ਹਰਿਆਣਾ ਵਿੱਚ ਬਣੇਗਾ ਖਿਡੌਣਾ ਉਦਯੋਗ ਲਈ ਵਿਸ਼ੇਸ਼ ਕਲੱਸਟਰ - ਨਾਇਬ ਸਿੰਘ ਸੈਣੀ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਨਵੀਂ ਦਿੱਲੀ ਵਿੱਚ ਸੂਬੇ ਦੀ ਨਵੀਂ ਉਦਯੋਗ ਨੀਤੀ - 2026 ਦੇ ਫਾਈਨਲ ਡਰਾਫਟ 'ਤੇ ਹਿੱਤਧਾਰਕਾਂ ਨਾਲ ਹੋਇਆ ਦੋ ਦਿਨਾਂ ਮੰਥਨ
5 Dariya News
ਨਵੀਂ ਦਿੱਲੀ 23-Apr-2026
ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਵਿੱਚ ਖਿਡੌਣਾ ਉਦਯੋਗ ਨੂੰ ਪ੍ਰੋਤਸਾਹਨ ਦੇਣ ਲਈ 250 ਤੋਂ 300 ਏਕੜ ਵਿੱਚ ਇੱਕ ਵਿਸ਼ੇਸ਼ ਕਲੱਸਟਰ ਵਿਕਸਤ ਕੀਤਾ ਜਾਵੇਗਾ। ਖਿਡੌਣਾ ਉਦਯੋਗ ਕਲੱਸਟਰ ਵਿਕਸਤ ਹੋਣ ਨਾਲ ਨਾ ਸਿਰਫ਼ ਹਰਿਆਣਾ ਦੇ ਉਦਯੋਗ ਜਗਤ ਨੂੰ ਨਵੀਂ ਪਛਾਣ ਮਿਲੇਗੀ ਸਗੋਂ ਨਿਰਯਾਤ ਵਧਣ ਨਾਲ ਦੇਸ਼ ਦੀ ਆਰਥਿਕਤਾ ਮਜ਼ਬੂਤ ਹੋਵੇਗੀ।
ਉਨ੍ਹਾਂ ਨੇ ਇਹ ਜਾਣਕਾਰੀ ਵੀਰਵਾਰ ਸ਼ਾਮ ਨਵੀਂ ਦਿੱਲੀ ਸਥਿਤ ਹਰਿਆਣਾ ਭਵਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ। ਹਰਿਆਣਾ ਦੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸ਼੍ਰੀ ਮੋਹਨ ਲਾਲ ਬਡੌਲੀ ਵੀ ਮੌਜੂਦ ਸਨ। ਮੁੱਖ ਮੰਤਰੀ ਦੀ ਅਗਵਾਈ ਹੇਠ ਨਵੀਂ ਦਿੱਲੀ ਸਥਿਤ ਹਰਿਆਣਾ ਭਵਨ ਵਿੱਚ ਹਰਿਆਣਾ ਦੀ ਨਵੀਂ ਉਦਯੋਗ ਨੀਤੀ 2026 ਦੇ ਫਾਈਨਲ ਡਰਾਫਟ ਨੂੰ ਲੈ ਕੇ ਦੋ ਦਿਨਾਂ ਉੱਚ ਪੱਧਰੀ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿੱਚ ਵੱਖ-ਵੱਖ ਖੇਤਰਾਂ ਦੇ ਹਿੱਤਧਾਰਕਾਂ ਨੇ ਹਿੱਸਾ ਲਿਆ।
ਕਰੀਬ 40 ਵਫਦਾਂ ਨੇ ਨੀਤੀ ਦੇ ਪ੍ਰਾਵਧਾਨਾਂ ਦੀ ਸ਼ਲਾਘਾ ਕਰਦੇ ਹੋਏ ਆਪਣੇ ਸੁਝਾਅ ਵੀ ਪੇਸ਼ ਕੀਤੇ, ਜਿਨ੍ਹਾਂ ਨੂੰ ਨਵੀਂ ਨੀਤੀ ਵਿੱਚ ਸ਼ਾਮਲ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਵਿੱਚ ਪਿਛਲੇ ਸਾਢੇ 11 ਸਾਲਾਂ ਵਿੱਚ ਬੇਮਿਸਾਲ ਤਬਦੀਲੀਆਂ ਹੋਈਆਂ ਹਨ ਅਤੇ ਹਰਿਆਣਾ ਇਸ ਰਾਸ਼ਟਰੀ ਵਿਜ਼ਨ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।
