5 Dariya News

ਜਿੱਥੇ ਬੁੱਧ ਘਰ ਵਾਪਸ ਆਉਂਦੇ ਹਨ : ਗਜੇਂਦਰ ਸਿੰਘ ਸ਼ੇਖਾਵਤ

5 Dariya News

ਚੰਡੀਗੜ੍ਹ 30-Apr-2026

ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ, ਤਥਾਗਤ ਬੁੱਧ ਦੇ ਪਵਿੱਤਰ ਅਵਸ਼ੇਸ਼ ਆਪਣੇ ਸਥਾਈ ਅਸਥਾਨ ਤੋਂ ਉਸ ਧਰਤੀ ਨੂੰ ਆਪਣਾ ਆਸ਼ੀਰਵਾਦ ਦੇਣ ਚਲੇ ਗਏ ਹਨ, ਜਿਸ ਨੇ ਸਦੀਆਂ ਦੀਆਂ ਮੁਸ਼ਕਲਾਂ, ਉਚਾਈਆਂ ਅਤੇ ਅਟੁੱਟ ਵਿਸ਼ਵਾਸ ਦੇ ਵਿਚਕਾਰ, ਧਰਮ ਨੂੰ ਜ਼ਿੰਦਾ ਰੱਖਿਆ ਹੈ। ਇਹ ਇੱਕ ਸੱਭਿਅਤਾ ਦਾ ਆਪਣੇ ਆਪ ਨੂੰ ਨਮਨ ਹੈ।

ਕਿਸੇ ਰਾਸ਼ਟਰ ਦੇ ਜੀਵਨ ਵਿੱਚ ਕੁਝ ਅਜਿਹੇ ਪਲ ਆਉਂਦੇ ਹਨ ਜਦੋਂ ਇਤਿਹਾਸ ਸਿਰਫ਼ ਖੁਦ ਨੂੰ ਦੁਹਰਾਉਂਦਾ ਨਹੀਂ- ਸਗੋਂ ਹੋਰ ਗਹਿਰਾ ਹੋ ਜਾਂਦਾ ਹੈ। ਇਸ ਬੁੱਧਵਾਰ, ਜਦੋਂ ਤਥਾਗਤ ਬੁੱਧ ਦੇ ਪਵਿੱਤਰ ਅਵਸ਼ੇਸ਼ ਇਸ ਪੱਧਰ ‘ਤੇ ਜਨਤਕ ਸ਼ਰਧਾ ਨਾਲ ਪਹਿਲੀ ਵਾਰ ਭਾਰਤ ਵਿੱਚ ਲੱਦਾਖ ਦੀ ਧਰਤੀ ‘ਤੇ ਉਤਰਣਗੇ, ਤਾਂ ਮੈਂ ਖੁਦ ਨੂੰ ਸਰਕਾਰੀ ਭਾਸ਼ਾ ਵੱਲ ਨਹੀਂ, ਸਗੋਂ ਕਿਸੇ ਬਹੁਤ ਪੁਰਾਣੀ ਚੀਜ਼ ਵੱਲ-ਸ਼ਰਧਾ ਵੱਲ-ਮੁੜਦੇ ਹੋਏ ਦੇਖਦਾ ਹਾਂ।

ਸਦੀਆਂ ਤੋਂ ਲੱਦਾਖ ਨੇ ਇਸ ਲਾਟ ਨੂੰ ਸੰਜੋ ਕੇ ਰੱਖਿਆ ਹੈ। ਉਨ੍ਹਾਂ ਭਿਆਨਕ ਸਰਦੀਆਂ ਦੌਰਾਨ ਜੋ ਨਦੀਆਂ ਨੂੰ ਜਮ੍ਹਾਂ ਦਿੰਦੀਆਂ ਹਨ, ਉਨ੍ਹਾਂ ਭੂ-ਰਾਜਨੀਤਿਕ ਦਬਾਅ ਦੇ ਵਿਚਕਾਰ ਜੋ ਸਭ ਤੋਂ ਮਜ਼ਬੂਤ ਆਤਮਾਵਾਂ ਨੂੰ ਵੀ ਪਰਖਦੇ ਹਨ, ਉੱਚੀਆਂ ਉਚਾਈਆਂ ਦੀ ਇਕਾਂਤ ਦੁਨੀਆ ਅੰਦਰ ਅਤੇ ਦੂਰ-ਦੁਰਾਡੇ ਪਹਾੜੀ ਰਸਤਿਆਂ ਦੀਆਂ ਮੁਸ਼ਕਲਾਂ ਦੇ ਵਿਚਕਾਰ...  ਲੱਦਾਖ ਦੇ ਲੋਕਾਂ ਨੇ ਆਪਣੇ ਧਰਮ ਨੂੰ ਅਜਿਹੀ ਸ਼ਰਧਾ ਨਾਲ ਜ਼ਿੰਦਾ ਰੱਖਿਆ ਹੈ ਜੋ ਹਰ ਸੰਸਥਾ ਅਤੇ ਹਰ ਸਰਕਾਰ ਨੂੰ ਨਿਮਰ ਬਣਾ ਦੇਵੇ। 

