ਸਰਕਾਰੀ ਸਿਹਤ ਸੰਸਥਾਵਾਂ ਵਿਚ ਮਨਾਇਆ ਗਿਆ ਆਸ਼ਾ ਦਿਵਸ
ਆਸ਼ਾ ਵਰਕਰ ਸਿਹਤ ਸੰਭਾਲ ਢਾਂਚੇ ਦੀ ਮਜ਼ਬੂਤ ਕੜੀ : ਸਿਵਲ ਸਰਜਨ
5 Dariya News
ਸਾਹਿਬਜ਼ਾਦਾ ਅਜੀਤ ਸਿੰਘ ਨਗਰ 27-Apr-2026
ਜ਼ਿਲ੍ਹੇ ਦੀਆਂ ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿਚ ਅੱਜ ਆਸ਼ਾ ਦਿਵਸ ਮਨਾਇਆ ਗਿਆ, ਜਿਸ ਦੌਰਾਨ ਆਸ਼ਾ ਵਰਕਰਾਂ ਦਾ ਸਨਮਾਨ ਕੀਤਾ ਗਿਆ। ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਕਿਹਾ ਕਿ ਆਸ਼ਾ ਵਰਕਰਾਂ ਅਤੇ ਆਸ਼ਾ ਫ਼ੈਸੀਲੀਟੇਟਰਾਂ ਦੁਆਰਾ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਵਿਚ ਪਾਏ ਗਏ ਵੱਡਮੁੱਲੇ ਯੋਗਦਾਨ ਸਦਕਾ ਉਨ੍ਹਾਂ ਦਾ ਸਨਮਾਨ ਕਰਨ ਲਈ ਇਹ ਦਿਨ ਮਨਾਇਆ ਗਿਆ।
ਸੀਨੀਅਰ ਮੈਡੀਕਲ ਅਫ਼ਸਰਾਂ ਦੁਆਰਾ ਆਪੋ-ਆਪਣੇ ਖੇਤਰ ਦੀਆਂ ਆਸ਼ਾ ਵਰਕਰਾਂ ਨੂੰ ਮੁੱਖ ਸਿਹਤ ਕੇਂਦਰ ਵਿਚ ਉਚੇਚੇ ਤੌਰ ’ਤੇ ਬੁਲਾਇਆ ਗਿਆ ਅਤੇ ਸਨਮਾਨ ਵਜੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਨਿਵਾਜਿਆ ਗਿਆ। ਡਾ. ਜੈਨ ਨੇ ਕਿਹਾ ਕਿ ਆਸ਼ਾ ਮਾਨਤਾ ਪ੍ਰਾਪਤ ਸਮਾਜਕ ਕਾਰਕੁਨ ਹੈ, ਜਿਹੜੀ ਘਰ-ਘਰ ਜਾ ਕੇ ਲੋਕਾਂ ਨੂੰ ਸਿਹਤ ਸਬੰਧੀ ਜਾਗਰੂਕ ਕਰਦੀ ਹੈ ਅਤੇ ਸਰਕਾਰੀ ਸਿਹਤ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਲੋਕਾਂ ਨੂੰ ਪ੍ਰੇਰਿਤ ਕਰਦੀ ਹੈ।
ਉਨ੍ਹਾਂ ਕਿਹਾ ਕਿ ਆਸ਼ਾ ਵਰਕਰ ਸਿਹਤ ਸੰਭਾਲ ਢਾਂਚ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ ਅਤੇ ਕਈ ਵਾਰ ਚੁਣੌਤੀਪੂਰਨ ਹਾਲਾਤ ਵਿਚ ਵੀ ਕੰਮ ਕਰਦੀ ਹੈ। ਉਨ੍ਹਾਂ ਦਸਿਆ ਕਿ ਆਸ਼ਾ ਦੇ ਸਮਰਪਣ ਅਤੇ ਅਣਥੱਕ ਯਤਨਾਂ ਨੂੰ ਮਾਨਤਾ ਦੇਣ ਲਈ ਪੰਜਾਬ ਸਰਕਾਰ ਵਲੋਂ ਹਰ ਸਾਲ 27 ਅਪ੍ਰੈਲ ਨੂੰ ਆਸ਼ਾ ਦਿਵਸ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਜਿਸ ਤਹਿਤ ਵਧੀਆ ਸਿਹਤ ਸੇਵਾਵਾਂ ਦੇਣ ਲਈ ਵਿੱਤੀ ਸਾਲ ਵਿਚ ਸਭ ਤੋਂ ਵੱਧ ਇਨਸੈਂਟਿਵ ਲੈਣ ਵਾਲੀਆਂ ਪਹਿਲੀਆਂ ਤਿੰਨ ਆਸ਼ਾ ਵਰਕਰਾਂ ਨੂੰ ਸਨਮਾਨਤ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਆਸ਼ਾ ਸਿਹਤ ਸੰਭਾਲ ਢਾਂਚੇ ਦੀ ਮਜ਼ਬੂਤ ਕੜੀ ਹੈ ਅਤੇ ਲੋਕਾਂ ਦੀ ਚੰਗੀ ਸਿਹਤ ਯਕੀਨੀ ਬਣਾਉਣ ’ਚ ਉਸ ਦਾ ਅਹਿਮ ਯੋਗਦਾਨ ਹੈ।