5 Dariya News

ਸਿੱਖਿਆ ਕ੍ਰਾਂਤੀ ਤਹਿਤ ਕੁਲਤਾਰ ਸਿੰਘ ਸੰਧਵਾ ਵਲੋਂ 45 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੇ ਉਦਘਾਟਨ

5 Dariya News

ਕੋਟਕਪੂਰਾ 18-Apr-2026

ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਜਲਾਲੇਆਣਾ (ਫਰੀਦਕੋਟ-2) ਵਿਖੇ ਬੁਨਿਆਦੀ ਵਿਕਾਸ ਕਾਰਜਾਂ ਅਤੇ  ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਮਚਾਕੀ ਮੱਲ ਸਿੰਘ ਵਿਖੇ ਆਧੁਨਿਕ ਕਲਾਸ ਰੂਮਾਂ ਦੇ ਉਦਘਾਟਨ ਕੀਤੇ। ਇਸ ਮੌਕੇ ਸਪੀਕਰ ਸੰਧਵਾ ਨੇ ਦੱਸਿਆ ਕਿ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ 45 ਲੱਖ ਰੁਪਏ ਦੇ ਕਰੀਬ ਖਰਚ ਕਰਕੇ ਦੋ ਸਰਕਾਰੀ ਸਕੂਲਾਂ ਵਿਚ ਕੰਪਿਊਟਰ ਲੈਬ ਅਤੇ ਪੈਨਲ ਦੇ ਉਦਘਾਟਨ ਕੀਤੇ ਗਏ। 

ਉਨ੍ਹਾਂ ਦੱਸਿਆ ਪੰਜਾਬ ਸਰਕਾਰ ਦੇ ਇਨ੍ਹਾਂ ਉਪਰਾਲਿਆਂ ਸਦਕਾ ਸਰਕਾਰੀ ਸਕੂਲਾਂ ਦੀ ਹਾਲਤ ਵਿਚ ਲਗਾਤਾਰ ਸੁਧਾਰ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿਚ ਪੜ੍ਹਾਈ ਕਰ ਰਹੇ ਵਿੱਤੀ ਤੌਰ ‘ਤੇ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਨੂੰ ਚੰਗੀ ਅਤੇ ਮਾਡਰਨ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ। ਸਪੀਕਰ ਸੰਧਵਾਂ ਨੇ ਪੰਜਾਬ ਸਰਕਾਰ ਦੀ ਇਸ ਪਹਿਲਕਦਮੀ ਦਾ ਧੰਨਵਾਦ ਕੀਤਾ। 

ਇਸ ਮੌਕੇ ਆਪਣੇ ਸੰਬੋਧਨ ਵਿੱਚ ਸਪੀਕਰ ਸ. ਸੰਧਵਾਂ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਚਲਾਈ ਗਈ ਪੰਜਾਬ ਸਕੂਲ ਸਿੱਖਿਆ ਕ੍ਰਾਂਤੀ ਦੀ ਮੁਹਿੰਮ ਦੇ ਸਾਰਥਿਕ ਸਿੱਟੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ ਜਿਸ ਨਾਲ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਅਤੇ ਸਿੱਖਿਆ ਦੀ ਗੁਣਵੱਤਾ ਵਿਚ ਕਾਫ਼ੀ ਸੁਧਾਰ ਹੋਇਆ ਹੈ। 

ਉਨ੍ਹਾਂ ਕਿਹਾ ਕਿ ਸਿੱਖਿਆ ਅਤੇ ਸਿਹਤ ਪੰਜਾਬ ਦੇ ਮੁੱਖ ਟੀਚੇ ਹਨ ਅਤੇ ਇਨ੍ਹਾਂ ਦੀ ਪੂਰਤੀ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਸਕੂਲੀ ਬੱਚਿਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਸਪੀਕਰ ਸ. ਕੁਲਤਾਰ  ਸਿੰਘ ਸੰਧਵਾਂ ਵੱਲੋਂ ਬੱਚਿਆਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ ਗਈ।

ਇਸ ਮੌਕੇ ਜਸਵੀਰ ਸਿੰਘ ਧਨੋਆ ਸੋਸਾਈਟੀ ਪ੍ਰਧਾਨ, ਹਰਦੀਪ ਸਿੰਘ ਧਨੋਆ ਬਲਾਕ ਪ੍ਰਧਾਨ, ਰੁਪਿੰਦਰ ਸਿੰਘ ਖਾਲਸਾ, ਦਰਸ਼ਨ ਸਿੰਘ ਖਾਲਸਾ, ਸੁਖਬੀਰ ਸਿੰਘ ਮੈਂਬਰ, ਚਮਕੌਰ ਸਿੰਘ ਹੈਡ ਟੀਚਰ, ਸੁਖਵਿੰਦਰ ਸਿੰਘ ਸੈਂਟਰ ਹੈਡ ਟੀਚਰ, ਪਰਮਜੀਤ ਕੌਰ ਹੈਡ ਮਿਸਟਰੈਸ ਇਸ ਤੋਂ ਇਲਾਵਾ ਸਕੂਲੀ ਬੱਚਿਆਂ ਦੇ ਮਾਪੇ, ਬੱਚੇ ਅਤੇ ਅਧਿਆਪਕ ਹਾਜ਼ਰ ਸਨ।