ਇਸ ਲਈ, ਇਹ ਪੂਰੀ ਤਰ੍ਹਾਂ ਨਾਲ ਢੁਕਵਾਂ ਹੈ ਕਿ ਭਾਰਤ ਦੀ ਪਹਿਲੀ ਇਤਿਹਾਸਕ ਜਨਤਕ ਪ੍ਰਦਰਸ਼ਨੀ ਕਿਸੇ ਮਹਾਨਗਰ ਦੇ ਏਅਰ-ਕੰਡੀਸ਼ਨਡ ਮਿਊਜ਼ੀਅਮ ਵਿੱਚ ਨਹੀਂ, ਸਗੋਂ ਇੱਥੇ - "ਵਿਸ਼ਵ ਦੀ ਛੱਤ" 'ਤੇ - ਹੋ ਰਹੀ ਹੈ ਜਿੱਥੇ ਆਸਥਾ ਹੀ ਜੀਵਨ ਦਾ ਤਾਣਾ-ਬਾਣਾ ਹੈ। ਅਤੇ ਸੋਚੋ- ਇਹ ਅਵਸ਼ੇਸ਼ ਕਿੱਥੋਂ ਆ ਰਹੇ ਹਨ? ਉਹ ਪਿਪਰਹਵਾ, ਉੱਤਰ ਪ੍ਰਦੇਸ਼ ਤੋਂ ਆਉਂਦੇ ਹਨ-ਉਹ ਸਥਾਨ ਜਿਸ ਨੂੰ ਇਤਿਹਾਸਕ ਤੌਰ ‘ਤੇ ਪ੍ਰਾਚੀਨ ਕਪਿਲਵਸਤੂ ਨਾਲ ਜੋੜਿਆ ਜਾਂਦਾ ਹੈ, ਸਿੱਧਾਰਥ ਗੌਤਮ ਦੀ ਜਨਮ ਭੂਮੀ। ਉਨ੍ਹਾਂ ਨੂੰ ਲੱਦਾਖ ਲਿਆਉਣਾ, ਸ਼ਬਦਾਂ ਦੇ ਅਰਥਾਂ ਵਿੱਚ , ਇੱਕ ਘਰ-ਵਾਪਸੀ ਹੈ। 

ਇੱਕ ਅਜਿਹਾ 'ਪਹਿਲੀ ਵਾਰ' ਜੋ ਯੁੱਗਾਂ ਦਾ ਭਾਰ ਚੁੱਕਦਾ ਹੈ

ਤਥਾਗਤ ਦੇ ਪਵਿੱਤਰ ਅਵਸ਼ੇਸ਼ਾਂ ਦੀ ਇਸ ਪਵਿੱਤਰ ਪ੍ਰਦਰਸ਼ਨੀ ਦਾ ਅਧਿਕਾਰਤ ਨਾਮ ਵੀ ਇੱਕ ਐਲਾਨ ਹੈ :"ਸੰਘਰਸ਼ ਦੇ ਸਮੇਂ ਵਿੱਚ ਸ਼ਾਂਤੀ।" ਇੱਕ ਅਜਿਹੀ ਦੁਨੀਆ ਵਿੱਚ ਜੋ ਯੁੱਧ, ਵੰਡ ਅਤੇ ਵਧਦੀ ਦੁਸ਼ਮਣੀ ਨਾਲ ਜੂਝ ਰਹੀ ਹੈ, ਇਹ ਸ਼ਬਦ ਉਸ ਮਾਨਸਿਕਤਾ ਨੂੰ ਚੁਣੌਤੀ ਦਿੰਦੇ ਹਨ ਜੋ ਸੰਘਰਸ਼ ਨੂੰ ਅਟੱਲ ਸਮਝਦੀ ਹੈ, ਸ਼ਕਤੀ ਨੂੰ ਹਮਲੇ ਦੀ ਭਾਵਨਾ ਨਾਲ ਜੋੜਦੀ ਹੈ, ਅਤੇ ਸ਼ਕਤੀ ਨੂੰ ਅਨਿਸ਼ਚਿਤਤਾ ਦੇ ਇੱਕੋ-ਇੱਕ ਜਵਾਬ ਵਜੋਂ ਦੇਖਦੀ ਹੈ। 

