ਸਾਗਰ ਸੇਤੀਆ ਦੀ ਪ੍ਰਧਾਨਗੀ ਹੇਠ ਰੈਂਪ ਸਕੀਮ ਅਧੀਨ ਜਾਗਰੂਕਤਾ ਕੈਂਪ ਤੇ ਵਰਕਸ਼ਾਪ ਦਾ ਆਯੋਜਨ
ਪੰਜਾਬ ਸਖੀ ਸ਼ਕਤੀ ਮੇਲੇ ਵਿੱਚੋਂ ਚੰਗੀ ਕਾਰਗੁਜਾਰੀ ਵਾਲੀਆਂ 4 ਮਹਿਲਾ ਉਦਮੀਆਂ ਨੂੰ ਕੀਤਾ ਨਗਦ ਇਨਾਮਾਂ ਨਾਲ ਸਨਮਾਨਿਤ
5 Dariya News
ਮੋਗਾ 17-Apr-2026
ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ (ਐਸ.ਐਸ.ਐਮ.ਈ.ਜ) ਦੇ ਵਿਕਾਸ ਅਤੇ ਮਜ਼ਬੂਤੀ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਸਰਕਾਰ ਦੀ 'ਰੇਜ਼ਿੰਗ ਐਂਡ ਐਕਸੇਲਰੇਟਿੰਗ ਐਮ.ਐਸ.ਐਮ.ਈ. ਪਰਫਾਰਮੈਂਸ (RAMP)' ਸਕੀਮ ਤਹਿਤ ਜ਼ਿਲ੍ਹਾ ਮੋਗਾ ਵਿੱਚ ਇੱਕ ਵਿਸ਼ੇਸ਼ ਜਾਗਰੂਕਤਾ ਅਤੇ ਸਮਰੱਥਾ ਨਿਰਮਾਣ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਡਿਪਟੀ ਕਮਿਸ਼ਰ ਮੋਗਾ ਸ਼੍ਰੀ ਸਾਗਰ ਸੇਤੀਆ ਨੇ ਇਸ ਵਰਕਸ਼ਾਪ ਦੀ ਪ੍ਰਧਾਨਗੀ ਕੀਤੀ।
ਇਹ ਵਰਕਸ਼ਾਪ ਮਗਸੀਪਾ ਵੱਲੋਂ ਜ਼ਿਲ੍ਹਾ ਉਦਯੋਗ ਕੇਂਦਰ, ਮੋਗਾ ਦੇ ਸਹਿਯੋਗ ਨਾਲ ਡਿਪਟੀ ਕਮਿਸ਼ਨਰ ਦਫਤਰ ਮੋਗਾ ਦੇ ਮੀਟਿੰਗ ਹਾਲ ਵਿਖੇ ਕਰਵਾਈ ਗਈ। ਵਰਕਸ਼ਾਪ ਵਿੱਚ ਵੱਡੀ ਗਿਣਤੀ ਵਿੱਚ ਜ਼ਿਲ੍ਹੇ ਦੇ ਉਦਯੋਗਪਤੀ, ਉਦਯੋਗਿਕ ਐਸੋਸੀਏਸ਼ਨਾਂ ਦੇ ਪ੍ਰਤੀਨਿਧੀ, ਸੈਲਫ ਹੈਲਪ ਗਰੁੱਪਾਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਭਾਗ ਲਿਆ।
ਵਰਕਸ਼ਾਪ ਦੌਰਾਨ ਮੋਗਾ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਜੇ.ਪੀ.ਐਸ ਖੰਨਾ ਮੌਜੂਦ ਰਹੇ। ਇਸ ਮੌਕੇ ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਮੋਗਾ ਸੁਖਮਿੰਦਰ ਸਿੰਘ ਰੇਖੀ ਵੱਲੋਂ ਹਾਜ਼ਰ ਉਦਯੋਗਪਤੀਆਂ ਨੂੰ ਵਰਕਸ਼ਾਪ ਦੇ ਉਦੇਸ਼ਾਂ ਅਤੇ ਰੈਂਪ ਸਕੀਮ ਦੇ ਲਾਭਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ।
