ਆਗਾਮੀ ਸਾਉਣੀ ਸੀਜਨ ਲਈ ਜਿਲ੍ਹੇ ਵਿੱਚ ਖਾਦਾਂ ਦੀ ਸਪਲਾਈ ਅਤੇ ਉਪਲੱਬਧਤਾ ਦੇ ਪੁਖਤਾ ਪ੍ਰਬੰਧ
ਡਿਪਟੀ ਕਮਿਸ਼ਨਰ ਵੱਲੋਂ ਸਮੂਹ ਖਾਦ ਸਪਲਾਈ ਕੰਪਨੀਆਂ ਦੇ ਨੁਮਾਇੰਦਿਆਂ ਤੇ ਖੇਤੀਬਾੜ੍ਹੀ ਅਧਿਕਾਰੀਆਂ ਦੀ ਮੀਟਿੰਗ
5 Dariya News
ਮੋਗਾ 28-Apr-2026
ਆਉਣ ਵਾਲੇ ਸਾਉਣੀ 2026 ਸੀਜਨ ਵਿੱਚ ਕਿਸਾਨਾਂ ਨੂੰ ਸਮੇ ਸਿਰ ਖਾਦਾਂ ਦੀ ਸਪਲਾਈ ਦਾ ਜਾਇਜਾ ਲੈਣ ਲਈ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸਾਗਰ ਸੇਤੀਆ ਨੇ ਸਮੂਹ ਖਾਦ ਸਪਲਾਈ ਕੰਪਨੀਆਂ ਦੇ ਨੁਮਾਇੰਦਿਆਂ ਦੀ ਅਹਿਮ ਮੀਟਿੰਗ ਬੁਲਾਈ। ਇਸ ਮੀਟਿੰਗ ਵਿੱਚ ਉਹਨਾਂ ਨਾਲ ਖੇਤੀਬਾੜੀ ਵਿਭਾਗ ਦੇ ਨੁਮਾਇੰਦੇ ਵੀ ਹਾਜਰ ਸਨ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੇਖਣ ਵਿੱਚ ਆਇਆ ਹੈ ਕਿ ਸਾਉਣੀ ਸੀਜਨ ਲਈ ਯੂਰੀਆ/ਡੀ ਏ ਪੀ/ਪੋਟਾਸ਼/ ਸਿੰਗਲ ਸੁਪਰ ਫਾਸਫੇਟ ਅਤੇ ਹੋਰ ਖਾਦਾਂ ਦੀ ਸਪਲਾਈ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਸਟਾਕ ਵੀ ਲੋੜੀਦੀ ਮਾਤਰਾ ਵਿੱਚ ਉਪਲੱਬਧ ਹੈ, ਜਿਲ੍ਹੇ ਵਿੱਚ ਖਾਦਾਂ ਦੀ ਕੋਈ ਕਮੀ ਨਹੀਂ ਆਵੇਗੀ। ਉਨ੍ਹਾਂ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ , ਲੁਧਿਆਣਾ ਅਤੇ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦੀਆਂ ਸਿਫਾਰਸ਼ਾਂ ਅਨੁਸਾਰ ਝੋਨੇ ਵਿੱਚ 110 ਕਿਲੋ ਯੂਰੀਆ ਪ੍ਰਤੀ ਏਕੜ, ਮੱਕੀ ਵਿੱਚ 110 ਕਿਲੋ ਪ੍ਰਤੀ ਏਕੜ ਅਤੇ ਹੋਰ ਫਸਲਾਂ ਵਿੱਚ ਵੀ ਮਿੱਟੀ ਪਰਖ ਦੇ ਆਧਾਰ ਤੇ ਹੀ ਪਾਉਣ।
ਜਿਆਦਾ ਯੂਰੀਆ ਅਤੇ ਹੋਰ ਖਾਦਾਂ ਦੀ ਵਰਤੋ ਨਾਲ ਖੇਤੀ ਖਰਚਾ ਵੱਧਦਾ ਹੈ, ਫਸਲਾਂ ਤੇ ਕੀੜੇ -ਮਕੌੜੇ ਦਾ ਹਮਲਾ ਵੱਧ ਹੁੰਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸਾਨ ਹਰੀ ਖਾਦ ਜਿਵੇਂ ਜੰਤਰ, ਮੂੰਗੀ ਆਦਿ ਦੀ ਵਰਤੋਂ ਕਰਨ ਤਾਂ ਜ਼ੋ ਯੂਰੀਆ ਅਤੇ ਹੋਰ ਨਾਈਟਰੋਜਨ ਖਾਦਾਂ ਦੀ ਬੇਲੋੜੀ ਖਪਤ ਨੂੰ ਘਟਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਵੱਲੋ ਸਮੂਹ ਖਾਦ ਕੰਪਨੀਆਂ ਨੂੰ ਖਾਦਾਂ ਦੇ ਨਾਲ ਹੋਰ ਖੇਤੀ ਸਮੱਗਰੀ ਦੀ ਟੈਗਿੰਗ ਨਾ ਕਰਨ ਦੀ ਵੀ ਸਖਤ ਹਦਾਇਤ ਕੀਤੀ। ਉਹਨਾਂ ਕਿਹਾ ਕਿ ਜੇਕਰ ਭਵਿੱਖ ਵਿੱਚ ਖਾਦ ਦੀ ਟੈਗਿੰਗ ਜਾਂ ਕਾਲਾ ਬਾਜ਼ਾਰੀ ਸਬੰਧੀ ਕੋਈ ਸ਼ਿਕਾਇਤ ਆਉਦੀ ਹੈ ਤਾਂ ਖੇਤੀਬਾੜੀ ਵਿਭਾਗ ਨੂੰ ਤੁਰੰਤ ਐਫ.ਸੀ.ਓ. 1985 ਦੇ ਅਨੁਸਾਰ ਕਾਰਵਾਈ ਕਰਨ ਦੀ ਹਦਾਇਤ ਕੀਤੀ।
ਇਸ ਮੀਟਿੰਗ ਵਿੱਚ ਮੁੱਖ ਖੇਤੀਬਾੜੀ ਅਫਸਰ ਮੋਗਾ ਡਾ ਅੰਮ੍ਰਿਤਪਾਲ ਸਿੰਘ, ਡਾ. ਗੁਰਲਵਲੀਨ ਸਿੰਘ ਸਿੱਧੂ (ਖਾਦ ਅਫਸਰ), ਡਾ: ਸੁਖਰਾਜ ਕੌਰ ਖੇਤੀਬਾੜੀ ਅਫਸਰ, ਮੋਗਾ, ਡਾ. ਬਲਜਿੰਦਰ ਸਿੰਘ ਖੇਤੀਬਾੜੀ ਅਫਸਰ, ਮੋਗਾ, ਗੁਰਜੋਤ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਮੋਗਾ, ਡੀ ਐਮ ਮਾਰਕਫੈੱਡ ਸਚਿਨ ਗਰਗ ਅਤੇ ਸਮੂਹ ਖਾਦ ਕੰਪਨੀਆਂ ਦੇ ਨੁਮਾਇੰਦੇ ਸ਼ਾਮਲ ਸਨ।