5 Dariya News

ਡਿਪਟੀ ਕਮਿਸ਼ਨਰ ਰਾਹੁਲ ਅਤੇ ਐਸ.ਐਸ.ਪੀ ਸੁਰੇਂਦਰ ਲਾਂਬਾ ਨੇ ਆਨਲਾਈਨ ਪੋਰਟਲ ’ਤੇ ਖ਼ੁਦ ਵੇਰਵੇ ਕੀਤੇ ਦਰਜ

ਜ਼ਿਲ੍ਹਾ ਵਾਸੀਆਂ ਨੂੰ ਸਵੈ-ਗਣਨਾ ’ਚ ਵਧ-ਚੜ੍ਹ ਕੇ ਹਿੱਸਾ ਲੈਣ ਦੀ ਕੀਤੀ ਅਪੀਲ

5 Dariya News

ਤਰਨ ਤਾਰਨ 30-Apr-2026

ਜਨਗਣਨਾ-2027 ਦੇ ਪਹਿਲੇ ਪੜਾਅ ਤਹਿਤ ਅੱਜ ਤਰਨ ਤਾਰਨ ਜ਼ਿਲ੍ਹੇ ਵਿਚ ਸਵੈ-ਗਣਨਾ ਪ੍ਰਕਿਰਿਆ ਸ਼ੁਰੂ ਹੋ ਗਈ। ਜ਼ਿਲ੍ਹੇ ਦੇ ਪਹਿਲੇ ਨਾਗਰਿਕ ਅਤੇ ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਸੈਂਸਜ਼ ਅਫ਼ਸਰ ਤਰਨ ਤਾਰਨ ਸ੍ਰੀ ਰਾਹੁਲ ਨੇ ਖੁਦ ਐਸ.ਈ ਪੋਰਟਲ 'ਤੇ ਆਪਣੇ ਵੇਰਵੇ ਭਰ ਕੇ ਜ਼ਿਲ੍ਹੇ ਵਿਚ ਰਸਮੀ ਤੌਰ 'ਤੇ ਸਵੈ-ਗਣਨਾ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਐਸ.ਐਸ.ਪੀ ਸੁਰੇਂਦਰ ਲਾਂਬਾ ਵੱਲੋਂ ਵੀ ਪੋਰਟਲ 'ਤੇ ਆਪਣੇ ਵੇਰਵੇ ਦਰਜ ਕੀਤੇ ਗਏ।

ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਨੇ ਇਸ ਮੌਕੇ ਦੱਸਿਆ ਕਿ ਆਨਲਾਈਨ ਸਵੈ-ਗਣਨਾ ਐਸ.ਈ ਪੋਰਟਲ  ਉੱਤੇ 30 ਅਪ੍ਰੈਲ ਤੋਂ 14 ਮਈ ਤੱਕ ਕੀਤੀ ਜਾ ਸਕਦੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਵੈ-ਗਣਨਾ ਇਕ ਅਜਿਹੀ ਸਹੂਲਤ ਹੈ, ਜਿਸ ਰਾਹੀਂ ਜ਼ਿਲ੍ਹਾ ਵਾਸੀ ਖ਼ੁਦ ਹੀ ਆਪਣੀ ਜਾਣਕਾਰੀ ਸਰਕਾਰੀ ਪੋਰਟਲ 'ਤੇ ਦਰਜ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਦੇ ਲਈ ਨਾਗਰਿਕਾਂ ਨੂੰ ਸਰਕਾਰ ਦੇ ਅਧਿਕਾਰਤ ਜਨਗਣਨਾ ਪੋਰਟਲ (se.census.gov.in) 'ਤੇ ਜਾਣਾ ਹੋਵੇਗਾ। 

ਆਪਣੇ ਮੋਬਾਈਲ ਨੰਬਰ ਅਤੇ ਬੇਸਿਕ ਜਾਣਕਾਰੀ ਦੀ ਵਰਤੋਂ ਕਰਕੇ ਪੋਰਟਲ 'ਤੇ ਲਾਗਇਨ ਕਰਨਾ ਹੋਵੇਗਾ। ਇਸ ਤੋਂ ਬਾਅਦ ਪੋਰਟਲ 'ਤੇ ਮੰਗੇ ਗਏ ਵੇਰਵੇ ਦਰਜ ਕਰਨੇ ਹੋਣਗੇ। ਜਿਵੇਂ ਹੀ ਸਫ਼ਲਤਾਪੂਰਵਕ ਫਾਰਮ ਸਬਮਿਟ ਹੋਵੇਗਾ ਤਾਂ ਪੋਰਟਲ ਨਾਗਰਿਕ ਨੂੰ ਇਕ 'ਸੈਲਫ-ਐਨੂਮਰੇਸ਼ਨ ਆਈ.ਡੀ' (ਐਸ.ਈ.ਆਈ.ਡੀ) ਜਨਰੇਟ ਕਰਕੇ ਦੇਵੇਗਾ। 

