5 Dariya News

ਲੰਬੇ ਬਿਜਲੀ ਕੱਟਾਂ ਖ਼ਿਲਾਫ਼ ਖਰੜ ਐਸ.ਡੀ.ਐਮ ਦਫ਼ਤਰ ਬਾਹਰ ਸ਼੍ਰੋਮਣੀ ਅਕਾਲੀ ਦਲ ਆਗੂ ਖੇੜਾ ਵੱਲੋਂ ਵਿਸ਼ਾਲ ਧਰਨਾ ਪ੍ਰਦਰਸ਼ਨ

5 Dariya News

ਖਰੜ 30-Apr-2026

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਖਰੜ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਨੇ ਵੀਰਵਾਰ ਨੂੰ ਖਰੜ ਸਥਿਤ ਐਸ.ਡੀ.ਐਮ. ਦਫ਼ਤਰ ਦੇ ਬਾਹਰ ਵਿਸ਼ਾਲ ਧਰਨਾ ਪ੍ਰਦਰਸ਼ਨ ਦੀ ਅਗਵਾਈ ਕੀਤੀ ਅਤੇ ਪੰਜਾਬ ਭਰ ਵਿੱਚ ਲੱਗ ਰਹੇ ਲਗਾਤਾਰ ਅਤੇ ਲੰਬੇ ਬਿਜਲੀ ਕੱਟਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਿਆ। ਇਕੱਠ ਨੂੰ ਸੰਬੋਧਨ ਕਰਦਿਆਂ ਖੇੜਾ ਨੇ ਕਿਹਾ ਕਿ ਗਰਮੀ ਦੇ ਪੀਕ ਸੀਜ਼ਨ ਤੋਂ ਪਹਿਲਾਂ ਹੀ ਹਾਲਾਤ ਅਸਹਿਣਯੋਗ ਬਣ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਰੋਜ਼ਾਨਾ 10 ਤੋਂ 12 ਘੰਟਿਆਂ ਦੇ ਬਿਜਲੀ ਕੱਟਾਂ ਦਾ ਸਾਹਮਣਾ ਕਰ ਰਹੇ ਹਨ, ਜਿਸ ਨਾਲ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।

ਖੇੜਾ ਨੇ ਪੰਜਾਬ ਦੇ ਬਿਜਲੀ ਖੇਤਰ ਨੂੰ ਮਜ਼ਬੂਤ ਬਣਾਉਣ ਵਿੱਚ ਅਕਾਲੀ ਸਰਕਾਰ ਦੀਆਂ ਪ੍ਰਾਪਤੀਆਂ ਉਜਾਗਰ ਕਰਦਿਆਂ ਕਿਹਾ ਕਿ ਸਾਲ 2007 ਵਿੱਚ ਸੂਬੇ ਦੀ ਬਿਜਲੀ ਉਤਪਾਦਨ ਸਮਰੱਥਾ ਲਗਭਗ 6,500 ਮੈਗਾਵਾਟ ਸੀ, ਜਿਸਨੂੰ 2017 ਤੱਕ ਵਧਾ ਕੇ ਕਰੀਬ 14,000 ਮੈਗਾਵਾਟ ਤੱਕ ਪਹੁੰਚਾਇਆ ਗਿਆ। ਉਨ੍ਹਾਂ ਇਸ ਵਾਧੇ ਦਾ ਸਰਵੇ ਯੋਜਨਾਬੱਧ ਨੀਤੀਆਂ, ਲਗਾਤਾਰ ਨਿਵੇਸ਼ ਅਤੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਦੂਰਦਰਸ਼ੀ ਸੋਚ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਇਸੇ ਦੌਰਾਨ ਪੰਜਾਬ ਬਿਜਲੀ ਸਰਪਲੱਸ ਸੂਬਾ ਬਣਿਆ।

