5 Dariya News

ਮੈਡੀਕਲ ਕਾਲਜ ਪ੍ਰੋਜੈਕਟਾਂ ਨੂੰ ਤੇਜ਼ ਕਰਨ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ; 2026-27 ਦੀ ਸਮਾਂ ਸੀਮਾ ਨਿਰਧਾਰਤ

5 Dariya News

ਚੰਡੀਗੜ੍ਹ 27-Mar-2026

ਹਰਿਆਣਾ ਦੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੀ ਵਧੀਕ ਮੁੱਖ ਸਕੱਤਰ, ਡਾ. ਸੁਮਿਤਾ ਮਿਸ਼ਰਾ ਨੇ ਸ਼ੁੱਕਰਵਾਰ ਨੂੰ ਰਾਜ ਦੇ ਕਈ ਸਰਕਾਰੀ ਮੈਡੀਕਲ ਕਾਲਜਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਕੰਮ ਕਰਨ ਵਾਲੀਆਂ ਏਜੰਸੀਆਂ ਨੂੰ ਸਮਾਂ-ਸੀਮਾ ਦੀ ਪਾਲਣਾ ਕਰਨ ਅਤੇ ਅਟਕੇ ਹੋਏ ਕੰਮਾਂ ਵਿੱਚ ਤੇਜ਼ੀ ਲਿਆਉਣ ਦੇ ਸਖ਼ਤ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਮੈਡੀਕਲ ਇਫ੍ਰਾਸਟਕਚਰ ਦਾ ਵਿਸਥਾਰ ਕਰਨ ਅਤੇ ਐਮ.ਬੀ.ਬੀ.ਐਸ. ਸੀਟਾਂ ਦੀ ਗਿਣਤੀ ਵਧਾਉਣ ਦੇ ਨਾਲ-ਨਾਲ ਜਨਤਾ ਨੂੰ ਆਸਾਨੀ ਨਾਲ ਉਪਲਬਧ ਤੀਜੇ ਦਰਜੇ ਦੀਆਂ (ਟਰਸ਼ਰੀ) ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਅੱਗੇ ਵਧ ਰਹੀ ਹੈ।

ਡਾ. ਸੁਮਿਤਾ ਮਿਸ਼ਰਾ ਚੰਡੀਗੜ੍ਹ ਵਿੱਚ ਮੈਡੀਕਲ ਸਿੱਖਿਆ ਅਤੇ ਖੋਜ ਨਿਗਰਾਨੀ ਅਤੇ ਸੁਪਰਵਾਈਜ਼ਰੀ ਕਮੇਟੀ (MSMER) ਦੀ 30ਵੀਂ ਮੀਟਿੰਗ ਦੀ ਪ੍ਰਧਾਨਗੀ ਕਰ ਰਹੀ ਸੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸਿਵਲ ਕਾਰਜਾਂ ਨੂੰ ਸਮੇਂ-ਸੀਮਾ ਦੇ ਅੰਦਰ ਪੂਰਾ ਕਰਨਾ, ਸਮੱਗਰੀਆਂ ਦੀ ਖਰੀਦ ਕਰਨਾ ਅਤੇ ਫੈਕਲਟੀ ਦੀ ਭਰਤੀ ਕਰਨਾ ਯਕੀਨੀ ਬਣਾਉਣ। 

ਕੈਥਲ ਅਤੇ ਯਮੁਨਾਨਗਰ ਵਿੱਚ ਸਥਿਤ ਸਰਕਾਰੀ ਮੈਡੀਕਲ ਕਾਲਜ, ਜੋ ਕਿ ਦੋਵੇਂ ਲਗਭਗ 80 ਪ੍ਰਤੀਸ਼ਤ ਪੂਰੇ ਹੋ ਚੁੱਕੇ ਹਨ, ਨੂੰ 30 ਜੂਨ, 2026 ਦੀ ਡੈੱਡਲਾਈਨ ਦਿੱਤੀ ਗਈ ਹੈ। ਡਾ. ਮਿਸ਼ਰਾ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਬਾਇਓਮੈਡੀਕਲ ਉਪਕਰਨਾਂ ਅਤੇ ਫਰਨੀਚਰ ਦੀ ਖਰੀਦ ਸ਼ੁਰੂ ਕਰਨ, ਅਤੇ ਰਾਸ਼ਟਰੀ ਮੈਡੀਕਲ ਕਮਿਸ਼ਨ ਤੋਂ ਸਾਰੀਆਂ ਜ਼ਰੂਰੀ ਮੰਜ਼ੂਰੀਆਂ ਪ੍ਰਾਪਤ ਕਰਨ, ਤਾਂ ਜੋ ਸਾਲ 2027–28 ਦੇ ਅਕਾਦਮਿਕ ਸੈਸ਼ਨ ਤੋਂ ਐਮ.ਬੀ.ਬੀ.ਐਸ. ਵਿੱਚ ਦਾਖਲੇ ਸ਼ੁਰੂ ਕੀਤੇ ਜਾ ਸਕਣ।