ਬੁੱਧ ਨੇ ਢਾਈ ਹਜ਼ਾਰ ਵਰ੍ਹੇ ਪਹਿਲਾਂ ਇਸ ਚੁਣੌਤੀ ਦਾ ਜਵਾਬ ਦਿੱਤਾ ਸੀ। ਅਸੀਂ ਉਨ੍ਹਾਂ ਦੀ ਭੌਤਿਕ ਮੌਜੂਦਗੀ ਨੂੰ ਵਾਪਸ ਲਿਆ ਰਹੇ ਹਾਂ – ਤਾਂ ਜੋ ਦੁਨੀਆ ਨੂੰ ਯਾਦ ਦਿਲਾ ਸਕੀਏ- ਇਹ ਜਵਾਬ ਅੱਜ ਵੀ ਓਨਾ ਹੀ ਢੁਕਵਾਂ ਹੈ। ਗੌਤਮ ਬੁੱਧ ਦੇ ਪਵਿੱਤਰ ਅਵਸ਼ੇਸ਼- ਜਿਨ੍ਹਾਂ ਨੂੰ ਬਹੁਤ ਪਵਿੱਤਰਤਾ ਦੇ ਨਾਲ ਸੰਭਾਲਿਆ ਗਿਆ ਹੈ-ਪਹਿਲੀ ਵਾਰ ਆਪਣੇ ਸਥਾਈ ਅਸਥਾਨ ਤੋਂ ਬਾਹਰ ਨਿਕਲ ਕੇ ਉਸ ਪੈਮਾਨੇ ਵੱਲ ਭਾਰਤੀ ਧਰਤੀ ਦੇ ਦਰਸ਼ਨਾਂ ਲਈ ਆ ਰਹੇ ਹਨ। 

Z ਦਰਜੇ ਦੀ ਸਕਿਓਰਿਟੀ ਨਾਲ, ਇੱਕ ਵਿਸ਼ੇਸ਼ ਜਹਾਜ਼ ਵਿੱਚ, ਉਹ 29 ਅਪ੍ਰੈਲ ਨੂੰ ਲੇਹ ਪਹੁੰਚਣਗੇ- ਅਤੇ ਪੰਦਰ੍ਹਾਂ ਦਿਨਾਂ ਤੱਕ, 1-15 ਮਈ ਤੱਕ, ਸ਼ੁਭ 2569ਵੀਂ ਵੈਸਾਖ ਬੁੱਧ ਪੂਰਣਿਮਾ ਦੇ ਪਵਿੱਤਰ ਮੌਕੇ ਤੋਂ ਸ਼ੁਰੂ ਹੋ ਕੇ, ਦੁਨੀਆ ਭਰ ਦੇ ਸ਼ਰਧਾਲੂਆਂ, ਭਿਕਸ਼ੂਆਂ, ਵਿਦਵਾਨਾਂ ਅਤੇ ਸ਼ਰਧਾਲੂਆਂ ਲਈ ਇਹ ਪ੍ਰਦਰਸ਼ਨੀ ਪਹੁੰਚਯੋਗ ਹੋਵੇਗੀ।

ਸਥਾਨ ਵੀ ਆਪਣੇ ਆਪ ਵਿੱਚ ਬਹੁਤ ਕੁਝ ਕਹਿੰਦੇ ਹਨ। ਮਹਾਬੋਧੀ ਅੰਤਰਰਾਸ਼ਟਰੀ ਧਿਆਨ ਕੇਂਦਰ, ਇਤਿਹਾਸਕ ਲੇਹ ਪੈਲੇਸ ਦਾ ਅਧਿਆਤਮਿਕ ਕੇਂਦਰ, ਅਤੇ ਜੀਵ-ਤਸਲ ਦੇ ਸਿੱਖਿਆ ਸਥਾਨ - ਓਹੀ ਪਵਿੱਤਰ ਧਰਤੀ ਜਿੱਥੇ ਪਰਮ ਪਵਿੱਤਰ ਦਲਾਈ ਲਾਮਾ ਨੇ ਆਪਣੀਆਂ ਸਿੱਖਿਆਵਾਂ ਦਿੱਤੀਆਂ ਹਨ - ਇਸ ਪ੍ਰਦਰਸ਼ਨੀ ਦੇ ਆਯੋਜਨ ਸਥਾਨ ਹੋਣਗੇ। ਅਤੇ ਅਵਸ਼ੇਸ਼ ਸਿਰਫ਼ ਲੇਹ ਤੱਕ ਸੀਮਤ ਨਹੀਂ ਰਹਿਣਗੇ; 11 ਅਤੇ 12 ਮਈ ਦੇ ਵਿਚਕਾਰ, ਉਹ ਦੂਰ-ਦੁਰਾਡੇ ਜਾਂਸਕਰ ਘਾਟੀ ਦੀ ਯਾਤਰਾ ਕਰਨਗੇ – ਉਸ ਭਾਈਚਾਰੇ ਤੱਕ ਬੁੱਧ ਦੀ ਕਿਰਪਾ ਨੂੰ ਪਹੁੰਚਾਉਣ ਲਈ, ਜਿਨ੍ਹਾਂ ਦੀਆਂ ਬੋਧੀ ਪਰੰਪਰਾਵਾਂ ਉਨ੍ਹਾਂ ਦੇ ਲੈਂਡਸਕੇਪ ਦੀਆਂ ਖੱਡਾਂ ਜਿੰਨੀਆਂ ਡੂੰਘੀਆਂ ਹਨ।

