5 Dariya News

ਆਪਣੀ ਉੱਤਮ ਖੇਡ ਨੀਤੀ ਸਦਕਾ ਹਰਿਆਣਾ ਬਣਿਆ ਖੇਡਾਂ ਦਾ ਪਾਵਰ ਹਾਊਸ, ਜਦਕਿ ਪੰਜਾਬ ਆਇਆ ਨਸ਼ੇ ਦੀ ਗ੍ਰਿਫ਼ਤ ਵਿੱਚ : ਨਾਇਬ ਸਿੰਘ ਸੈਣੀ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਚੰਡੀਗੜ੍ਹ ਵਿੱਚ ‘ਐਲੈਂਜਰਸ ਗਲੀ ਕ੍ਰਿਕਟ ਟੂਰਨਾਮੈਂਟ’ ਦੇ ਸੀਜ਼ਨ-4 ਦਾ ਉਦਘਾਟਨ ਕੀਤਾ

5 Dariya News

ਚੰਡੀਗੜ੍ਹ 17-Apr-2026

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਆਪਣੀ ਬਿਹਤਰੀਨ ਖੇਡ ਨੀਤੀ ਸਦਕਾ ਅੱਜ ਹਰਿਆਣਾ ਖੇਡਾਂ ਦਾ ਪਾਵਰ ਹਾਊਸ ਬਣ ਗਿਆ ਹੈ, ਜਦਕਿ ਗੁਆਂਢੀ ਰਾਜ ਪੰਜਾਬ ਨਸ਼ੇ ਦੀ ਗ੍ਰਿਫ਼ਤ ਵਿੱਚ ਹੈ। ਹਰਿਆਣਾ ਸਰਕਾਰ ਨੇ ਪਿਛਲੇ ਸਾਢੇ 11 ਸਾਲਾਂ ਵਿੱਚ ਆਧੁਨਿਕ ਖੇਡ ਸਹੂਲਤਾਂ ਵਿਕਸਿਤ ਕਰਨ 'ਤੇ 1000 ਕਰੋੜ ਰੁਪਏ ਖਰਚ ਕੀਤੇ ਹਨ, ਜਿਸ ਕਾਰਨ ਸਾਡੇ ਖਿਡਾਰੀਆਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਦੇਸ਼ ਦਾ ਸਨਮਾਨ ਅਤੇ ਤਿਰੰਗੇ ਝੰਡੇ ਦੀ ਸ਼ਾਨ ਵਧਾਉਣ ਦਾ ਕੰਮ ਕੀਤਾ ਹੈ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਹ ਗੱਲ ਅੱਜ ਚੰਡੀਗੜ੍ਹ ਦੇ ਸੈਕਟਰ-16 ਸਥਿਤ ਖੇਡ ਸਟੇਡੀਅਮ ਵਿੱਚ ‘ਐਲੈਂਜਰਸ ਗਲੀ ਕ੍ਰਿਕਟ ਟੂਰਨਾਮੈਂਟ’ ਦੇ ਸੀਜ਼ਨ-4 ਦੇ ਉਦਘਾਟਨ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਦੀ ਲਤ ਤੋਂ ਬਚਾਉਣ ਅਤੇ ਉਨ੍ਹਾਂ ਨੂੰ ਖੇਡਾਂ ਨਾਲ ਜੋੜਨ ਲਈ ਇਸ ਪ੍ਰੋਗਰਾਮ ਦੇ ਥੀਮ ‘ਬੱਲਾ ਘੁਮਾਓ-ਨਸ਼ਾ ਭਜਾਓ’ ਦੀ ਸ਼ਲਾਘਾ ਕੀਤੀ। ਮੁੱਖ ਮੰਤਰੀ ਨੇ ਖੁਦ ਬੱਲਾ ਘੁਮਾ ਕੇ ਨਸ਼ੇ ਦੀ ਗੇਂਦ ਨੂੰ ਭਜਾਇਆ। ਉਨ੍ਹਾਂ ਨੌਜਵਾਨਾਂ ਨੂੰ ਨਸ਼ਾ ਮੁਕਤ ਭਾਰਤ ਅਭਿਆਨ ਦੀ ਸਹੁੰ ਚੁਕਾਉਂਦਿਆਂ ਨਸ਼ਿਆਂ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਓਲੰਪਿਕ-2036 ਵਿੱਚ ਭਾਰਤ ਨੂੰ ਖੇਡ ਮਹਾਂਸ਼ਕਤੀ ਵਜੋਂ ਸਥਾਪਿਤ ਕਰਨ ਦਾ ਜੋ ਟੀਚਾ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਰੱਖਿਆ ਹੈ, ਉਸ ਵਿੱਚ ਆਪਣੀ ਭੂਮਿਕਾ ਨਿਭਾਉਣ ਲਈ ਹਰਿਆਣਾ ਨੇ ਆਪਣੀਆਂ ਤਿਆਰੀਆਂ ਹੁਣ ਤੋਂ ਹੀ ਸ਼ੁਰੂ ਕਰ ਦਿੱਤੀਆਂ ਹਨ। ਰਾਜ ਵਿੱਚ ਖੇਡ ਸਹੂਲਤਾਂ, ਖਿਡਾਰੀਆਂ ਦੀ ਸਿਖਲਾਈ ਅਤੇ ਨਵੀਆਂ ਤਕਨੀਕਾਂ ਦੀ ਵਰਤੋਂ ਲਈ ਹਰਿਆਣਾ ਸਰਕਾਰ ਨੇ 2026-27 ਦੇ ਬਜਟ ਵਿੱਚ ਲੋੜੀਂਦੇ ਉਪਬੰਧ ਕੀਤੇ ਹਨ।

