ਹਰਪ੍ਰੀਤ ਸਿੰਘ ਵਲੋਂ ਪੀ ਐਮ ਕੇਅਰ ਸਕੀਮ ਦੀ ਲਾਭਪਾਤਰੀ ਨਾਲ ਮੁਲਾਕਾਤ
ਆਰਤੀ ਕੁਮਾਰੀ ਨੂੰ ਪੀ ਐਮ ਕੇਅਰ ਅਧੀਨ ਦਿੱਤੀ ਜਾ ਚੁੱਕੀ ਹੈ 10 ਲੱਖ ਰੁਪਏ ਦੀ ਸਹਾਇਤਾ
5 Dariya News
ਬਰਨਾਲਾ 17-Mar-2026
ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਆਈ ਏ ਐੱਸ ਵਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਪਣੇ ਦਫ਼ਤਰ ਵਿੱਚ ਪੀ ਐਮ ਕੇਅਰ ਸਕੀਮ ਦਾ ਲਾਭ ਲੈ ਰਹੀ ਲੜਕੀ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਪੀ ਐਮ ਕੇਅਰ ਸਕੀਮ ਦਾ ਲਾਭ ਲੈ ਰਹੀ ਆਰਤੀ ਕੁਮਾਰੀ ਅਤੇ ਉਸਦੇ ਭਰਾ ਨਸੀਬ ਚੌਧਰੀ ਨਾਲ ਗੱਲਬਾਤ ਕੀਤੀ।
ਓਹਨਾਂ ਆਰਤੀ ਦੀ ਸਿਹਤ ਅਤੇ ਪਰਿਵਾਰਕ ਹਾਲਾਤ ਬਾਰੇ ਜਾਣਕਾਰੀ ਲਈ ਅਤੇ ਤਿਮਾਹੀ ਮੀਟਿੰਗ ਦੌਰਾਨ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪਰਿਵਾਰ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਉਣ ਦਿੱਤੀ ਜਾਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਰਨਾਲਾ ਵਾਸੀ 20 ਸਾਲਾ ਆਰਤੀ ਕੁਮਾਰੀ ਨੂੰ ਪੀ ਐਮ ਕੇਅਰ ਸਕੀਮ ਅਧੀਨ ਵਿੱਤੀ ਸਹਾਇਤਾ ਦਿੱਤੀ ਜਾ ਚੁੱਕੀ ਹੈ। ਓਹਨਾਂ ਦੱਸਿਆ ਕਿ ਆਰਤੀ ਕੁਮਾਰੀ ਦੇ ਮਾਤਾ ਅਤੇ ਪਿਤਾ ਦੀ ਕਰੋਨਾ ਕਾਲ ਦੌਰਾਨ ਮੌਤ ਹੋ ਗਈ ਸੀ।
ਉਹ ਚਾਰ ਭੈਣਾਂ ਅਤੇ ਇੱਕ ਭਰਾ ਸਨ ਜਦਕਿ ਇਨ੍ਹਾਂ ਵਿੱਚੋਂ ਇੱਕ ਭੈਣ ਦੀ ਪਿਛਲੇ ਸਾਲ ਮੌਤ ਹੋ ਗਈ। ਉਸਦਾ ਭਰਾ ਨਸੀਬ ਚੌਧਰੀ ਪੱਲੇਦਾਰੀ ਕਰਦਾ ਹੈ। ਆਰਤੀ ਕੁਮਾਰੀ ਨੂੰ ਪੀ ਐਮ ਕੇਅਰ ਸਕੀਮ ਅਧੀਨ 10 ਲੱਖ ਰੁਪਏ ਦੀ ਵਿੱਤੀ ਸਹਾਇਤਾ ਉਸਦੇ ਖਾਤੇ ਵਿੱਚ ਪਾਈ ਗਈ ਹੈ ਜੋ ਕਿ 23 ਸਾਲ ਦੀ ਉਮਰ ਵਿੱਚ ਓਸ ਨੂੰ ਮਿਲਣਯੋਗ ਹੋਵੇਗੀ। ਇਸ ਤੋਂ ਇਲਾਵਾ ਉਸਨੂੰ 50 ਹਜ਼ਾਰ ਰੁਪਏ ਐਕਸ ਗ੍ਰੇਸ਼ੀਆ ਅਤੇ 20 ਹਜ਼ਾਰ ਰੁਪਏ ਸਾਲਾਨਾ ਸਕਾਲਰਸ਼ਿਪ ਵੀ ਦਿੱਤੀ ਗਈ ਹੈ।
ਆਰਤੀ ਕੁਮਾਰੀ ਬਾਰ੍ਹਵੀਂ ਜਮਾਤ ਵਿੱਚ ਪੜ੍ਹ ਰਹੀ ਹੈ ਅਤੇ ਉਸਦਾ ਸੁਪਨਾ ਹੈ ਕਿ ਉਹ ਨੌਕਰੀ ਕਰਕੇ ਆਪਣਾ ਮਕਾਨ ਬਣਾਵੇ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਗੁਰਜੀਤ ਕੌਰ ਨੇ ਦੱਸਿਆ ਕਿ ਆਰਤੀ ਦੇ ਪਿਤਾ ਅਰਜਨ ਚੌਧਰੀ ਅਤੇ ਮਾਤਾ ਧਨਵੰਤੀ ਦੇਵੀ ਦੀ 2021 ਵਿੱਚ ਕਰੋਨਾ ਕਾਲ ਵਿੱਚ ਮੌਤ ਹੋ ਗਈ ਸੀ ਜਿਸ ਦੇ ਮੱਦੇਨਜ਼ਰ ਓਸਨੂੰ ਪੀ ਐੱਮ ਕੇਅਰ ਤਹਿਤ ਅਤੇ ਸਪਾਂਸਰਸ਼ਿਪ ਸਕੀਮ ਅਧੀਨ ਸਹਾਇਤਾ ਦਿੱਤੀ ਗਈ।