 “ਇਹ ਭਾਰਤ ਦੀ ਆਤਮਾ, ਉਸ ਦੀ ਸੱਭਿਅਤਾ ਅਤੇ ਉਸ ਸਦੀਵੀ ਸੁਨੇਹੇ ਦਾ ਉਤਸਵ ਹੈ ਜੋ ਉਹ ਇੱਕ ਟੁੱਟਦੀ ਹੋਈ ਦੁਨੀਆ ਨੂੰ ਦਿੰਦੀ ਹੈ।”

ਉਹ ਧਰਤੀ ਜਿਸ ਨੇ ਅਲਖ ਨੂੰ ਕਦੇ ਬੁਝਣ ਨਹੀਂ ਦਿੱਤਾ

ਇਹ ਸਮਝਣ ਲਈ ਕਿ ਲੱਦਾਖ ਇਸ ਮੌਕੇ ਲਈ ਸਹੀ ਘਰ ਕਿਉਂ ਹੈ, ਪਹਿਲਾਂ ਲੱਦਾਖ ਨੂੰ ਸਮਝਣਾ ਹੋਵੇਗਾ। ਇਹ ਸਿਰਫ਼ ਮਠਾਂ ਅਤੇ ਪਹਾੜਾਂ ਦਾ ਇੱਕ ਨਾਟਕੀ ਲੈਂਡਸਕੇਪ ਨਹੀਂ ਹੈ-ਭਾਵੇਂ ਉਹ ਲੈਂਡਸਕੇਪ ਕਿੰਨਾ ਵੀ ਮਨਮੋਹਕ ਕਿਉਂ ਨਾ ਹੋਵੇ। ਇਹ ਧਰਮ ਦੀ ਇੱਕ ਜੀਵੰਤ ਯੂਨੀਵਰਸਿਟੀ ਹੈ। 

ਹੇਮਿਸ ਮਠ ਦੀਆਂ ਸ਼ਾਂਤ ਉਚਾਈਆਂ ਤੋਂ – ਜਿਸ ਦਾ ਸਲਾਨਾ ਤਿਉਹਾਰ ਸਮੁੱਚੀ ਹਿਮਾਲਿਅਨ ਦੁਨੀਆ ਭਰ ਦੇ ਸ਼ਰਧਾਲੂਆਂ ਨੂੰ ਆਕਰਸ਼ਿਤ ਕਰਦਾ ਹੈ – ਅਲਚੀ (Alchi) ਦੇ ਪ੍ਰਾਚੀਨ ਕੰਧ ਚਿੱਤਰਾਂ ਤੱਕ, ਜੋ 10ਵੀਂ ਸਦੀ ਵਿੱਚ ਬਣਾਏ ਗਏ ਅਤੇ ਅਜੇ ਵੀ ਭਗਤੀ ਭਰੇ ਪ੍ਰਕਾਸ਼ ਨਾਲ ਜੀਵੰਤ ਹਨ; ਡਿਸਕਿਟ (Diskit) ਦੀ ਵਿਸ਼ਾਲ ਮੈਤ੍ਰੇਯ ਬੁੱਧ ਪ੍ਰਤਿਮਾ ਤੋਂ - ਜੋ ਕਿ ਸ਼ਯੋਕ ਨਦੀ ਵੱਲ ਅਨੰਤ ਦਇਆ ਦੀ ਨਜ਼ਰ ਨਾਲ ਵੇਖਦੀ ਹੈ - ਥਿਕਸੇ ਦੇ ਬਹੁ-ਪੱਧਰੀ ਗਿਆਨ ਤੱਕ, ਜਿਸ ਦੀ ਤੁਲਨਾ ਅਕਸਰ ਤਿੱਬਤ ਦੇ ਮਹਾਨ ਮਠਾਂ ਨਾਲ ਕੀਤੀ ਜਾਂਦੀ ਹੈ-ਲੱਦਾਖ ਹਜ਼ਾਰ ਵਰ੍ਹਿਆਂ ਤੋ ਵੱਧ ਸਮੇਂ ਨਾਲ ਬੁੱਧ ਦਰਸ਼ਨ, ਕਲਾ ਪਾਂਡੂਲਿਪੀ ਪਰੰਪਰਾ ਅਤੇ ਜੀਵੰਤ ਸਾਧਨਾ ਦੇ ਸਭ ਤੋਂ ਅਸਧਾਰਣ ਭੰਡਾਰਾਂ ਵਿੱਚੋਂ ਇੱਕ ਰਿਹਾ ਹੈ। 