ਇਸਦੇ ਉਲਟ, ਖੇੜਾ ਨੇ ਮੌਜੂਦਾ AAP ਸਰਕਾਰ ’ਤੇ ਦੋਸ਼ ਲਗਾਇਆ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਉਸਨੇ ਬਿਜਲੀ ਉਤਪਾਦਨ ਸਮਰੱਥਾ ਵਿੱਚ ਕੋਈ ਨਵਾਂ ਵਾਧਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਛੇ ਥਰਮਲ ਪਲਾਂਟ ਹਨ, ਜਿਨ੍ਹਾਂ ਵਿੱਚੋਂ ਪੰਜ ਅਕਾਲੀ ਸਰਕਾਰ ਦੇ ਸਮੇਂ ਸਥਾਪਿਤ ਕੀਤੇ ਗਏ ਸਨ। ਉਨ੍ਹਾਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਬਣਾਏ ਗਏ ਵੱਡੇ ਸੋਲਰ ਪਾਵਰ ਪ੍ਰੋਜੈਕਟ ਦਾ ਵੀ ਜ਼ਿਕਰ ਕੀਤਾ।

ਖੇੜਾ ਨੇ ਕਿਹਾ ਕਿ ਅਕਾਲੀ ਸਰਕਾਰ ਨੇ ਲਗਭਗ 35 ਲੱਖ ਗਰੀਬ ਪਰਿਵਾਰਾਂ ਨੂੰ ਮੁਫ਼ਤ ਬਿਜਲੀ ਦਿੱਤੀ ਅਤੇ ਕਰੀਬ 15 ਲੱਖ ਕਿਸਾਨਾਂ ਨੂੰ ਟਿਊਬਵੈੱਲ ਕੁਨੈਕਸ਼ਨ ਮੁਹੱਈਆ ਕਰਵਾਏ। ਉਨ੍ਹਾਂ ਕਿਹਾ, 'ਦੂਜੇ ਪਾਸੇ, ਆਪ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਪੰਜਾਬ ਦਾ ਪੂਰਾ ਬਿਜਲੀ ਢਾਂਚਾ ਤਬਾਹ ਹੋ ਗਿਆ ਹੈ। ਸਰਕਾਰ ਪਹਿਲਾਂ ਤੋਂ ਬਣੇ ਢਾਂਚੇ ਨੂੰ ਸੰਭਾਲਣ ਵਿੱਚ ਵੀ ਅਸਫ਼ਲ ਰਹੀ ਹੈ।'

ਸਥਾਨਕ ਪ੍ਰਸ਼ਾਸਨ ’ਤੇ ਸਵਾਲ ਖੜ੍ਹੇ ਕਰਦਿਆਂ ਖੇੜਾ ਨੇ ਖਰੜ ਦੀ ਵਿਧਾਇਕ ਅਨਮੋਲ ਗਗਨ ਮਾਨ ਦੀ ਵੀ ਆਲੋਚਨਾ ਕੀਤੀ ਅਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਆਪਣੇ ਹਲਕੇ ਦੀ ਅਣਦੇਖੀ ਕੀਤੀ ਹੈ। ਉਨ੍ਹਾਂ ਕਿਹਾ ਕਿ ਚੋਣ ਜਿੱਤਣ ਤੋਂ ਬਾਅਦ ਖਰੜ ਵਿੱਚ ਸੜਕਾਂ ਅਤੇ ਸਾਫ਼ ਪੀਣ ਵਾਲੇ ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਦੀ ਹਾਲਤ ਖ਼ਰਾਬ ਹੋ ਗਈ ਹੈ ਅਤੇ ਵਿਧਾਇਕ ਲੋਕਾਂ ਤੋਂ ਪੂਰੀ ਤਰ੍ਹਾਂ ਦੂਰ ਹੋ ਚੁੱਕੀ ਹੈ।