ਉਨ੍ਹਾਂ ਕਿਹਾ ਕਿ ‘ਵਿਕਸਿਤ ਭਾਰਤ’ ਦੇ ਸੰਕਲਪ ਨਾਲ ‘ਵਿਕਸਿਤ ਹਰਿਆਣਾ’ ਦੇ ਟੀਚੇ ਨੂੰ ਸਾਕਾਰ ਕਰਨ ਲਈ ਰਾਜ ਸਰਕਾਰ ਵਚਨਬੱਧ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨਵੀਂ ਉਦਯੋਗ ਨੀਤੀ 2026 ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਹਿੱਤਧਾਰਕਾਂ ਨਾਲ ਸਿੱਧਾ ਸੰਵਾਦ ਸਥਾਪਿਤ ਕਰਕੇ ਉਨ੍ਹਾਂ ਦੀਆਂ ਲੋੜਾਂ ਅਤੇ ਤਜ਼ਰਬਿਆਂ ਨੂੰ ਨੀਤੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਮੀਟਿੰਗ ਵਿੱਚ ਆਟੋਮੋਬਾਈਲ, ਟੈਕਸਟਾਈਲ, ਏਅਰੋਸਪੇਸ, ਡਿਫੈਂਸ ਸਮੇਤ ਵੱਖ-ਵੱਖ ਖੇਤਰਾਂ ਦੇ ਪ੍ਰਤੀਨਿਧਾਂ ਨੇ ਸੂਬੇ ਵਿੱਚ ਨਿਵੇਸ਼ ਪ੍ਰਤੀ ਵਿਸ਼ੇਸ਼ ਦਿਲਚਸਪੀ ਦਿਖਾਈ ਅਤੇ ਕਈ ਪ੍ਰਸਤਾਵ ਵੀ ਪੇਸ਼ ਕੀਤੇ। ਮੁੱਖ ਮੰਤਰੀ ਨੇ ਕਿਹਾ ਕਿ ਆਪਣੀਆਂ ਉਦਯੋਗ ਪੱਖੀ ਨੀਤੀਆਂ ਕਾਰਨ ਹਰਿਆਣਾ ਦੇਸ਼-ਵਿਦੇਸ਼ ਦੇ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣ ਕੇ ਉਭਰਿਆ ਹੈ। ਨਵੀਂ ਉਦਯੋਗ ਨੀਤੀ ਦੀ ਤਰਜੀਹ ਹੈ ਕਿ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਨਿਵੇਸ਼ ਪਹੁੰਚੇ, ਜਿਸ ਨਾਲ ਸੰਤੁਲਿਤ ਉਦਯੋਗਿਕ ਵਿਕਾਸ ਯਕੀਨੀ ਹੋ ਸਕੇ।
ਉਨ੍ਹਾਂ ਕਿਹਾ ਕਿ ਨਵੀਂ ਉਦਯੋਗ ਨੀਤੀ ਨਾਲ ਰੁਜ਼ਗਾਰ ਦੇ ਮੌਕਿਆਂ ਵਿੱਚ ਵਾਧਾ ਹੋਵੇਗਾ ਅਤੇ ਹਰਿਆਣਾ ਦੇ ਉਦਯੋਗਿਕ ਵਿਕਾਸ ਨੂੰ ਨਵੀਂਆਂ ਉਚਾਈਆਂ ਮਿਲਣਗੀਆਂ। ਮੁੱਖ ਮੰਤਰੀ ਨੇ ਸਾਰੇ ਹਿੱਤਧਾਰਕਾਂ ਦਾ ਕੀਮਤੀ ਸੁਝਾਅ ਦੇਣ ਲਈ ਧੰਨਵਾਦ ਕੀਤਾ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਨਵੀਂ ਨੀਤੀ ਰਾਜ ਦੇ ਉਦਯੋਗਿਕ ਦ੍ਰਿਸ਼ ਨੂੰ ਹੋਰ ਮਜ਼ਬੂਤ ਕਰੇਗੀ।
ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਾਜੀਵ ਜੇਤਲੀ ਅਤੇ ਚੀਫ਼ ਕੋਆਰਡੀਨੇਟਰ ਇੰਡਸਟਰੀਜ਼ ਸੁਨੀਲ ਸ਼ਰਮਾ ਵੀ ਮੌਜੂਦ ਸਨ।