ਇਹ ਮਠ, ਇਨ੍ਹਾਂ ਵਿੱਚ ਰਹਿਣ ਵਾਲੇ ਭਿਕਸ਼ੂ-ਇਹ ਉਸ ਪਰੰਪਰਾ ਦੇ ਸਰਗਰਮ ਰਖਵਾਲੇ ਹਨ ਜੋ ਹਿਮਾਲਿਅਨ ਖੇਤਰ ਵਿੱਚ ਆਉਣ ਵਾਲੇ ਹਰ ਭੂ-ਰਾਜਨੀਤਿਕ ਤੂਫਾਨ ਵਿੱਚ ਟਿਕੀ ਰਹੀ ਅਤੇ ਉਨ੍ਹਾਂ ਨੇ ਸੰਭਾਲ ਦਾ ਇਹ ਕਾਰਜ ਉਨ੍ਹਾਂ ਸਥਿਤੀਆਂ ਵਿੱਚ ਕੀਤਾ ਹੈ ਜੋ ਜ਼ਿਆਦਾਤਰ ਪ੍ਰਸ਼ਾਸਕਾਂ ਦੀ ਕਲਪਨਾ ਨੂੰ ਵੀ ਪ੍ਰਭਾਵਿਤ ਕਰ ਦੇਣ: ਕੜਾਕੇ ਦੀ ਠੰਡ, ਸੀਮਤ ਸਰੋਤ, ਬੁਨਿਆਦੀ ਸਹੂਲਤਾਂ ਦੀ ਘਾਟ ਅਤੇ ਇੱਕ ਅਜਿਹਾ ਭੂਗੋਲ ਜਿਸ ਨੂੰ ਵਸਾਉਣ ਲਈ ਸਿਰਫ਼ ਹਿੰਮਤ ਦੀ ਲੋੜ ਹੁੰਦੀ ਹੈ।

ਇਹ ਭਾਰਤ ਦੀ ਅਧਿਕਾਰਤ ਮਨਜ਼ੂਰੀ ਹੈ ਕਿ ਲੱਦਾਖ ਹਮੇਸ਼ਾ ਤੋਂ ਕੀ ਰਿਹਾ ਹੈ-ਨਕਸ਼ੇ ਦੇ ਕੰਢੇ ‘ਤੇ ਇੱਕ ਸੀਮਾਂਤ ਖੇਤਰ ਨਹੀਂ, ਸਗੋਂ ਰਾਸ਼ਟਰ ਦੀ ਪਛਾਣ ਦੇ ਕੇਂਦਰ ਵਿੱਚ ਧੜਕਦਾ ਹੋਇਆ ਇੱਕ ਅਧਿਆਤਮਿਕ ਦਿਲ।

ਸੱਭਿਅਤਾਗਤ ਡੂੰਘਾਈ ਵਿੱਚ ਸ਼ਾਮਲ ਇੱਕ ਦ੍ਰਿਸ਼ਟੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲੱਦਾਖ ਨੂੰ ਬੁੱਧ ਸੰਸਕ੍ਰਿਤੀ ਅਤੇ ਅਧਿਆਤਮਿਕਤਾ ਦਾ ਇੱਕ ਜੀਵੰਤ ਕੇਂਦਰ ਵਜੋਂ ਨਿਰੰਤਰ ਵਰਣਨ ਕੀਤਾ ਹੈ। ਉਨ੍ਹਾਂ ਨੇ ਲੱਦਾਖ ਦੇ ਲੋਕਾਂ ਦੀ ਲਚਕਤਾ ਅਤੇ ਦੇਸ਼ਭਗਤੀ ਦੀ- ਖਾਸ ਕਰਕੇ ਮੁਸ਼ਕਲ ਸੀਮਾ ਹਾਲਤਾਂ ਵਿੱਚ-ਅਕਸਰ ਗੱਲ ਕੀਤੀ ਹੈ, ਉਨ੍ਹਾਂ ਦੀ ਅਧਿਆਤਮਿਕ ਸ਼ਕਤੀ ਨੂੰ ਰਾਸ਼ਟਰੀ ਸੰਕਲਪ ਅਤੇ ਏਕਤਾ ਨਾਲ ਜੋੜਦੇ ਹੋਏ। 

ਉਨ੍ਹਾਂ ਨੇ ਸਪਸ਼ਟ ਕੀਤਾ ਹੈ ਕਿ ਲੱਦਾਖ ਵਿੱਚ ਵਿਕਾਸ ਉਸ ਦੇ ਅਨੋਖੇ ਸੱਭਿਆਚਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਚੱਲੇਗਾ। ਜਿਹਾ ਕਿ ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਹੈ: ਲੱਦਾਖ ਨਾ ਸਿਰਫ਼ ਅਤਿਅੰਤ ਰਣਨੀਤਕ ਮਹੱਤਵ ਦੀ ਭੂਮਿਕਾ ਹੈ, ਸਗੋਂ ਬੁੱਧ ਦੀਆਂ ਸਿੱਖਿਆਵਾਂ ਦਾ ਇੱਕ ਜੀਵੰਤ ਕੇਂਦਰ ਵੀ ਹੈ। 