ਖੇੜਾ ਨੇ ਸੂਬੇ ਨਾਲ ਜੁੜੇ ਹੋਰ ਅਹਿਮ ਮੁੱਦੇ ਵੀ ਉਠਾਏ, ਜਿਨ੍ਹਾਂ ਵਿੱਚ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਵਿੱਚ ਆ ਰਹੀਆਂ ਦਿੱਕਤਾਂ, ਸਰਕਾਰੀ ਕਰਮਚਾਰੀਆਂ ਦੇ ਬਕਾਇਆ ਡੀ.ਏ. ਦੀ ਅਦਾਇਗੀ ਵਿੱਚ ਦੇਰੀ ਅਤੇ ਵਪਾਰੀਆਂ ਨੂੰ ਮਿਲ ਰਹੀਆਂ ਫਿਰੌਤੀ ਦੀਆਂ ਧਮਕੀਆਂ ਸ਼ਾਮਲ ਹਨ।ਪ੍ਰਸ਼ਾਸਨ ਤੋਂ ਤੁਰੰਤ ਦਖ਼ਲ ਦੀ ਮੰਗ ਕਰਦਿਆਂ ਖੇੜਾ ਨੇ ਐਸ.ਡੀ.ਐਮ. ਨੂੰ ਚੇਤਾਵਨੀ ਦਿੱਤੀ ਕਿ ਜੇਕਰ ਹਾਲਾਤ ਜਲਦ ਨਾ ਸੁਧਰੇ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ ਅਤੇ ਜੇਕਰ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਹੋਇਆ ਤਾਂ ਆਪ ਸਰਕਾਰ ਖ਼ਿਲਾਫ਼ ਵੱਡਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ।

ਇਸ ਮੌਕੇ ਦਿਲਬਾਗ ਸਿੰਘ ਮੀਆਂਪੁਰ, ਮਾਨ ਸਿੰਘ ਸੈਣੀ mc, ਹਰਦੀਪ ਸਿੰਘ ਖਿਜ਼ਰਾਬਾਦ, ਸ਼ਾਮ ਲਾਲ ਗੁੜਾ , ਗੁਰਧਿਆਨ ਸਿੰਘ ਨਵਾਂ ਗਰਾਓਂ, ਹਰਜਿੰਦਰ ਸਿੰਘ ਬਲੌਂਗੀ ਹਰਸਿਮਰਨ ਸਿੰਘ ਬਿੰਨੀ, ਅਮਨ ਸ਼ਰਮਾ, ਰਾਣਾ ਸੰਦੀਪ ਝੰਜੇੜੀ,ਚੇਅਰਪਰਸਨ ਬੀਬੀ ਬਿਮਲਾ, ਵਾਈਸ ਚੇਅਰਪਰਸਨ ਜਸਬੀਰ ਕੌਰ, ਸੰਮਤੀ ਮੈਂਬਰ ਰੁਪਿੰਦਰ ਕੌਰ ਧੀਮਾਨ, ਐਡਵੋਕੇਟ ਗੁਰਪ੍ਰੀਤ ਸਿੰਘ, ਰੁਲਦਾ ਰਾਮ, ਜਸਪਾਲ ਸਿੰਘ ਲੱਕੀ ਮਾਵੀ, ਅਮਰਜੀਤ ਸਿੰਘ ਕੰਸਾਲਾ, ਬਲਵਿੰਦਰ ਸਿੰਘ ਰਕੌਲੀ, ਜਸਵਿੰਦਰ ਸਿੰਘ ਸੋਹਾਲੀ, ਹਰਿੰਦਰ ਸਿੰਘ ਘਟੋਰ, ਸਰਬਜੀਤ ਸਿੰਘ ਚੰਦੋ, ਪਟਵਾਰੀ ਬਲਵਿੰਦਰ ਸਿੰਘ, ਜਸਪ੍ਰੀਤ ਸਿੰਘ ਸੰਧੂ, ਪਿਆਰਾ ਸਿੰਘ ਖਰੜ, ਅਮੂ ਸੈਣੀ, ਹੰਸ ਰਾਜ ਕਰੋੜਾਂ, ਮਨਮੋਹਨ ਸਿੰਘ ਮਾਵੀ, ਭੁਪਿੰਦਰ ਸਿੰਘ ਬੜੋਦੀ, ਯਾਦਵਿੰਦਰ ਸਿੰਘ ਸੰਮਤੀ ਮੈਂਬਰ, ਬਲਕਾਰ ਸਿੰਘ ਬੱਬੂ, ਮੇਜਰ ਸਿੰਘ ਭਾਗੋਮਾਜਰਾ, ਸ਼ੀਲਾ ਖਾਨਪੁਰ, ਕੇਸਰ ਸਿੰਘ ਗੋਚਰ, ਗੁਰਦੀਪ ਸਿੰਘ ਲੰਬੜਦਾਰ , ਰਾਜੂ ਮਾਣਕਪੁਰ,ਮਨਜੀਤ ਸਿੰਘ ਬੜੋਦੀ, ਹਾਜ਼ਰ ਸਨ।