ਉਨ੍ਹਾਂ ਕਿਹਾ ਕਿ ਸਾਡਾ ਵਿਜ਼ਨ ਹਰ ਬੱਚੇ ਨੂੰ ਖੇਡਾਂ ਨਾਲ ਜੋੜਨ, ਹਰ ਪਿੰਡ ਵਿੱਚ ਖੇਡ ਮੈਦਾਨ ਬਣਾਉਣ ਅਤੇ ਖਿਡਾਰੀਆਂ ਤੱਕ ਆਧੁਨਿਕ ਤਕਨੀਕਾਂ ਪਹੁੰਚਾਉਣ ਦਾ ਹੈ। ਹਰਿਆਣਾ ਵਿੱਚ ਓਲੰਪਿਕ, ਪੈਰਾਲੰਪਿਕ ਅਤੇ ਹੋਰ ਅੰਤਰਰਾਸ਼ਟਰੀ ਤਮਗਾ ਜੇਤੂ ਖਿਡਾਰੀਆਂ ਨੂੰ 6 ਕਰੋੜ ਰੁਪਏ ਤੱਕ ਦੇ ਨਕਦ ਇਨਾਮ ਅਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ।ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਖਿਡਾਰੀਆਂ ਦੀਆਂ ਉਡਾਣਾਂ ਨੂੰ ਨਵੀਂ ਪਛਾਣ ਦੇਣ ਅਤੇ ਉਨ੍ਹਾਂ ਦਾ ਸੁਰੱਖਿਅਤ ਭਵਿੱਖ ਯਕੀਨੀ ਬਣਾਉਣ ਲਈ ਅਸੀਂ 'ਹਰਿਆਣਾ ਉੱਤਮ ਖਿਡਾਰੀ ਸੇਵਾ ਨਿਯਮ 2021' ਲਾਗੂ ਕੀਤੇ ਹਨ। 

ਇਨ੍ਹਾਂ ਤਹਿਤ ਖੇਡ ਵਿਭਾਗ ਵਿੱਚ 550 ਨਵੇਂ ਅਹੁਦੇ ਸਿਰਜੇ ਗਏ ਹਨ ਅਤੇ 231 ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਖੇਡਾਂ ਦੌਰਾਨ ਖਿਡਾਰੀਆਂ ਦੇ ਸੱਟ ਲੱਗਣ 'ਤੇ ਉਨ੍ਹਾਂ ਦੇ ਇਲਾਜ ਲਈ ਤਾਊ ਦੇਵੀਲਾਲ ਖੇਡ ਕੰਪਲੈਕਸ, ਪੰਚਕੂਲਾ ਵਿੱਚ ਰੀਹੈਬਲੀਟੇਸ਼ਨ ਸੈਂਟਰ (ਪੁਨਰਵਾਸ ਕੇਂਦਰ) ਸ਼ੁਰੂ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਹਰਿਆਣਾ ਦੇ ਸਕੂਲਾਂ ਅਤੇ ਕਾਲਜਾਂ ਦੇ ਜਿਨ੍ਹਾਂ ਵਿਦਿਆਰਥੀਆਂ ਨੇ ਵੱਖ-ਵੱਖ ਰਾਜ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ ਤਮਗੇ ਜਿੱਤੇ, ਉਨ੍ਹਾਂ ਨੂੰ ਵਜ਼ੀਫ਼ਾ ਦਿੱਤਾ ਜਾ ਰਿਹਾ ਹੈ। ਸਾਲ 2014-15 ਤੋਂ ਹੁਣ ਤੱਕ 24 ਹਜ਼ਾਰ ਵਿਦਿਆਰਥੀ ਖਿਡਾਰੀਆਂ ਨੂੰ 70 ਕਰੋੜ ਰੁਪਏ ਦਾ ਵਜ਼ੀਫ਼ਾ ਦਿੱਤਾ ਜਾ ਚੁੱਕਾ ਹੈ।