ਪਵਿੱਤਰ ਅਵਸ਼ੇਸ਼ਾਂ ਦੀ ਇਹ ਯਾਤਰਾ ਇੱਕ ਅਧਿਆਤਮਿਕ ਅਸ਼ੀਰਵਾਦ ਵੀ ਹੈ ਅਤੇ ਬੋਧੀ ਵਿਰਾਸਤ ਨੂੰ ਸੰਜੋ ਕੇ ਰੱਖਣ ਵਿੱਚ ਲੱਦਾਖ ਦੀ ਸਦੀਆਂ ਪੁਰਾਣੀ ਭੂਮਿਕਾ, ਅਤੇ ਰਾਸ਼ਟਰ ਦੀ ਸੇਵਾ ਵਿੱਚ ਇੱਥੋਂ ਦੇ ਲੋਕਾਂ ਦੀ ਦਲੇਰੀ ਅਤੇ ਸਮਰਪਣ ਦੀ ਪਛਾਣ ਵੀ। ਇਹ ਦ੍ਰਿਸ਼ਟੀਕੋਣ - ਕਿ ਲੱਦਾਖ ਇੱਕੋ ਸਮੇਂ ਰਾਸ਼ਟਰੀ ਸੁਰੱਖਿਆ ਦੀ ਸਰਹੱਦ ਹੈ ਅਤੇ ਸੱਭਿਅਤਾ ਦੇ ਗਿਆਨ ਦਾ ਗੜ੍ਹ ਹੈ - ਇਸ ਸਥਾਨ ਦਾ ਸਭ ਤੋਂ ਸੁਮੇਲ ਪਹਿਲੂ ਹੈ।

ਇੱਕ ਟੁੱਟਦੀ ਦੁਨੀਆਂ ਨੂੰ ਲੱਦਾਖ ਕੀ ਸਿਖਾਉਂਦਾ ਹੈ

ਇਹ ਪ੍ਰਦਰਸ਼ਨੀ ਭਾਰਤ ਵਿੱਚ ਹੁਣ ਤੱਕ ਦੇ ਬੋਧੀ ਭਾਈਚਾਰਿਆਂ ਦੀਆਂ ਸਭ ਤੋਂ ਵੱਡੇ ਇਕੱਠਾਂ ਵਿੱਚੋਂ ਇੱਕ ਬਣਨ ਦੀ ਸੰਭਾਵਨਾ ਰੱਖਦੀ ਹੈ। ਅਤੇ ਇੱਕ ਅਜਿਹੀ ਦੁਨੀਆਂ ਵਿੱਚ ਜੋ ਸੰਘਰਸ਼, ਧਰੁਵੀਕਰਣ ਅਤੇ ਸ਼ੱਕ ਦੀ ਰਾਜਨੀਤੀ ਨਾਲ ਪਰਿਭਾਸ਼ਿਤ ਹੋ ਰਹੀ ਹੈ, ਇਹ ਇਕੱਠ ਇੱਕ ਅਜਿਹਾ ਸੰਦੇਸ਼ ਦਿੰਦਾ ਹੈ ਜੋ ਕਿਸੇ ਵੀ ਇੱਕ ਵਿਸ਼ਵਾਸ ਦੀਆਂ ਸੀਮਾਵਾਂ ਨੂੰ ਪਾਰ ਕਰਦਾ ਹੈ।

ਅਹਿੰਸਾ, ਦਇਆ ਅਤੇ ਅੰਦਰੂਨੀ ਜਾਗ੍ਰਿਤੀ ਬਾਰੇ ਬੁੱਧ ਦੀਆਂ ਸਿੱਖਿਆਵਾਂ ਕਿਸੇ ਇੱਕ ਭਾਈਚਾਰੇ, ਸੰਪ੍ਰਦਾਇ ਜਾਂ ਪਰੰਪਰਾ ਦੀ ਵਿਸ਼ੇਸ਼ ਸੰਪਤੀ ਨਹੀਂ ਹਨ। ਭਾਵੇਂ ਇਹ ਗੇਲੁਗ ਹੋਵੇ, ਡਰੁਕਪਾ, ਕਾਗਯੂ, ਜਾਂ ਲੱਦਾਖ ਵਿੱਚ ਪ੍ਰਫੁੱਲਤ ਹੋਣ ਵਾਲੀ ਕੋਈ ਹੋਰ ਮਹਾਨ ਪਰੰਪਰਾ ਹੋਵੇ - ਧਰਮ ਦਾ ਸਾਰ ਇੱਕ ਹੀ ਰਹਿੰਦਾ ਹੈ: ਦਇਆ ਦਾ, ਬੁੱਧੀ ਦਾ ਅਤੇ ਸਦਭਾਵਨਾ ਦਾ ਮਾਰਗ।