ਜਦੋਂ ਜਨਗਣਨਾ ਮੁਲਾਜ਼ਮ ਘਰ ਆਵੇਗਾ ਤਾਂ ਨਾਗਰਿਕ ਨੂੰ ਸਿਰਫ਼ ਇਹ ਆਈ.ਡੀ. ਦਿਖਾਉਣੀ ਹੋਵੇਗੀ। ਇਸ ਨਾਲ ਜਾਣਕਾਰੀ ਦੀ ਤਸਦੀਕ ਹੋ ਜਾਵੇਗੀ ਅਤੇ ਦੁਬਾਰਾ ਫਾਰਮ ਭਰਨ ਦੀ ਲੋੜ ਨਹੀਂ ਪਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਨਗਣਨਾ ਵਿਭਾਗ ਵੱਲੋਂ ਪਹਿਲੀ ਵਾਰ ਆਪਣੀ ਜਨਗਣਨਾ ਆਪ ਕਰਨ ਦਾ ਇਹ ਵਿਕਲਪ ਰੱਖਿਆ ਗਿਆ ਹੈ, ਜਿਸ ਦਾ ਨਾਗਰਿਕਾਂ ਨੂੰ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। 

ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਸਵੈ-ਗਣਨਾ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਜਨਗਣਨਾ ਵਿਭਾਗ ਦਾ ਪੋਰਟਲ 14 ਮਈ ਤੱਕ ਖੁੱਲ੍ਹਾ ਰਹੇਗਾ।  ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਗਿਣਤੀਕਾਰਾਂ ਵੱਲੋਂ 15 ਮਈ ਤੋਂ 13 ਜੂਨ ਤੱਕ ਫੀਲਡ ਸਰਵੇ ਸ਼ੁਰੂ ਕੀਤਾ ਜਾਵੇਗਾ, ਜਿਸ ਦੌਰਾਨ ਗਿਣਤੀਕਾਰ ਘਰ-ਘਰ ਜਾ ਕੇ ਡਾਟਾ ਇੰਦਰਾਜ ਕਰਨਗੇ।

ਉਨ੍ਹਾਂ ਕਿਹਾ ਕਿ ਜਨਗਣਨਾ ਲਈ ਇਕੱਤਰ ਕੀਤੀ ਗਈ ਸੂਚਨਾ ਸਰਕਾਰ ਵੱਲੋਂ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਜਨਗਣਨਾ ਦਾ ਕੰਮ ਅਤਿ ਮਹੱਤਵਪੂਰਨ ਹੈ ਅਤੇ ਇਹ ਸਰਕਾਰ ਵੱਲੋਂ ਨਵੀਆਂ ਵਿਕਾਸ ਯੋਜਨਾਵਾਂ ਉਲੀਕਣ ਵਿਚ ਸਹਾਇਕ ਹੋਵੇਗਾ। ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਰਾਸ਼ਟਰੀ ਮਹੱਤਵ ਦੇ ਇਸ ਕਾਰਜ ਵਿਚ ਸਰਕਾਰ ਅਤੇ ਪ੍ਰਸ਼ਾਸਨ ਨੂੰ ਆਪਣਾ ਸਹਿਯੋਗ ਦੇਣ ਅਤੇ ਸਹੀ ਅਤੇ ਸਪੱਸ਼ਟ ਜਾਣਕਾਰੀ ਮੁਹੱਈਆ ਕਰਵਾਉਣ।

ਐਸ.ਐਸ.ਪੀ ਸੁਰੇਂਦਰ ਲਾਂਬਾ ਨੇ ਇਸ ਦੌਰਾਨ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਜਨਗਣਨਾ ਸਬੰਧੀ ਜਦੋਂ ਗਿਣਤੀਕਾਰ ਸਰਵੇ ਕਰਨ ਲਈ ਉਨ੍ਹਾਂ ਦੇ ਘਰ ਆਉਣ ਤਾਂ ਸੁਰੱਖਿਆ ਦੇ ਮੱਦੇਨਜ਼ਰ ਉਹ ਉਨ੍ਹਾਂ ਦੇ ਆਈ.ਡੀ ਕਾਰਡ 'ਤੇ ਲੱਗੇ ਕਿਊ.ਆਰ ਕੋਡ ਨੂੰ ਸਕੈਨ ਕਰਕੇ ਉਨ੍ਹਾਂ ਦੇ ਅਸਲੀ ਹੋਣ ਬਾਰੇ ਜ਼ਰੂਰ ਪ੍ਰਮਾਣਿਤ ਕਰ ਲੈਣ। ਇਸ ਮੌਕੇ ਉੱਪ ਅਰਥ ਅਤੇ ਅੰਕੜਾ ਸਲਾਹਕਾਰ ਡਾ. ਅਮਨਦੀਪ ਸਿੰਘ ਅਤੇ ਜਨਗਣਨਾ ਨਾਲ ਸਬੰਧਿਤ ਹੋਰ ਅਧਿਕਾਰੀ ਮੌਜੂਦ ਸਨ।