ਉਨ੍ਹਾਂ ਨੇ ਦੱਸਿਆ ਕਿ ਇਸ ਸਕੀਮ ਦਾ ਮੁੱਖ ਉਦੇਸ਼ ਐਸ.ਐਸ.ਐਮ.ਈ.ਜ ਦੀ ਕਾਰਗੁਜ਼ਾਰੀ ਨੂੰ ਬਹਿਤਰ ਬਣਾਉਣਾ, ਉਨ੍ਹਾਂ ਦੀ ਮੁਕਾਬਲੇ ਦੀ ਸਮਰੱਥਾ ਵਧਾਉਣਾ ਅਤੇ ਉਦਯੋਗਿਕ ਵਿਕਾਸ ਨੂੰ ਤੇਜ਼ੀ ਦੇਣਾ ਹੈ। ਮਗਸੀਪਾ ਤੋਂ ਡਾ. ਦੀਪਤੀ ਮਨਚੰਦਾ ਕੰਸਲਟੈਂਟ, ਡਾ. ਰਣਜੀਤ ਸਿੰਘ ਹੈਡ-ਕਮਪੀ ਆਰ ਸਾਇੰਟਿਸਟ ਲੁਧਿਆਣਾ, ਸੰਜੀਵ ਜੱਗੀ ਕਾਊਂਸਲਰ ਅਤੇ ਰਜਨੀਸ਼ ਤੁੱਲੀ ਸਟੇਟ ਲੀਡ ਪ੍ਰੋਜੈਕਟ ਮੈਨੇਜਰ ਪੀ.ਐਮ.ਐਫ.ਐਮ.ਈ ਵੱਲੋਂ ਵੱਖ-ਵੱਖ ਵਿਸ਼ਿਆਂ ਜਿਵੇਂ ਕਿ ਲੀਡਰਸ਼ਿੱਪ ਸਕਿੱਲਜ਼, ਮਾਰਕੀਟਿੰਗ ਅਤੇ ਉਦਯੋਗ ਪ੍ਰਬੰਧਨ, ਫੂਡ ਪ੍ਰੋਸੈਸਿੰਗ ਸਬੰਧੀ ਉਦਯੋਗ ਸਥਾਪਿਤ ਕਰਨ, ਪੀ.ਐਮ.ਐਫ.ਐਮ.ਈ ਸਕੀਮ ਸਬੰਧੀ ਲੈਕਚਰ ਦਿੱਤੇ।
ਰਣਜੀਤ ਸਿੰਘ ਵੱਲੋਂ ਦੱਸਿਆ ਕਿ ਇਹ ਅਦਾਰਾ ਉਦਮੀਆਂ ਨੂੰ ਨਵੀਂ ਤਕਨੀਕ ਦੀ ਵਰਤੋਂ ਕਰਦੇ ਹੋਏ ਆਪਣਾ ਬਿਜਨਸ ਨਿਖਾਰਨ ਵਿੱਚ ਮਦਦ ਕਰਦਾ ਹੈ ਅਤੇ ਬੁਨਿਆਦੀ ਢਾਂਚਾ ਅਪਗ੍ਰੇਡ ਕਰਨ ਲਈ ਉਤਸ਼ਾਹਿਤ ਕਰਦਾ ਹੈ। ਜਿਲ੍ਹਾ ਮੋਗਾ ਵਿੱਚ ਪੰਜਾਬ ਸਖੀ ਸ਼ਕਤੀ ਮੇਲਾ ਜਿਹੜਾ ਕਿ 19 ਮਾਰਚ ਤੋਂ 21 ਮਾਰਚ 2026 ਤੱਕ ਸਰਕਾਰੀ ਆਈ.ਟੀ.ਆਈ ਮੋਗਾ ਵਿਖੇ ਲਗਾਇਆ ਗਿਆ ਸੀ, ਜਿਸ ਵਿੱਚ ਮਹਿਲਾ ਉਦਮੀਆਂ ਅਤੇ ਸੈਲਫ ਹੈਲਪ ਗਰੁੱਪਾਂ ਦੁਆਰਾ ਭਾਗ ਲੈਂਦੇ ਹੋਏ 70 ਦੇ ਕਰੀਬ ਸਟਾਲਾਂ ਲਗਾਈਆਂ ਗਈਆਂ ਸਨ।
ਇਹਨਾਂ ਵਿੱਚੋਂ ਚੰਗੀ ਕਾਰਗੁਜਾਰੀ ਵਾਲੀਆਂ 4 ਮਹਿਲਾ ਉਦਮੀਆਂ ਨੂੰ ਡਿਪਟੀ ਕਮਿਸ਼ਨਰ ਮੋਗਾ ਦੁਆਰਾ ਸਨਮਾਨਿਤ ਕੀਤਾ ਗਿਆ। ਪਹਿਲਾ ਇਨਾਮ ਰਾਸ਼ੀ 35000 ਰੁਪਏ ਵਾਹਿਗੁਰੂ ਆਜੀਵਿਕਾ ਸੈਲਫ ਹੈਲਪ ਗਰੁੱਪ, ਦੂਜਾ ਇਨਾਮ ਰਾਸ਼ੀ 25000 ਰੁਪਏ ਉਮੀਦ ਆਜੀਵਿਕਾ ਸੈਲਫ ਹੈਲਪ ਗਰੁੱਪ, ਤੀਜਾ ਇਨਾਮ 10,000 ਰੁਪਏ ਮਹਿਕ ਸੈਲਫ ਹੈਲਪ ਗਰੁੱਪ ਅਤੇ ਆਸ਼ਾ ਸੈਲਫ ਹੈਲਪ ਗਰੁੱਪ ਨੂੰ ਦਿੱਤੀ ਗੀ।
ਵਰਕਸ਼ਾਪ ਦੌਰਾਨ ਉਦਯੋਗਪਤੀਆਂ ਨਾਲ ਖੁੱਲ੍ਹੀ ਚਰਚਾ ਵੀ ਕੀਤੀ ਗਈ ਜਿਸ ਵਿੱਚ ਉਦਯੋਗਪਤੀਆਂ ਸਮੱਸਿਆਵਾਂ ਜਿਵੇਂ ਕਿ ਮਾਰਕੀਟਿੰਗ, ਵਿੱਤੀ ਸਹਾਇਤਾ, ਤਕਨੀਕੀ ਅਪਗ੍ਰੇਡੇਸ਼ਨ ਅਤੇ ਕਲਸਟਰ ਡਿਵੈਲਪਮੈਂਟ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਅਧਿਕਾਰੀਆਂ ਵੱਲੋਂ ਉਨ੍ਹਾਂ ਦੇ ਪ੍ਰਸ਼ਨਾਂ ਦੇ ਸੰਤੁਸ਼ਟੀਜਨਕ ਉੱਤਰ ਦਿੱਤੇ ਗਏ।