5 Dariya News

ਕੁਲਜੀਤ ਸਿੰਘ ਰੰਧਾਵਾ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ 24ਵੀਂ ਅਤੇ 25ਵੀਂ ਬੱਸ ਰਵਾਨਾ

ਹੁਣ ਤੋਂ ਦੋ ਬੱਸਾਂ ਤੇ ਜਾਇਆ ਕਰਨਗੇ ਸ਼ਰਧਾਲੂ

5 Dariya News

ਡੇਰਾਬੱਸੀ 21-Apr-2026

ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਵੱਲੋਂ ਪੰਜਾਬ ਸਰਕਾਰ ਦੀ ਲੋਕ-ਭਲਾਈਕਾਰੀ ਪਹਿਲ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਅੱਜ ਡੇਰਾਬੱਸੀ ਦੇ ਮੁਬਾਰਿਕਪੁਰ ਤੋਂ ਸ਼ਰਧਾਲੂਆਂ ਦੀ 24ਵੀਂ ਅਤੇ 25ਵੀਂ ਬੱਸ ਨੂੰ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਕੀਤਾ ਗਿਆ। ਉਨ੍ਹਾਂ। ਦੱਸਿਆ ਕਿ ਹੁਣ ਤੋਂ ਦੋ ਬੱਸਾਂ ਜਾਇਆ ਕਰਨਗੀਆਂ। ਦੋ ਰਾਤਾਂ ਅਤੇ ਤਿੰਨ ਦਿਨਾਂ ਦੀ ਇਸ ਯਾਤਰਾ ਦੌਰਾਨ, ਇਹ ਯਾਤਰੀ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਦੁਰਗਿਆਣਾ ਮੰਦਰ ਅਤੇ ਭਗਵਾਨ ਵਾਲਮੀਕਿ ਤੀਰਥ ਸਥਲ ਦੇ ਦਰਸ਼ਨਾਂ ਤੋਂ ਇਲਾਵਾ ਜਲ੍ਹਿਆਂਵਾਲਾ ਬਾਗ਼ ਅਤੇ ਵਾਹਗਾ ਸਰਹੱਦ ਵੀ ਜਾਣਗੇ।

ਇਸ ਮੌਕੇ ਵਿਧਾਇਕ ਰੰਧਾਵਾ ਨੇ ਸ਼ਰਧਾਲੂਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਹ ਯੋਜਨਾ ਖ਼ਾਸ ਕਰਕੇ ਬਜ਼ੁਰਗਾਂ ਲਈ ਇੱਕ ਵੱਡੀ ਸਹੂਲਤ ਹੈ, ਜਿਸ ਨਾਲ ਉਹ ਬਿਨਾਂ ਕਿਸੇ ਆਰਥਿਕ ਬੋਝ ਦੇ ਆਪਣੇ ਮਨਪਸੰਦ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਉਦੇਸ਼ ਲੋਕਾਂ ਦੀ ਆਧਿਆਤਮਿਕ ਭਾਵਨਾ ਦਾ ਸਤਿਕਾਰ ਕਰਨਾ ਅਤੇ ਉਨ੍ਹਾਂ ਨੂੰ ਸੁਵਿਧਾਜਨਕ ਯਾਤਰਾ ਪ੍ਰਦਾਨ ਕਰਨਾ ਹੈ।

ਵਿਧਾਇਕ ਨੇ ਅੱਗੇ ਕਿਹਾ ਕਿ “ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਬਜ਼ੁਰਗਾਂ ਦੇ ਚਿਹਰਿਆਂ ‘ਤੇ ਖੁਸ਼ੀ ਦੀ ਮੁਸਕਾਨ ਹੁੰਦੀ ਹੈ ਅਤੇ ਉਹ ਮਨ ਵਿੱਚ ਸ਼ਰਧਾ ਲੈ ਕੇ ਧਾਰਮਿਕ ਯਾਤਰਾ ਲਈ ਰਵਾਨਾ ਹੁੰਦੇ ਹਨ। ਇਹ ਯੋਜਨਾ ਸਮਾਜ ਵਿੱਚ ਸਕਾਰਾਤਮਕਤਾ ਅਤੇ ਆਧਿਆਤਮਿਕਤਾ ਨੂੰ ਮਜ਼ਬੂਤ ਕਰ ਰਹੀ ਹੈ।”

ਉਨ੍ਹਾਂ ਨੇ ਯਾਤਰੀਆਂ ਲਈ ਸੁਰੱਖਿਅਤ ਅਤੇ ਸੁਚੱਜੀ ਯਾਤਰਾ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਪ੍ਰਸ਼ਾਸਨ ਵੱਲੋਂ ਯਾਤਰਾ ਦੌਰਾਨ ਹਰ ਸੰਭਵ ਸਹੂਲਤ ਯਕੀਨੀ ਬਣਾਈ ਜਾ ਰਹੀ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਸਥਾਨਕ ਨਿਵਾਸੀ, ਪਾਰਟੀ ਵਰਕਰ ਅਤੇ ਸ਼ਰਧਾਲੂਆਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ, ਜਿਨ੍ਹਾਂ ਨੇ ਯਾਤਰੀਆਂ ਨੂੰ ਸ਼ੁਭਕਾਮਨਾਵਾਂ ਦੇ ਕੇ ਰਵਾਨਾ ਕੀਤਾ।