ਇਹ ਪਵਿੱਤਰ ਪ੍ਰਦਰਸ਼ਨੀ - ਇੱਕ ਅਜਿਹੇ ਸਮੇਂ ਪਹੁੰਚ ਰਹੀ ਹੈ ਜਦੋਂ ਖੇਤਰ ਵਿੱਚ ਬਸੰਤ ਆ ਰਹੀ ਹੈ ਅਤੇ ਉੱਚੇ ਪਹਾੜੀ ਰਸਤਿਆਂ ਤੋਂ ਬਰਫ਼ ਪਿਘਲਣੀ ਸ਼ੁਰੂ ਹੋ ਗਈ ਹੈ - ਹਰ ਉਸ ਸੀਮਾ ਨੂੰ ਪਾਰ ਕਰਨ ਦਾ ਸੱਦਾ ਦਿੰਦੀ ਹੈ ਜੋ ਸਾਨੂੰ ਵੰਡਦੀ ਹੈ: ਸੰਪ੍ਰਦਾਇ ਦੀ, ਕੌਮੀਅਤ ਅਤੇ ਡਰ ਦੀ। “ਅਵਸ਼ੇਸ਼ ਆਸਥਾਵਾਨਾਂ ਨੂੰ ਅਸ਼ੀਰਵਾਦ ਦਿੰਦੇ ਹਨ। ਪਰ ਉਹ ਇੱਕ ਦੇਖਣ ਵਾਲੀ ਦੁਨੀਆਂ ਨੂੰ ਇਹ ਵੀ ਯਾਦ ਦਿਵਾਉਂਦੇ ਹਨ ਕਿ ਸ਼ਕਤੀ ਦੇ ਸਭ ਤੋਂ ਸ਼ਾਂਤ ਰੂਪ ਹਮੇਸ਼ਾ ਸਭ ਤੋਂ ਸਥਾਈ ਰਹੇ ਹਨ।

ਇਸ ਜੀਵੰਤ ਵਿਰਾਸਤ ਪ੍ਰਤੀ ਸਾਡੀ ਵਚਨਬੱਧਤਾ

ਭਾਰਤ ਸਰਕਾਰ ਲੱਦਾਖ ਨੂੰ ਦੁਨੀਆ ਦੇ ਬੋਧੀ ਸੱਭਿਆਚਾਰ ਦੇ ਸਭ ਤੋਂ ਮਹੱਤਵਪੂਰਨ ਜੀਵਤ ਕੇਂਦਰਾਂ ਵਿੱਚੋਂ ਇੱਕ ਮੰਨਦੀ ਹੈ। ਅਸੀਂ ਵਚਨਬੱਧ ਹਾਂ- ਸਿਰਫ ਨੀਤੀ ਦਸਤਾਵੇਜ਼ਾਂ ਦੀ ਭਾਸ਼ਾ ਵਿੱਚ ਨਹੀਂ, ਸਗੋਂ ਠੋਸ ਕਾਰਵਾਈ ਵਿੱਚ- ਇਸਦੇ ਮੱਠਾਂ ਦੀ ਸੰਭਾਲ, ਬੋਧੀ ਅਧਿਐਨਾਂ ਨੂੰ ਉਤਸ਼ਾਹਿਤ ਕਰਨ ਅਤੇ ਇਸ ਦੀਆਂ ਵਿਲੱਖਣ ਸੱਭਿਆਚਾਰਕ ਪਰੰਪਰਾਵਾਂ ਦੀ ਰਾਖੀ ਲਈ।

ਇਸ ਪ੍ਰਦਰਸ਼ਨੀ ਦੇ ਹਿੱਸੇ ਵਜੋਂ, ਵੱਡੀ ਗਿਣਤੀ ਵਿੱਚ ਭਿਕਸ਼ੂਆਂ ਦੀ ਇੱਕ ਵਿਸ਼ਾਲ ਬੋਧੀ ਜਾਪ-ਸਭਾ ਦੀ ਯੋਜਨਾ ਬਣਾਈ ਗਈ ਹੈ – ਜਿਸ ਨੂੰ ਆਯੋਜਕ Guinness World Records (ਗਿਨੀਜ਼ ਵਰਲਡ ਰਿਕਾਰਡ) ਵਿੱਚ ਦਰਜ ਕਰਵਾਉਣਾ ਚਾਹੁੰਦੇ ਹਨ – ਜੋ ਇਸ ਧਰਤੀ ਦੀ ਉਸ ਭਗਤੀ ਦੇ ਪੈਮਾਨੇ ਦਾ ਇੱਕ ਢੁਕਵਾਂ ਪ੍ਰਤੀਕ ਹੈ ਜਿਸ ਨੂੰ ਉਹ ਜਗਾਉਂਦੀ ਹੈ। ਕੇਂਦਰ ਸਰਕਾਰ ਮਠ ਸੰਸਥਾਵਾਂ ਅਤੇ ਲੱਦਾਖ ਦੇ ਲੋਕਾਂ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖੇਗੀ ਤਾਂ ਜੋ ਇਹ ਅਮੀਰ ਵਿਰਾਸਤ ਵਧੇ-ਫੁੱਲੇ ਅਤੇ ਦੁਨੀਆ ਤੱਕ ਪਹੁੰਚੇ। 

