ ' ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਲਿਮਟਿਡ ' ਵਿੱਚ ' ਜਿਲ੍ਹਾ ਪੁਲਿਸ ਦਫਤਰ ਬਟਾਲਾ' ਦੀ 5 ਮੰਜਿਲਾ ਇਮਾਰਤ ਦੀ ਉਸਾਰੀ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆਂ ਕਿ 15 ਏਕੜ 1 ਕਨਾਲ ਅਤੇ 10 ਮਰਲੇ ਵਿੱਚ 'ਜਿਲ੍ਹਾ ਪੁਲਿਸ ਦਫਤਰ ਬਟਾਲਾ' ਦੀ ਇਮਾਰਤ ਲਈ ਪਹਿਲੇ ਪੜਾਅ ਵਿੱਚ 14 ਕਰੋੜ 81 ਲੱਖ ਰੁਪਏ ਦਾ ਫੰਡ ਅਲਾਟ ਹੋ ਗਿਆ ਹੈ।

ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਦੱਸਿਆ ਕਿ ਇਸ ਸ਼ਾਨਦਾਰ 'ਜਿਲ੍ਹਾ ਪੁਲਿਸ ਦਫਤਰ ਬਟਾਲਾ ' ਵਿੱਚ ਦਫਤਰ ਐੱਸ.ਐੱਸ.ਪੀ. ਐੱਸ.ਪੀਜ਼., ਡੀ.ਐੱਸ.ਪੀਜ਼, ਸਾਈਬਰ ਥਾਣਾ, ਆਰ.ਟੀ.ਆਈ ਸੈੱਲ, ਟਰੈਫਿਕ ਦਫਤਰ, ਵੋਮੈਨਸੈੱਲ, ਵੇਟਿੰਗ ਰੂਮ, ਪਾਰਕਿੰਗ ਅਤੇ ਪੁਲਿਸ ਵਿਭਾਗ ਦੀਆਂ ਵੱਖ-ਵੱਖ ਸ਼ਖਾਵਾਂ ਦੇ ਦਫਤਰ ਬਣਨਗੇ, ਜਿਸ ਨਾਲ ਬਟਾਲਾ ਵਾਸੀਆਂ ਨੂੰ ਇੱਕ ਛੱਤ ਹੇਠਾਂ ਪੁਲਿਸ ਵਿਭਾਗ ਨਾਲ ਸਾਰੀਆਂ ਸੇਵਾਵਾਂ ਮਿਲਣਗੀ। 

ਇਸ ਨਾਲ ਸ਼ਹਿਰ ਵਿੱਚ ਆਵਾਜਾਈ ਹੋਰ ਸੁਖਾਲੀ ਹੋਵੇਗੀ ਅਤੇ ਲੋਕਾਂ ਨੂੰ ਆਉਣ ਜਾਣ ਵਿੱਚ ਵੱਡੀ ਰਾਹਤ ਮਿਲੇਗੀ। ਵਿਧਾਇਕ ਸ਼ੈਰੀ ਕਲਸੀ ਨੇ ਬਟਾਲਾ ਵਾਸੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾਂ ਜਿਸ ਤਰ੍ਹਾਂ ਪੁਲਿਸ ਲਾਇਨ ਵਿਖੇ ਨਵੇਂ ਤਹਿਸੀਲ ਕੰਪਲੈਕਸ ਦੀ ਉਸਾਰੀ ਕਰਵਾਈ ਗਈ ਹੈ ਅਤੇ ਬਟਾਲਾ ਵਾਸੀ ਇੱਕ ਛੱਤ ਹੇਠਾਂ ਵੱਖ-ਵੱਖ ਸਰਕਾਰੀ ਸੇਵਾਵਾਂ ਦਾ ਲਾਭ ਉਠਾ ਰਹੇ ਹਨ ਅਤੇ ਇਸੇ ਤਰ੍ਹਾਂ ਹੁਣ ਇੱਥੇ 'ਜਿਲ੍ਹਾ ਪੁਲਿਸ ਦਫਤਰ ਬਟਾਲਾ' ਦੀ ਇਮਾਰਤ ਬਣਨ ਨਾਲ ਬਟਾਲਾ ਹਲਕੇ ਸਮੇਤ ਵੱਖ-ਵੱਖ ਪਿੰਡਾਂ ਦੇ ਵਾਸੀਆਂ ਨੂੰ ਆਪਣੇ ਕੰਮਕਾਜ ਕਰਵਾਉਣ ਵਿੱਚ ਵੱਡੀ ਸਹੂਲਤ ਮਿਲੇਗੀ।

ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਕਿਹਾ ਕਿ ਉਹ ਬਟਾਲਾ ਵਾਸੀਆਂ ਦੀ ਸਹੂਲਤ ਅਤੇ ਬਟਾਲਾ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹਨ ਅਤੇ ਪਿਛਲੇ ਚਾਰ ਸਾਲਾਂ ਵਿੱਚ ਬਟਾਲੇ ਹਲਕੇ ਦੀ ਵਿਕਾਸ ਪੱਖੋਂ ਨੁਹਾਰ ਬਦਲੀ ਗਈ ਹੈ ਅਤੇ ਉਹ ਬਟਾਲਾ ਹਲਕੇ ਦੇ ਵਿਕਾਸ ਲਈ ਦਿਨ-ਰਾਤ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਨ। ਇਸ ਮੌਕੇ ਡੀ.ਆਈ.ਜੀ ਬਾਰਡਰ ਰੇਂਜ ਸ਼੍ਰੀ ਸੰਦੀਪ ਗੋਇਲ ਨੇ ਕਿਹਾ ਕਿ ਪੁਲਿਸ ਵਿਭਾਗ ਹਮੇਸ਼ਾ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੈ ਅਤੇ ' ਜਿਲ੍ਹਾ ਪੁਲਿਸ ਦਫਤਰ ਬਟਾਲਾ' ਦੀ ਨਵੀਂ ਇਮਾਰਤ ਬਣਨ ਨਾਲ ਬਟਾਲਾ ਅਤੇ ਇਸ ਦੇ ਆਸ-ਪਾਸ ਦੇ ਸੈਂਕੜੇ ਪਿੰਡਾਂ ਦੇ ਲੋਕਾਂ ਨੂੰ ਲਾਭ ਮਿਲੇਗਾ।

ਇਸ ਮੌਕੇ ਐੱਸ.ਪੀ.(ਡੀ)ਸੰਦੀਪ ਵਡੇਰਾ, ਐੱਸ.ਪੀ (ਐੱਚ) ਮੈਡਮ ਖੁਸ਼ਬੀਰ ਕੌਰ, ਡੀ.ਐੱਸ.ਪੀ. ਤੇਜਿੰਦਰਪਾਲ ਸਿੰਘ ਗੋਰਾਇਆ, ਡੀ.ਐੱਸ.ਪੀ.( ਸਿਟੀ) ਸੁਖਇੰਦਰ ਸਿੰਘ ਕਾਹਲੋਂ, ਡੀ.ਐੱਸ.ਪੀ. ਗੁਰਮੀਤ ਸਿੰਘ, ਚੇਅਰਮੈਨ ਮਾਨਿਕ ਮਹਿਤਾ, ਸੀਨੀਅਰ ਆਗੂ ਬਲਬੀਰ ਸਿੰਘ ਬਿੱਟੂ ਅਤੇ ਵੱਖ-ਵੱਖ ਸ਼ਖਸੀਅਤਾਂ ਮੌਜੂਦ ਸਨ।