ਮੀਟਿੰਗ ਦੌਰਾਨ ਇਹ ਜਾਣਕਾਰੀ ਦਿੱਤੀ ਗਈ ਕਿ ਜੀਂਦ ਸਥਿਤ ਸਰਕਾਰੀ ਮੈਡੀਕਲ ਕਾਲਜ ਵਿੱਚ, ਜਿੱਥੇ ਸੋਧੇ ਹੋਏ ਵਿੱਤੀ ਅਨੁਮਾਨਾਂ ਦੀ ਮੰਜ਼ੂਰੀ ਅਟਕੀ ਹੋਣ ਕਾਰਨ ਨਿਰਮਾਣ ਕਾਰਜ ਹੌਲੀ ਹੋ ਗਿਆ ਹੈ, ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਵਿੱਤ ਵਿਭਾਗ ਨਾਲ ਇਸ ਮਾਮਲੇ ਦਾ ਫਾਲੋ-ਅਪ ਕਰਨ। ਸਿਰਸਾ ਸਥਿਤ ਸਰਕਾਰੀ ਮੈਡੀਕਲ ਕਾਲਜ, ਜੋ ਅਜੇ ਲਗਭਗ 35 ਫੀਸਦੀ ਪੂਰਾ ਹੋਇਆ ਹੈ, ਲਈ 31 ਮਾਰਚ, 2027 ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ।

ਮੀਟਿੰਗ ਵਿੱਚ ਸਾਈਟ 'ਤੇ ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਸਟਰੋਮ ਪਾਣੀ ਦੇ ਪ੍ਰਬੰਧਨ (storm water management) ਨਾਲ ਸਬੰਧਤ ਚਿੰਤਾਵਾਂ 'ਤੇ ਵੀ ਰੌਸ਼ਨੀ ਪਾਈ ਗਈ। ਡਾ. ਸੁਮਿਤਾ ਮਿਸ਼ਰਾ ਨੇ ਨਿਰਦੇਸ਼ ਦਿੱਤੇ ਕਿ ਇਨ੍ਹਾਂ ਮੁੱਦਿਆਂ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ।

ਮੀਟਿੰਗ ਵਿੱਚ ਇਹ ਵੀ ਦੱਸਿਆ ਗਿਆ ਕਿ ਕੁਟੈਲ, ਕਰਨਾਲ ਸਥਿਤ ਪੰਡਿਤ ਦੀਨ ਦਿਆਲ ਉਪਾਧਿਆਏ ਸਿਹਤ ਵਿਗਿਆਨ ਯੂਨੀਵਰਸਿਟੀ ਦਾ ਮੁੱਖ ਕੈਂਪਸ ਪੂਰਾ ਹੋ ਚੁੱਕਾ ਹੈ, ਜਦਕਿ ਨਿੱਜੀ ਵਾਰਡ ਪ੍ਰੋਜੈਕਟ -ਜਿਸ ਦੀ ਅਨੁਮਾਨਿਤ ਲਾਗਤ 30.45 ਕਰੋੜ ਰੁਪਏ ਹੈ -ਤੇ  ਕੰਮ ਅਜੇ ਲਗਭਗ 30 ਫੀਸਦੀ ਹੀ ਹੋਇਆ ਹੈ। ਕੰਮ ਕਰਨ ਵਾਲੀ ਏਜੰਸੀ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ 30 ਸਤੰਬਰ, 2026 ਦੀ ਡੈੱਡਲਾਈਨ ਨੂੰ ਪੂਰਾ ਕਰਨ ਲਈ ਨਿਰਮਾਣ ਕਾਰਜ ਵਿੱਚ ਤੇਜ਼ੀ ਲਿਆਉਣ।

