ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਅਮਲੋਹ ਦੇ ਨਵੇਂ ਬੱਸ ਸਟੈਂਡ ਤੋਂ ਡਿਸਟਰੀਬਿਊਟਰੀ ਦੇ ਨਾਲ ਲੱਗਦੀ ਮੰਡੀ ਗੋਬਿੰਦਗੜ੍ਹ ਤੱਕ ਸੜਕ ਦਾ ਕੰਮ ਸ਼ੁਰੂ ਕਰਵਾਇਆ
6.81 ਕਰੋੜ ਦੀ ਲਾਗਤ ਨਾਲ ਕਰੀਬ 8.89 ਕਿਲੋਮੀਟਰ ਲੰਬੀ ਸੜਕ ਹੋਵੇਗੀ ਤਿਆਰ, ਲੋਕਾਂ ਵਿੱਚ ਖੁਸ਼ੀ ਦੀ ਲਹਿਰ
5 Dariya News
ਅਮਲੋਹ 01-Apr-2026
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਰਹਿਨੁਮਾਈ ਹੇਠ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵੱਲੋਂ ਨਵੀਂ ਸੜਕ ਬਣਾਉਣ ਦਾ ਨੀਂਹ ਪੱਥਰ ਰੱਖਿਆ ਗਿਆ ਇਹ ਸੜਕ ਜੀ.ਟੀ. ਰੋਡ ਦੇ ਨਵੇਂ ਬੱਸ ਸਟੈਂਡ ਤੋਂ ਡਿਸਟਰੀਬਿਊਟਰੀ ਦੇ ਨਾਲ ਲੱਗਦੀ ਹੋਈ ਕਰੀਬ 8.89 ਕਿਲੋਮੀਟਰ ਲੰਬੀ ਹੋਵੇਗੀ ਅਤੇ ਮੰਡੀ ਗੋਬਿੰਦਗੜ੍ਹ ਤੱਕ ਜਾਵੇਗੀ। ਇਸ ਪ੍ਰੋਜੈਕਟ ’ਤੇ ਲਗਭਗ 6 ਕਰੋੜ 81 ਲੱਖ ਰੁਪਏ ਦੀ ਲਾਗਤ ਆਏਗੀ।
ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਅਤੇ ਸਥਾਨਕ ਆਗੂ ਮੌਜੂਦ ਰਹੇ। ਲੋਕਾਂ ਵਿੱਚ ਇਸ ਵਿਕਾਸੀ ਪ੍ਰੋਜੈਕਟ ਨੂੰ ਲੈ ਕੇ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਵੇਖਣ ਨੂੰ ਮਿਲਿਆ। ਵਿਧਾਇਕ ਗੈਰੀ ਬੜਿੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸੜਕ ਬਣਨ ਨਾਲ ਅਮਲੋਹ ਅਤੇ ਮੰਡੀ ਗੋਬਿੰਦਗੜ੍ਹ ਵਿਚਕਾਰ ਆਵਾਜਾਈ ਹੋਰ ਆਸਾਨ ਹੋਵੇਗੀ ਅਤੇ ਲੋਕਾਂ ਨੂੰ ਰੋਜ਼ਾਨਾ ਆਉਣ-ਜਾਣ ਵਿੱਚ ਵੱਡੀ ਰਾਹਤ ਮਿਲੇਗੀ।
ਉਨ੍ਹਾਂ ਕਿਹਾ ਕਿ ਇਹ ਲੋਕਾਂ ਦੀ ਲੰਮੇ ਸਮੇਂ ਤੋਂ ਚੱਲ ਰਹੀ ਮੰਗ ਸੀ, ਜਿਸ ਨੂੰ ਹੁਣ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਵੱਲੋਂ ਇਸ ਸੜਕ ਲਈ ਕਈ ਵਾਰ ਐਲਾਨ ਕੀਤੇ ਗਏ, ਪਰ ਜ਼ਮੀਨੀ ਪੱਧਰ ’ਤੇ ਕੋਈ ਕੰਮ ਨਹੀਂ ਹੋ ਸਕਿਆ। ਮੌਜੂਦਾ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਤਰਜੀਹ ਦੇ ਕੇ ਇਸਦੀ ਸ਼ੁਰੂਆਤ ਕਰ ਦਿੱਤੀ ਹੈ।
ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਦਾ ਬਿਨਾਂ ਕਿਸੇ ਪੱਖਪਾਤ ਦੇ ਸਮੂਹਿਕ ਵਿਕਾਸ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਹੋਰ ਕਿਹਾ ਕਿ ਸਰਕਾਰ ਆਪਣੇ ਵਾਅਦਿਆਂ ’ਤੇ ਖਰੀ ਉਤਰ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਅਮਲੋਹ ਹਲਕੇ ਵਿੱਚ ਹੋਰ ਵਿਕਾਸੀ ਪ੍ਰੋਜੈਕਟ ਲਿਆਂਦੇ ਜਾਣਗੇ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਇਸ ਸੜਕ ਦੇ ਬਣਨ ਨਾਲ ਖੇਤਰ ਦੀ ਤਰੱਕੀ ਨੂੰ ਨਵਾਂ ਬਲ ਮਿਲੇਗਾ ਅਤੇ ਅਮਲੋਹ ਹਲਕਾ ਵਿਕਾਸ ਪੱਖੋਂ ਅੱਗੇ ਵਧੇਗਾ।
ਇਸ ਤੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ਼ਿੰਗਾਰਾ ਸਿੰਘ ਸਲਾਣਾ, ਬਲਾਕ ਸੰਮਤੀ ਅਮਲੋਹ ਦੇ ਚੇਅਰਮੈਨ ਰਣਜੀਤ ਸਿੰਘ ਪਨਾਗ, ਨਗਰ ਕੌਂਸਲ ਅਮਲੋਹ ਦੇ ਪ੍ਰਧਾਨ ਸਿਕੰਦਰ ਸਿੰਘ ਗੋਗੀ, ਚੇਅਰਪਰਸਨ ਬੀਬੀ ਸੁਖਵਿੰਦਰ ਕੌਰ ਗਹਿਲੋਤ, ਜ਼ਿਲ੍ਹਾ ਕੋਆਰਡੀਨੇਟਰ ਓਂਕਾਰ ਸਿੰਘ ਚੌਹਾਨ, ਹਲਕਾ ਕੋਆਰਡੀਨੇਟਰ ਇਕਬਾਲ ਸਿੰਘ ਰਾਏ, ਸੀਨੀਅਰ ਮੀਤ ਪ੍ਰਧਾਨ ਵਿੱਕੀ ਮਿੱਤਲ, ਪ੍ਰਧਾਨ ਅਵਤਾਰ ਮੁਹੰਮਦ ਟੈਣੀ, ਮੀਤ ਪ੍ਰਧਾਨ ਜਗਤਾਰ ਸਿੰਘ, ਕੌਂਸਲਰ ਲਵਪ੍ਰੀਤ ਸਿੰਘ ਲਵੀ, ਵਿਨੋਦ ਅਬਰੋਲ, ਪ੍ਰਧਾਨ ਪਾਲੀ ਅਰੋੜਾ, ਕੁਲਜੀਤ ਸਿੰਘ ਨਰਾਇਣਗੜ੍ਹ, ਸਵਰਨਜੀਤ ਸਿੰਘ, ਜੱਗਾ ਸਿੰਘ ਭੋਲੀਆਂ, ਨਿਰਭੈ ਸਿੰਘ ਸੌਟੀ, ਰਾਜਵੀਰ ਸਿੰਘ ਸੌਟੀ, ਸਰਪੰਚ ਲਖਵੀਰ ਲੱਖਾ ਦੀਵਾ, ਸੁਖਚੈਨ ਸਿੰਘ ਦੀਵਾ, ਸਰਪੰਚ ਬਿੱਟੂ ਰਾਮ, ਸਰਪੰਚ ਗੁਰਪ੍ਰੀਤ ਸਿੰਘ, ਸਰਪੰਚ ਬਲਕਾਰ ਸਿੰਘ, ਕਰਮ ਸਿੰਘ ਭਾਂਬਰੀ, ਦਰਸ਼ਨ ਸਿੰਘ ਭੱਦਲ ਥੂਹਾ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ ਸਰਪੰਚ ਅਤੇ ਲੋਕ ਮੌਜੂਦ ਸਨ।