ਮੁੱਖ ਮੰਤਰੀ ਦੀ ਆਮਦ ਸਬੰਧੀ ਵਿਧਾਇਕ ਅਮੋਲਕ ਸਿੰਘ, ਪੂਨਮਦੀਪ ਕੌਰ ਅਤੇ ਪ੍ਰੱਗਿਆ ਜੈਨ ਵੱਲੋਂ ਵਿਸ਼ੇਸ਼ ਮੀਟਿੰਗ
ਰੈਲੀ ਵਾਲੀ ਥਾਂ ਤੇ ਪ੍ਰਬੰਧਾਂ ਦਾ ਲਿਆ ਜਾਇਜ਼ਾ
5 Dariya News
ਜੈਤੋ 02-Apr-2026
ਵਿਧਾਇਕ ਜੈਤੋ ਸ. ਅਮੋਲਕ ਸਿੰਘ, ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਅਤੇ ਐਸ.ਐਸ.ਪੀ. ਮੈਡਮ ਪ੍ਰੱਗਿਆ ਜੈਨ ਵੱਲੋਂ ਸਬ ਡਿਵੀਜ਼ਨਲ ਮੈਜਿਸਟ੍ਰੇਟ ਦਫ਼ਤਰ ਜੈਤੋ ਵਿਖੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਜੈਤੋ ਦਾਣਾ ਮੰਡੀ ਵਿਖੇ ਸੰਭਾਵਿਤ ਆਮਦ ਸਬੰਧੀ ਤਿਆਰੀਆਂ ਦਾ ਵਿਸਥਾਰ ਨਾਲ ਜਾਇਜ਼ਾ ਲਿਆ ਗਿਆ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਵੱਖ-ਵੱਖ ਵਿਭਾਗਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਸਮੇਂ ਸਿਰ ਅਤੇ ਸੁਚੱਜੇ ਢੰਗ ਨਾਲ ਨਿਭਾਉਣ ਲਈ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਨੇ ਟ੍ਰੈਫਿਕ ਪ੍ਰਬੰਧ, ਸਫਾਈ, ਪੀਣ ਵਾਲੇ ਪਾਣੀ, ਬਿਜਲੀ ਸਪਲਾਈ, ਸਿਹਤ ਸਹੂਲਤਾਂ ਅਤੇ ਸੁਰੱਖਿਆ ਇੰਤਜ਼ਾਮਾਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਦਿੱਤੇ ਗਏ ਕੰਮ ਵਿੱਚ ਕਿਸੇ ਕਿਸਮ ਦੀ ਕੋਈ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਐਸ.ਐਸ.ਪੀ. ਮੈਡਮ ਪ੍ਰੱਗਿਆ ਜੈਨ ਨੇ ਸਮਾਗਮ ਲਈ ਸੁਰੱਖਿਆ ਪ੍ਰਬੰਧਾਂ ਸਬੰਧੀ ਵਿਸਥਾਰ ਸਹਿਤ ਚਰਚਾ ਕੀਤੀ। ਮੀਟਿੰਗ ਤੋਂ ਬਾਅਦ ਵਿਧਾਇਕ ਜੈਤੋ ਸ. ਅਮੋਲਕ ਸਿੰਘ, ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਅਤੇ ਐਸ.ਐਸ.ਪੀ. ਮੈਡਮ ਪ੍ਰੱਗਿਆ ਜੈਨ ਵੱਲੋਂ ਜੈਤੋ ਦਾਣਾ ਮੰਡੀ ਵਿਖੇ ਸਮਾਗਮ ਸਥਾਨ ਦਾ ਦੌਰਾ ਕਰਕੇ ਤਿਆਰੀਆਂ ਦਾ ਮੌਕੇ ‘ਤੇ ਜਾਇਜ਼ਾ ਲਿਆ ਗਿਆ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਲੋੜੀਂਦੇ ਸੁਧਾਰ ਤੁਰੰਤ ਕਰਨ ਲਈ ਆਦੇਸ਼ ਦਿੱਤੇ ਗਏ।
ਵਿਧਾਇਕ ਸ. ਅਮੋਲਕ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਆਮਦ ਸਬੰਧੀ ਜੈਤੋ ਵਿਖੇ ਪੂਰੀ ਤਰ੍ਹਾਂ ਤਿਆਰੀਆਂ ਮੁਕੰਮਲ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੈਤੋ ਵਿਖੇ ਵੱਡੇ ਐਲਾਨ ਕਰਕੇ ਜਾਣਗੇ। ਉਨ੍ਹਾ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹਲਕੇ ਵਿੱਚ ਵਿਕਾਸ ਕਾਰਜ ਪਹਿਲਾਂ ਵੀ ਕਰਵਾਏ ਗਏ ਹਨ ਅਤੇ ਅੱਗੇ ਵੀ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਆਮਦ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਇੰਤਜ਼ਾਮ ਵਧੀਆ ਢੰਗ ਨਾਲ ਕੀਤੇ ਜਾਣ ਤਾਂ ਜੋ ਸਮਾਗਮ ਸੁਚਾਰੂ ਤਰੀਕੇ ਨਾਲ ਆਯੋਜਿਤ ਕੀਤਾ ਜਾ ਸਕੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੰਦੀਪ ਮਲਹੋਤਰਾ, ਚੇਅਰਮੈਨ ਮਾਰਕਿਟ ਕਮੇਟੀ ਜੈਤੋ ਸ. ਲਛਮਣ ਸਿੰਘ ਭਗਤੂਆਣਾ, ਐਸ.ਡੀ.ਐਮ. ਜੈਤੋ ਸ. ਵਿਕਰਮਜੀਤ, ਐਸ.ਡੀ.ਐਮ ਕੋਟਕਪੂਰਾ ਸ. ਸੁਖਰਾਜ ਸਿੰਘ ਢਿੱਲੋਂ, ਸਿਵਲ ਸਰਜਨ ਡਾ. ਪਰਵਜੀਤ ਸਿੰਘ, ਐਡਵੋਕੇਟ ਹਰਸਿਮਰਨ ਮਲਹੋਤਰਾ, ਗੁਬਿੰਦਰ ਵਾਲੀਆ, ਸ. ਧਰਮਜੀਤ ਰਾਮੇਆਣਾ, ਸ. ਨਰਿੰਦਰ ਰਾਮੇਆਣਾ, ਐਕਸੀਅਨ ਸ੍ਰੀ ਨਵੀਨ ਗੜਵਾਲ, ਐਮ.ਈ. ਰਾਕੇਸ਼ ਕੰਬੋਜ, ਐਕਸੀਅਨ ਸੀਵਰੇਜ ਬੋਰਡ ਸ਼ਮਿੰਦਰ ਸਿੰਘ, ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।