ਲੱਦਾਖ ਸੈਰ-ਸਪਾਟੇ ਅਤੇ ਖੁਦ ਇਸ ਪਵਿੱਤਰ ਪ੍ਰਦਰਸ਼ਨੀ ਲਈ ਹਾਲ ਹੀ ਵਿੱਚ ਲਾਂਚ ਕੀਤੇ ਗਏ digital portals ਇਸੇ ਦਿਸ਼ਾ ਵਿੱਚ ਚੁੱਕੇ ਗਏ ਕਦਮ ਹਨ। ਗੋਂਪਾ ਐਸੋਸੀਏਸ਼ਨ, ਬੁੱਧ ਐਸੋਸੀਏਸ਼ਨ, ਅਤੇ ਉਪ-ਰਾਜਪਾਲ ਸ਼੍ਰੀ ਵਿਨੈ ਕੁਮਾਰ ਸਕਸੈਨਾ ਦੀ ਅਗਵਾਈ ਵਾਲਾ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ - ਨੇ ਉਸੇ ਏਕਤਾ ਨਾਲ ਮਿਲ ਕੇ ਕੰਮ ਕੀਤਾ ਹੈ ਜੋ ਖੁਦ ਅਵਸ਼ੇਸ਼ਾਂ ਦੀਆਂ ਸਿੱਖਿਆਵਾਂ ਵਿੱਚ ਮੌਜੂਦ ਹੈ।

ਇੱਕ ਅਜਿਹਾ ਪਲ ਜੋ ਸਾਡਾ ਸਾਰਿਆਂ ਦਾ ਹੈ

ਜਿਓਂ ਹੀ ਤਥਾਗਤ ਬੁੱਧ ਦੇ ਪਵਿੱਤਰ ਅਵਸ਼ੇਸ਼ ਇਸ ਬੁੱਧਵਾਰ ਨੂੰ ਲੱਦਾਖ ਵਿੱਚ ਪਹੁੰਚਣਗੇ, ਕੁਝ ਪ੍ਰਾਚੀਨ ਹਲਚਲ ਹੋਵੇਗੀ। ਇਹ ਅਹਿਸਾਸ ਹੈ ਕਿ, ਕਿਸੇ ਸੱਭਿਅਤਾ ਦੇ ਜੀਵਨ ਵਿੱਚ, ਕੁਝ ਚੀਜ਼ਾਂ ਕਿਸੇ ਵੀ ਰਾਜਨੀਤਿਕ ਮੌਸਮ ਦੇ ਚੱਕਰਾਂ ਤੋਂ ਪਰ੍ਹੇ ਹੁੰਦੀਆਂ ਹਨ। ਬੁੱਧ ਦਾ ਦਇਆ ਦਾ ਸੰਦੇਸ਼ ਉਨ੍ਹਾਂ ਚੀਜ਼ਾਂ ਵਿੱਚੋਂ ਹੀ ਇੱਕ ਹੈ। ਉਸ ਸੰਦੇਸ਼ ਪ੍ਰਤੀ ਲੱਦਾਖ ਦੀ ਸ਼ਰਧਾ ਵੀ ਉਨ੍ਹਾਂ ਵਿੱਚੋਂ ਇੱਕ ਹੈ।

ਬੁੱਧ ਦੇ ਆਸ਼ੀਰਵਾਦ ਨਾਲ ਲੱਦਾਖ ਦੇ ਹਰ ਘਰ ਵਿੱਚ ਸ਼ਾਂਤੀ ਆਵੇ, ਸਾਰੇ ਭਾਈਚਾਰਿਆਂ ਵਿੱਚ ਸਦਭਾਵਨਾ ਹੋਵੇ, ਅਤੇ ਸਾਰੇ ਜੀਵਾਂ ਨੂੰ ਅਧਿਆਤਮਿਕ ਜਾਗ੍ਰਿਤੀ ਮਿਲੇ। ਅਤੇ ਇਹ ਪਵਿੱਤਰ ਪ੍ਰਦਰਸ਼ਨੀ ਸਾਨੂੰ ਸਾਰਿਆਂ ਨੂੰ –ਭਾਵੇਂ ਸਾਡੀ ਆਸਥਾ ਕੁਝ ਵੀ ਹੋਵੇ, ਚਾਹੇ ਅਸੀਂ ਜਿੱਥੇ ਵੀ ਖੜ੍ਹੇ ਹੋਈਏ –ਯਾਦ ਦਿਲਾਵੇ ਕਿ ਮਨੁੱਖਤਾ ਦੀ ਸਭ ਤੋਂ ਡੂੰਘੀ ਇੱਛਾ ਹਮੇਸ਼ਾ ਇੱਕੋ ਹੀ ਰਹੀ ਹੈ: ਬਿਨਾ ਦੁੱਖ ਪਹੁੰਚਾਏ  ਜੀਉਣਾ, ਗਿਆਨ ਨਾਲ ਕੰਮ ਕਰਨਾ, ਅਤੇ ਦੁਨੀਆ ਨੂੰ ਉਸ ਤੋਂ ਥੋੜ੍ਹਾ ਜ਼ਿਆਦਾ ਸ਼ਾਂਤੀਪੂਰਨ ਛੱਡ ਜਾਣਾ, ਜਿੰਨੀ ਸਾਨੂੰ ਮਿਲੀ ਸੀ।

बुद्धं शरणं गच्छामि।

धम्मं शरणं गच्छामि।

संघं शरणं गच्छामि।