ਮੁੱਖ ਮੰਤਰੀ ਨੇ ਖਿਡਾਰੀਆਂ ਨੂੰ ਸੱਦਾ ਦਿੱਤਾ ਕਿ ਉਹ ਹਾਰ-ਜਿੱਤ ਦੀ ਭਾਵਨਾ ਤੋਂ ਉੱਪਰ ਉੱਠ ਕੇ ਖੇਡ ਭਾਵਨਾ ਅਤੇ ਸਮਰਪਣ ਨੂੰ ਤਰਜੀਹ ਦੇਣ। ਇੱਕ ਖਿਡਾਰੀ ਦਾ ਮੈਦਾਨ ਵਿੱਚ ਉਤਰਨਾ, ਹਰ ਰੋਜ਼ ਕੁਝ ਨਵਾਂ ਸਿੱਖਣਾ ਅਤੇ ਆਪਣੇ ਆਪ ਨੂੰ ਬਿਹਤਰ ਬਣਾਉਂਦੇ ਹੋਏ ਟੀਚੇ ਦੇ ਕਰੀਬ ਪਹੁੰਚਣਾ ਹੀ ਸੱਚੀ ਜਿੱਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਨੌਜਵਾਨ ਅੱਗੇ ਵਧਦਾ ਹੈ ਤਾਂ ਹੀ ਦੇਸ਼ ਅੱਗੇ ਵਧਦਾ ਹੈ। ਜਦੋਂ ਨੌਜਵਾਨ ਜਿੱਤਦਾ ਹੈ ਤਾਂ ਹੀ ਦੇਸ਼ ਜਿੱਤਦਾ ਹੈ ਅਤੇ ਜਦੋਂ ਨੌਜਵਾਨ ਸਹੀ ਰਸਤੇ 'ਤੇ ਚਲਦਾ ਹੈ ਤਾਂ ਹੀ ਦੇਸ਼ ਦਾ ਭਵਿੱਖ ਉੱਜਵਲ ਹੁੰਦਾ ਹੈ।

ਇਸ ਮੌਕੇ ਐਲੈਂਜਰਸ ਗਲੀ ਕ੍ਰਿਕਟ ਟੂਰਨਾਮੈਂਟ ਦੇ ਪ੍ਰਧਾਨ ਅਤੇ ਚੰਡੀਗੜ੍ਹ ਭਾਜਪਾ ਦੇ ਸਾਬਕਾ ਪ੍ਰਧਾਨ ਸੰਜੇ ਟੰਡਨ, ਚੰਡੀਗੜ੍ਹ ਭਾਜਪਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ, ਜਸਟਿਸ ਰਾਜ ਮੋਹਨ, ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ, ਚੰਡੀਗੜ੍ਹ ਦੇ ਮੁੱਖ ਸਕੱਤਰ ਐਚ. ਰਾਜੇਸ਼ ਪ੍ਰਸਾਦ, ਚੰਡੀਗੜ੍ਹ ਪੁਲਿਸ ਮਹਾਨਿਰਦੇਸ਼ਕ ਡਾ. ਸਾਗਰ ਪ੍ਰੀਤ ਹੁੱਡਾ, ਪੁਸ਼ਪੇਂਦਰ ਅਤੇ ਰਾਜੀਵ ਰੰਜਨ ਸਮੇਤ ਹੋਰ ਵੀ ਮੌਜ਼ੂਦ ਸਨ।