5 Dariya News

ਪਰਾਲੀ ਪ੍ਰਬੰਧਨ ਲਈ ਜ਼ਿਲ੍ਹਾ ਪ੍ਰਸ਼ਾਸਨ ਸਰਗਰਮ

ਡਿਪਟੀ ਕਮਿਸ਼ਨਰ ਅਤੇ ਐੱਸ ਐੱਸ ਪੀ ਵਲੋਂ ਮੌੜ ਨਾਭਾ ਅਤੇ ਢਿੱਲਵਾਂ ਦੇ ਖੇਤਾਂ ਦਾ ਦੌਰਾ

5 Dariya News

ਬਰਨਾਲਾ/ਤਪਾ 29-Apr-2026

ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਕਣਕ ਦੇ ਨਾੜ ਨੂੰ ਅੱਗ ਲਗਾਏ ਜਾਣ ਵਿਰੁੱਧ ਸਰਗਰਮ ਹੈ। ਅੱਜ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਵਲੋਂ ਪਿੰਡ ਮੌੜ ਨਾਭਾ ਅਤੇ ਢਿੱਲਵਾਂ ਦੇ ਖੇਤਾਂ ਦਾ ਦੌਰਾ ਕੀਤਾ ਗਿਆ ਜਿੱਥੇ ਨਾੜ ਸਾੜਨ ਦੇ ਮਾਮਲੇ ਆਏ ਸਨ। ਓਹਨਾਂ ਜਿੱਥੇ ਸਬੰਧਤ ਕਿਸਾਨਾਂ ਨੂੰ ਵਿਰੁੱਧ ਬਣਦੀ ਕਾਰਵਾਈ ਦੇ ਨਿਰਦੇਸ਼ ਦਿੱਤੇ, ਓਥੇ ਫੀਲਡ ਟੀਮਾਂ ਨੂੰ ਚੌਕਸ ਰਹਿਣ ਦੀ ਸਖ਼ਤ ਹਦਾਇਤ ਕੀਤੀ। 

ਇਸ ਮੌਕੇ ਐੱਸ ਐੱਸ ਪੀ ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਵਲੋਂ ਪਿੰਡ ਮੌੜ ਨਾਭਾ ਅਤੇ ਢਿੱਲਵਾਂ ਦੇ ਖੇਤਾਂ ਦਾ ਦੌਰਾ ਕੀਤਾ ਗਿਆ ਜਿੱਥੇ ਕਿਸਾਨਾਂ ਵਲੋਂ ਨਾੜ ਨੂੰ ਅੱਗ ਲੱਗਣ ਦੇ ਮਾਮਲੇ ਰਿਪੋਰਟ ਹੋਏ ਸਨ। ਇਸ ਮੌਕੇ ਉਹਨਾਂ ਸਬੰਧਤ ਕਿਸਾਨਾਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੀ ਹਦਾਇਤ ਕੀਤੀ। 

ਓਹਨਾਂ ਨੋਡਲ ਅਤੇ ਕਲੱਸਟਰ ਅਫ਼ਸਰਾਂ ਸਮੇਤ ਪੁਲੀਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਨੂੰ ਹਦਾਇਤ ਕੀਤੀ ਕਿ ਟੀਮਾਂ ਪੂਰੀ ਤਰਾਂ ਚੌਕਸ ਰਹਿਣ ਅਤੇ ਨਾੜ ਨੂੰ ਅੱਗ ਨਾ ਲੱਗਣ ਦਿੱਤੀ ਜਾਵੇ। ਓਹਨਾਂ ਕਿਹਾ ਕਿ ਇਸ ਮਾਮਲੇ ਵਿਚ ਲਾਪਰਵਾਹੀ ਵਰਤਣ ਵਾਲੇ ਅਮਲੇ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਾੜ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਓਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੇ ਨਾੜ ਨੂੰ ਅੱਗ ਲਾਉਣ ਉੱਤੇ ਪੂਰਨ ਪਾਬੰਦੀ ਹੈ। ਇਸ ਲਈ ਨਾੜ ਨੂੰ ਅੱਗ ਨਾ ਲਾਈ ਜਾਵੇ, ਇਸ ਨਾਲ ਜਿੱਥੇ ਓਥੇ ਵਾਤਾਵਰਨ, ਜੀਵ ਜੰਤੂਆਂ, ਮਨੁੱਖੀ ਸਿਹਤ ਦਾ ਨੁਕਸਾਨ ਹੁੰਦਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ। 

ਇਸ ਲਈ ਕਿਸਾਨ ਇਸ ਮੁਹਿੰਮ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦੇਣ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਸੁਖਪਾਲ ਸਿੰਘ, ਕਲੱਸਟਰ, ਨੋਡਲ ਅਫ਼ਸਰ ਤੇ ਹੋਰ ਅਧਿਕਾਰੀ, ਕਰਮਚਾਰੀ ਮੌਜੂਦ ਸਨ।