5 Dariya News

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੁਲਵੰਤ ਸਿੰਘ ਵੱਲੋਂ 27ਵੀਂ ਅਤੇ 28ਵੀਂ ਬੱਸ ਰਵਾਨਾ

5 Dariya News

ਮੋਹਾਲੀ 27-Apr-2026

ਮੋਹਾਲੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਸ. ਕੁਲਵੰਤ ਸਿੰਘ ਵੱਲੋਂ ਅੱਜ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਸ਼ਰਧਾਲੂਆਂ ਨਾਲ ਭਰੀਆਂ 27ਵੀਂ ਅਤੇ 28ਵੀਂ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਬੱਸਾਂ ਗੁਰਦੁਆਰਾ ਸਿੰਘ ਸਭਾ ਸੈਕਟਰ-71 ਅਤੇ ਪਿੰਡ ਕੁੰਭੜਾ ਤੋਂ ਹਲਕਾ ਕੋਆਰਡੀਨੇਟਰ ਫੂਲਰਾਜ ਸਿੰਘ (ਸਟੇਟ ਐਵਾਰਡੀ) ਦੀ ਮੌਜੂਦਗੀ ਵਿੱਚ ਰਵਾਨਾ ਹੋਈਆਂ।

ਇਸ ਮੌਕੇ ਵਿਧਾਇਕ ਸ. ਕੁਲਵੰਤ ਸਿੰਘ ਨੇ ਸ਼ਰਧਾਲੂਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਤੀਰਥ ਯਾਤਰਾ ਸ਼ਰਧਾ ਅਤੇ ਆਤਮਿਕ ਸ਼ਾਂਤੀ ਦੇ ਨਾਲ-ਨਾਲ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਦਾ ਵੀ ਇਕ ਮਹੱਤਵਪੂਰਨ ਮਾਧਿਅਮ ਹੈ। ਉਨ੍ਹਾਂ ਸ਼ਰਧਾਲੂਆਂ ਦੀ ਸੁਖਮਈ ਯਾਤਰਾ ਲਈ ਅਰਦਾਸ ਕਰਦਿਆਂ ਕਿਹਾ ਕਿ ਪਰਮਾਤਮਾ ਉਹਨਾਂ ਦੀ ਹਰ ਮਨੋਕਾਮਨਾ ਪੂਰੀ ਕਰੇ ਅਤੇ ਉਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।

ਉਨ੍ਹਾਂ ਕਿਹਾ ਕਿ ਤਿੰਨ ਦਿਨ ਅਤੇ ਦੋ ਰਾਤਾਂ ਦੀ ਇਸ ਯਾਤਰਾ ਦੌਰਾਨ ਸ਼ਰਧਾਲੂ ਇੱਕ ਦੂਜੇ ਨਾਲ ਸਮਾਂ ਬਤੀਤ ਕਰਦੇ ਹੋਏ ਪਰਿਵਾਰਕ ਰਿਸ਼ਤਿਆਂ ਵਾਂਗ ਜੋੜੇ ਜਾਂਦੇ ਹਨ, ਜਿਸ ਨਾਲ ਸਮਾਜ ਵਿੱਚ ਪਿਆਰ ਅਤੇ ਸਾਂਝ ਨੂੰ ਵਧਾਵਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਅਜਿਹੀ ਭਾਈਚਾਰਕ ਸਾਂਝ ਦੀ ਬਹੁਤ ਜ਼ਰੂਰਤ ਹੈ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸੋਚ ਵੀ ਇਸੇ ਦਿਸ਼ਾ ਵਿੱਚ ਹੈ।

ਇਸ ਯਾਤਰਾ ਦੌਰਾਨ ਸ਼ਰਧਾਲੂ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਦੁਰਗਿਆਨਾ ਮੰਦਰ, ਰਾਮ ਤੀਰਥ ਵਾਲਮੀਕੀ ਮੰਦਰ, ਜਲਿਆਂਵਾਲਾ ਬਾਗ ਅਤੇ ਵਾਹਗਾ ਬਾਰਡਰ ਦੇ ਦਰਸ਼ਨ ਕਰਨਗੇ। ਇਹ ਯਾਤਰਾ ਅਤੇ ਰਹਿਣ-ਸਹਿਣ ਦੀ ਸਾਰੀ ਵਿਵਸਥਾ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਅਤੇ ਸ਼ਰਧਾਲੂਆਂ ਤੋਂ ਕੋਈ ਵੀ ਖਰਚਾ ਨਹੀਂ ਲਿਆ ਜਾ ਰਿਹਾ। ਵਿਧਾਇਕ ਸ. ਕੁਲਵੰਤ ਸਿੰਘ ਨੇ ਕਿਹਾ ਕਿ ਇਸ ਯੋਜਨਾ ਲਈ ਲੋਕਾਂ ਵਿੱਚ ਵੱਡਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ, ਜਿਸ ਨਾਲ ਸਰਕਾਰ ਨੂੰ ਸੰਤੋਖ ਅਤੇ ਪ੍ਰੇਰਨਾ ਮਿਲਦੀ ਹੈ।

ਇਸ ਮੌਕੇ ਫੂਲਰਾਜ ਸਿੰਘ, ਰਮਨਪ੍ਰੀਤ ਕੌਰ, ਹਰਮੇਸ਼ ਸਿੰਘ (ਬਲਾਕ ਪ੍ਰਧਾਨ ਕੁੰਭੜਾ), ਕੈਪਟਨ ਗੁਲਜਾਰ ਸਿੰਘ, ਅਮਰੀਕ ਸਿੰਘ, ਪਾਲ ਸਿੰਘ, ਰਤਨ ਸਿੰਘ, ਬਲਜਿੰਦਰ ਕੌਰ, ਜਸਵੀਰ ਕੌਰ, ਤਰੁਣਜੀਤ ਕੌਰ, ਸੁਰਜੀਤ ਕੌਰ, ਬਚਨ ਸਿੰਘ ਬੋਪਾਰਾਏ, ਚਮਕੌਰ ਸਿੰਘ, ਗੁਰਦਿਆਲ ਸਿੰਘ ਸੈਣੀ, ਨੇਤਰ ਸਿੰਘ, ਕਿਰਪਾਲ ਸਿੰਘ ਮਾਵੀ, ਹਰਬੰਸ ਸਿੰਘ, ਸੁਰਿੰਦਰ ਸਿੰਘ, ਤਰਲੋਚਨ ਸਿੰਘ, ਫੌਜਾ ਸਿੰਘ, ਸ਼ਮਸ਼ੇਰ ਸਿੰਘ ਕੰਗ, ਸੁੱਚਾ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਮੁਹਤਰਮ ਵਿਅਕਤੀ ਵੀ ਮੌਜੂਦ ਰਹੇ।