5 Dariya News

ਕੋਮਲ ਮਿੱਤਲ ਵੱਲੋਂ ਟਿਵਾਣਾ ਵਿਖੇ ਘੱਗਰ ਦੇ ਬੰਨ੍ਹ ਦੀ ਮਜ਼ਬੂਤੀ ਲਈ ਦੌਰਾ

5 Dariya News

ਡੇਰਾਬੱਸੀ 21-Apr-2026

ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਵੱਲੋਂ ਅੱਜ ਐੱਸ.ਡੀ.ਐੱਮ. ਡੇਰਾਬੱਸੀ ਸ੍ਰੀ ਅਮਿਤ ਗੁਪਤਾ ਅਤੇ ਜਲ ਸ੍ਰੋਤ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਪਿੰਡ ਟਿਵਾਣਾ ਵਿਖੇ ਘੱਗਰ ਦਰਿਆ ਦੇ ਬੰਨ੍ਹ ਦੀ ਮਜ਼ਬੂਤੀ ਸੰਬੰਧੀ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਮੌਕੇ ‘ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਸੰਭਾਵਿਤ ਕਾਰਜਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ।

ਉਨ੍ਹਾਂ ਦੱਸਿਆ ਕਿ ਇਸ ਦੌਰੇ ਦੌਰਾਨ ਪਿੰਡ ਵਾਸੀਆਂ ਵੱਲੋਂ ਘੱਗਰ ਦਰਿਆ ਨੂੰ ਚੌੜਾ ਕਰਨ ਅਤੇ ਮੌਜੂਦਾ ਰਿਵੈਟਮੈਂਟ ਦੀ ਮੁਰੰਮਤ ਤੇ ਮਜ਼ਬੂਤੀ ਸੰਬੰਧੀ ਪ੍ਰਸਤਾਵ ਪੇਸ਼ ਕੀਤਾ ਗਿਆ, ਜਿਸ ਨੂੰ ਜ਼ਿਲ੍ਹਾ ਕਮੇਟੀ ਵੱਲੋਂ ਵਿਚਾਰਿਆ ਗਿਆ। ਇਸ ਪ੍ਰਸਤਾਵ ਅਨੁਸਾਰ ਪਿੰਡ ਟਿਵਾਣਾ ਵਿਖੇ ਘੱਗਰ ਦਰਿਆ ਦੀ ਬੁਰਜੀ ਆਰ.ਡੀ. 33500 ਦੇ ਡਾਊਨਸਟ੍ਰੀਮ ਤੋਂ ਪਿੰਡ ਦੀ ਹੱਦ ਤੱਕ ਦਰਿਆ ਦੀ ਮੌਜੂਦਾ ਚੌੜਾਈ ਵਧਾਈ ਜਾਵੇਗੀ।

ਇਸ ਤੋਂ ਇਲਾਵਾ, ਖੁਦਾਈ ਦੌਰਾਨ ਨਿਕਲਣ ਵਾਲੀ ਮਿੱਟੀ ਨੂੰ ਮੌਜੂਦਾ ਰਿਵੈਟਮੈਂਟ ਦੇ ਪਿੱਛੇ ਪਾਸੇ ਇਕ ਮਜ਼ਬੂਤ ਬੰਧ ਦੇ ਰੂਪ ਵਿੱਚ ਵਰਤਿਆ ਜਾਵੇਗਾ। ਇਹ ਬੰਧ ਲਗਭਗ 40 ਫੁੱਟ ਚੌੜਾ ਹੋਵੇਗਾ ਅਤੇ ਇਸ ਦੀ ਲੰਬਾਈ ਰਿਵੈਟਮੈਂਟ ਦੇ ਅਨੁਸਾਰ ਰੱਖੀ ਜਾਵੇਗੀ, ਜਿਸ ਨਾਲ ਰਿਵੈਟਮੈਂਟ ਨੂੰ ਵਧੀਕ ਮਜ਼ਬੂਤੀ ਮਿਲੇਗੀ। ਨਾਲ ਹੀ ਰਿਵੈਟਮੈਂਟ ਦੀ ਲੋੜ ਅਨੁਸਾਰ ਮੁਰੰਮਤ ਵੀ ਕੀਤੀ ਜਾਵੇਗੀ।

ਪਿੰਡ ਵਾਸੀਆਂ ਵੱਲੋਂ ਘੱਗਰ ਦਰਿਆ ਵਿੱਚੋਂ ਨਿਕਲਣ ਵਾਲੀ ਮਿੱਟੀ ਦੀ ਵਰਤੋਂ ਕਰਕੇ ਬੰਧ ਬਣਾਉਣ ਲਈ ਸਹਿਮਤੀ ਜਤਾਈ ਗਈ। ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਦਰਿਆ ਦੇ ਰਕਬੇ ਅਧੀਨ ਆਉਂਦੀ ਨਿੱਜੀ ਜ਼ਮੀਨ ਵਿੱਚੋਂ ਮਿੱਟੀ ਉਠਾਉਣ ਲਈ ਸੰਬੰਧਤ ਜ਼ਮੀਨ ਮਾਲਕਾਂ ਤੋਂ ਸਹਿਮਤੀ ਪ੍ਰਾਪਤ ਕਰਨ ਵਿੱਚ ਪੂਰਾ ਸਹਿਯੋਗ ਦਿੱਤਾ ਜਾਵੇਗਾ।

ਇਸ ਦੇ ਨਾਲ ਹੀ ਪੰਚਾਇਤਾਂ ਵੱਲੋਂ ਵੀ ਇਸ ਮਾਮਲੇ ਵਿੱਚ ਪੂਰਨ ਸਹਿਮਤੀ ਪ੍ਰਗਟਾਈ ਗਈ। ਡਿਪਟੀ ਕਮਿਸ਼ਨਰ ਨੇ ਸੰਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਕਾਰਜ ਤੁਰੰਤ ਅਤੇ ਤਕਨੀਕੀ ਮਾਪਦੰਡਾਂ ਅਨੁਸਾਰ ਸ਼ੁਰੂ ਕੀਤੇ ਜਾਣ ਤਾਂ ਜੋ ਆਉਣ ਵਾਲੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਸੰਭਾਵਿਤ ਹੜ੍ਹਾਂ ਦੇ ਖ਼ਤਰਿਆਂ ਤੋਂ ਬਚਾਅ ਯਕੀਨੀ ਬਣਾਇਆ ਜਾ ਸਕੇ।