ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ ਪੇਰੈਂਟਸ ਮੀਟਿੰਗਾਂ
ਹਲਕਾ ਦੱਖਣੀ ਵਿੱਚ ਡਾ. ਇੰਦਰਬੀਰ ਸਿੰਘ ਨਿੱਝਰ ਨੇ ਕੀਤੀ ਸ਼ਿਰਕਤ
5 Dariya News
ਅੰਮ੍ਰਿਤਸਰ 28-Mar-2026
ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੂਬੇ ਭਰ ਦੇ ਸਰਕਾਰੀ ਸਕੂਲਾਂ ਵਿੱਚ ਵਿਸ਼ਾਲ ਪੱਧਰ ‘ਤੇ ਪੇਰੈਂਟਸ-ਟੀਚਰ ਮੀਟਿੰਗਾਂ (PTM) ਦਾ ਆਯੋਜਨ ਕੀਤਾ ਗਿਆ। ਇਸ ਉਪਰਾਲੇ ਦਾ ਮਕਸਦ ਵਿਦਿਆਰਥੀਆਂ ਦੀ ਸਿੱਖਿਆ ਦੀ ਗੁਣਵੱਤਾ ਨੂੰ ਹੋਰ ਮਜ਼ਬੂਤ ਬਣਾਉਣਾ ਅਤੇ ਮਾਪਿਆਂ ਦੀ ਸਿੱਧੀ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਸੀ।
ਇਸ ਮੌਕੇ ਹਲਕਾ ਦੱਖਣੀ ਦੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ “ਸ਼ਹੀਦ ਗੁਰਮੀਤ ਸਿੰਘ ਸਕੂਲ ਆਫ ਐਮੀਨੈਂਸ” ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ। ਉਨ੍ਹਾਂ ਨੇ ਸਕੂਲ ਪ੍ਰਬੰਧਕਾਂ, ਅਧਿਆਪਕਾਂ ਅਤੇ ਮਾਪਿਆਂ ਨਾਲ ਰੂਬਰੂ ਹੋ ਕੇ ਸਿੱਖਿਆ ਪ੍ਰਣਾਲੀ ਵਿੱਚ ਹੋ ਰਹੇ ਸੁਧਾਰਾਂ ਬਾਰੇ ਵਿਚਾਰ ਸਾਂਝੇ ਕੀਤੇ।
ਮੀਟਿੰਗ ਦੌਰਾਨ ਮਾਪਿਆਂ ਵੱਲੋਂ ਬੱਚਿਆਂ ਦੀ ਪੜ੍ਹਾਈ, ਸਕੂਲੀ ਸਹੂਲਤਾਂ ਅਤੇ ਸਹਿਯੋਗੀ ਮਾਹੌਲ ਸੰਬੰਧੀ ਵੱਖ-ਵੱਖ ਮਸਲਿਆਂ ‘ਤੇ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਮਾਪਿਆਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਸ ਤਰ੍ਹਾਂ ਦੀਆਂ ਮੀਟਿੰਗਾਂ ਨਾਲ ਸਕੂਲ ਅਤੇ ਘਰ ਵਿਚਕਾਰ ਸਾਂਝ ਮਜ਼ਬੂਤ ਹੁੰਦੀ ਹੈ, ਜਿਸ ਨਾਲ ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਬਲ ਮਿਲਦਾ ਹੈ।
ਡਾ. ਨਿੱਝਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਖੇਤਰ ਵਿੱਚ ਕਾਇਮੀਆਂ ਤਬਦੀਲੀਆਂ ਲਿਆਉਣ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ “ਸਕੂਲ ਆਫ ਐਮੀਨੈਂਸ” ਵਰਗੇ ਉਪਰਾਲਿਆਂ ਰਾਹੀਂ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਅਤੇ ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਉਹ ਭਵਿੱਖ ਵਿੱਚ ਦੇਸ਼ ਦਾ ਨਾਮ ਰੋਸ਼ਨ ਕਰ ਸਕਣ। ਇਸ ਮੌਕੇ ‘ਤੇ ਲੋਕਾਂ ਵੱਲੋਂ ਪੰਜਾਬ ਸਰਕਾਰ ਦੇ ਸਿੱਖਿਆ ਪ੍ਰਤੀ ਕੀਤੇ ਜਾ ਰਹੇ ਯਤਨਾਂ ਦੀ ਸਰਾਹਨਾ ਕਰਦੇ ਹੋਏ ਧੰਨਵਾਦ ਪ੍ਰਗਟਾਇਆ ਗਿਆ।
ਇਸ ਸਮਾਗਮ ਵਿੱਚ ਪ੍ਰਿੰਸੀਪਲ ਜਸਕਰਨਦੀਪ ਸਿੰਘ, ਜ਼ਿਲ੍ਹਾ ਕੋਰਡੀਨੇਟਰ (ਸਿੱਖਿਆ ਵਿੰਗ, ਆਮ ਆਦਮੀ ਪਾਰਟੀ) ਅਰਵਿੰਦਰ ਸਿੰਘ ਭੱਟੀ (ਜ਼ੋਨਲ ਮੀਡੀਆ ਇੰਚਾਰਜ), ਰਾਜੇਸ਼ ਸ਼ਰਮਾ (ਡੀ.ਓ.), ਰਾਜੇਸ਼ ਖੰਨਾ (ਡਿਪਟੀ ਡੀ.ਓ.), ਪ੍ਰਿੰਸੀਪਲ ਗੁਰਿੰਦਰ ਕੌਰ, ਗੁਰਪ੍ਰੀਤ ਸਿੰਘ ਚਾਹਤ (ਹਲਕਾ ਕੋਆਰਡੀਨੇਟਰ), ਐੱਮ.ਪੀ. ਸਿੰਘ (ਹੈਡ ਆਫ ਡਿਪਾਰਟਮੈਂਟ, GNDU), ਬਲਬੀਰ ਕਪੂਰ (ਵਾਈਸ ਕੋਆਰਡੀਨੇਟਰ) ਅਤੇ ਨਵਨੀਤ ਸ਼ਰਮਾ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।