ਤਿੰਨ ਸੰਸਥਾਵਾਂ ਲਈ - ਸਿਹਤ ਵਿਗਿਆਨ ਯੂਨੀਵਰਸਿਟੀ, ਕੁਟੈਲ; ਪੰਡਿਤ ਨੇਕੀ ਰਾਮ ਸ਼ਰਮਾ ਸਰਕਾਰੀ ਮੈਡੀਕਲ ਕਾਲਜ, ਭਿਵਾਨੀ ਅਤੇ ਮਹਾਰਿਸ਼ੀ ਚਯਵਨ ਸਰਕਾਰੀ ਮੈਡੀਕਲ ਕਾਲਜ, ਕੋਰਿਆਵਾਸ—ਜਿੱਥੇ 2025-26 ਸੈਸ਼ਨ ਲਈ 100 ਐਮ.ਬੀ.ਬੀ.ਐਸ. ਵਿਦਿਆਰਥੀ ਪਹਿਲਾਂ ਹੀ ਦਾਖਲਾ ਲੈ ਚੁੱਕੇ ਹਨ, ਇਹ ਫੈਸਲਾ ਲਿਆ ਗਿਆ ਕਿ ਮੂਲ ਉਪਕਰਨ ਨਿਰਮਾਤਾਵਾਂ (OEMs) ਨਾਲ ਗੱਲਬਾਤ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਜਾਵੇ, ਤਾਂ ਜੋ ਰੱਖ-ਰਖਾਅ ਦੇ ਕੰਮਾਂ ਦਾ ਠੇਕਾ ਦਿੱਤਾ ਜਾ ਸਕੇ। 

ਇਨ੍ਹਾਂ ਕੰਮਾਂ ਵਿੱਚ ਐਚ.ਵੀ.ਏ.ਸੀ. (HVAC) ਸਿਸਟਮ, ਲਿਫਟਾਂ, ਡੀ.ਜੀ. ਸੈੱਟ, ਇਲੈਕਟ੍ਰੀਕਲ ਸਬ-ਸਟੇਸ਼ਨ ਅਤੇ ਜਲ ਸੋਧ ਪਲਾਂਟ ਵਰਗੀਆਂ ਮਹੱਤਵਪੂਰਨ ਬੁਨਿਆਦੀ ਸਹੂਲਤਾਂ ਨੂੰ ਸ਼ਾਮਲ ਕੀਤਾ ਜਾਵੇਗਾ, ਵਿਸ਼ੇਸ਼ ਤੌਰ 'ਤੇ ਉਦੋਂ, ਜਦੋਂ ਇਨ੍ਹਾਂ ਉਪਕਰਨਾਂ ਦੀ 'ਨੁਕਸ ਦੇਣਦਾਰੀ ਮਿਆਦ' (defect liability period) ਖਤਮ ਹੋਣ ਵਾਲੀ ਹੋਵੇ। ਖਾਨਪੁਰ ਕਲਾਂ (ਸੋਨੀਪਤ) ਸਥਿਤ ਭਗਤ ਫੂਲ ਸਿੰਘ ਸਰਕਾਰੀ ਮਹਿਲਾ ਮੈਡੀਕਲ ਕਾਲਜ ਅਤੇ ਕਰਨਾਲ ਸਥਿਤ ਕਲਪਨਾ ਚਾਵਲਾ ਸਰਕਾਰੀ ਮੈਡੀਕਲ ਕਾਲਜ ਵਿੱਚ ਚੱਲ ਰਹੇ ਵਿਸਥਾਰ ਕਾਰਜਾਂ ਦੀ ਵੀ ਸਮੀਖਿਆ ਕੀਤੀ ਗਈ, ਅਤੇ ਉਨ੍ਹਾਂ ਨੂੰ ਸਮੇਂ ਸਿਰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਗਏ। 

ਡਾ. ਮਿਸ਼ਰਾ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਰੇ ਕਾਰਜ ਨਿਰਧਾਰਤ ਸਮੇਂ-ਸੀਮਾ ਦੇ ਅੰਦਰ ਪੂਰੇ ਕੀਤੇ ਜਾਣੇ ਚਾਹੀਦੇ ਹਨ, ਤਾਂ ਜੋ ਨਵੇਂ ਮੈਡੀਕਲ ਕਾਲਜ ਬਿਨਾਂ ਕਿਸੇ ਦੇਰੀ ਦੇ ਪੂਰੀ ਤਰ੍ਹਾਂ ਚਾਲੂ ਹੋ ਸਕਣ।