5 Dariya News

ਖਰੜ ‘ਚ ਆਪ ਨੂੰ ਝਟਕਾ: ਫਾਊਂਡਰ ਮੈਂਬਰ ਪਿਆਰਾ ਸਿੰਘ ਨੇ ਅਕਾਲੀ ਦਲ ਜੁਆਇਨ ਕੀਤਾ

5 Dariya News

ਖਰੜ 26-Apr-2026

ਆਮ ਆਦਮੀ ਪਾਰਟੀ (ਆਪ) ਨੂੰ ਖਰੜ ਹਲਕੇ ਵਿੱਚ ਵੱਡਾ ਝਟਕਾ ਲੱਗਿਆ ਹੈ। ਪਾਰਟੀ ਦੇ ਸਭ ਤੋਂ ਪੁਰਾਣੇ ਅਤੇ ਫਾਊਂਡਰ ਮੈਂਬਰਾਂ ਵਿੱਚ ਸ਼ਾਮਲ ਪਿਆਰਾ ਸਿੰਘ ਨੇ ਅੱਜ ਆਪ ਨੂੰ ਅਲਵਿਦਾ ਕਹਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੇ ਮੌਕੇ ‘ਤੇ ਪਿਆਰਾ ਸਿੰਘ ਭਾਵੁਕ ਹੋ ਗਏ ਅਤੇ ਉਨ੍ਹਾਂ ਨੇ ਕਿਹਾ ਕਿ ਪਿਛਲੇ ਦੱਸ ਸਾਲਾਂ ਵਿੱਚ ਉਹਨਾਂ ਨੇ “ਝੂਠੇ ਇਨਕਲਾਬੀਆਂ” ਦੇ ਪਿੱਛੇ ਲੱਗ ਕੇ ਆਪਣਾ ਸਮਾਂ ਬਰਬਾਦ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਉਹ ਆਪਣੀ “ਮਾਂ ਪਾਰਟੀ” ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਕਰਕੇ ਨਵੀਂ ਸ਼ੁਰੂਆਤ ਕਰ ਰਹੇ ਹਨ।

ਉਨ੍ਹਾਂ ਨੇ ਇਸ ਮੌਕੇ ‘ਤੇ ਇਹ ਵੀ ਐਲਾਨ ਕੀਤਾ ਕਿ ਉਹ ਆਉਣ ਵਾਲੇ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਵਿੰਦਰ ਸਿੰਘ ਖੇੜਾ ਨੂੰ ਜਿਤਾਉਣ ਲਈ ਦਿਨ-ਰਾਤ ਮਿਹਨਤ ਕਰਨਗੇ ਅਤੇ ਪੂਰੀ ਤਾਕਤ ਨਾਲ ਮੈਦਾਨ ਵਿੱਚ ਉਤਰਣਗੇ।ਸਿਆਸੀ ਮਾਹਿਰਾਂ ਦੇ ਅਨੁਸਾਰ, ਪਿਆਰਾ ਸਿੰਘ ਵਰਗੇ ਪੁਰਾਣੇ ਨੇਤਾ ਦਾ ਆਪ ਛੱਡਣਾ ਖਰੜ ਵਿੱਚ ਪਾਰਟੀ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਨਾਲ ਮਜ਼ਬੂਤੀ ਮਿਲ ਸਕਦੀ ਹੈ। ਇਸ ਘਟਨਾ ਤੋਂ ਬਾਅਦ ਖਰੜ ਦੀ ਸਿਆਸਤ ਵਿੱਚ ਨਵੀਂ ਚਰਚਾ ਸ਼ੁਰੂ ਹੋ ਗਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਸਿਆਸੀ ਉਲਟਫੇਰ ਦੇ ਸੰਕੇਤ ਮਿਲ ਰਹੇ ਹਨ।