5 Dariya News

ਗੈਸ, ਪੈਟਰੋਲ ਦੀ ਜਮ੍ਹਾਂਖੋਰੀ ਦੀ ਸ਼ਿਕਾਇਤ ਸਾਮ੍ਹਣੇ ਆਉਣ ਤੇ ਹੋਵੇਗੀ ਸਖ਼ਤ ਕਾਨੂੰਨੀ ਕਾਰਵਾਈ – ਡਾ. ਸੋਨਾ ਥਿੰਦ

ਲੋਕਾਂ ਨੂੰ ਗੈਸ,ਪੈਟਰੋਲ ਦੀ ਘਾਟ ਸਬੰਧੀ ਫੈਲਾਈਆ ਜਾ ਰਹੀਆਂ ਅਫ਼ਵਾਹਾਂ ਤੇ ਭਰੋਸਾ ਨਾ ਕਰਨ ਦੀ ਅਪੀਲ

5 Dariya News

ਫਤਹਿਗੜ੍ਹ ਸਾਹਿਬ 11-Mar-2026

ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਾਨਫਰੰਸ ਰੂਮ ਵਿਖੇ ਡਿਪਟੀ ਕਮਿਸ਼ਨਰ ਡਾ.ਸੋਨਾ ਥਿੰਦ ਨੇ ਜ਼ਿਲ੍ਹੇ ਦੀਆਂ ਸਮੂਹ ਗੈਸ ਏਜੰਸੀਆਂ, ਪੈਟਰੋਲ/ਡੀਜ਼ਲ ਪੰਪ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਗੈਸ ਪੈਟਰੋਲ/ਡੀਜ਼ਲ ਦੀ ਸਪਲਾਈ ਦਾ ਜਾਇਜ਼ਾ ਲੈਣ ਲਈ ਅਹਿਮ ਮੀਟਿੰਗ ਕੀਤੀ। ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਸਮੂਹ ਗੈਸ ਏਜੰਸੀਆਂ ਅਤੇ ਪੈਟਰੋਲ ਪੰਪ ਤੋਂ ਆਏ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਨਿਰਵਿਘਨ ਸਪਲਾਈ ਮੁਹੱਈਆ ਕਰਵਾਉਣੀ ਯਕੀਨੀ ਬਣਾਈ ਜਾਵੇ ਤਾਂ ਜੋ ਆਮ ਲੋਕਾਂ ਨੂੰ ਕੋਈ ਸਮੱਸਿਆ ਪੇਸ਼ ਨਾ ਆਵੇ। 

ਉਨ੍ਹਾਂ ਸਪੱਸ਼ਟ ਕੀਤਾ ਕਿ ਗੈਸ, ਪੈਟਰੋਲ/ਡੀਜ਼ਲ ਦੀ ਜਮ੍ਹਾਂਖੋਰੀ ਤੋਂ ਗੁਰੇਜ਼ ਕੀਤਾ ਜਾਵੇ, ਜੇਕਰ ਅਜਿਹੀ ਕੋਈ ਸ਼ਿਕਾਇਤ ਸਾਮ੍ਹਣੇ ਆਈ ਤਾਂ ਸਬੰਧਤ ਏਜੰਸੀ ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਮੂਹ ਗੈਸ ਏਜੰਸੀਆਂ ਅਤੇ ਪੈਟਰੋਲ ਪੰਪਾਂ ਤੋਂ ਆਏ ਨੁਮਾਇੰਦਿਆਂ ਨੇ ਡਿਪਟੀ ਕਮਿਸ਼ਨਰ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹੇ ਅੰਦਰ ਅਜਿਹੀ ਕੋਈ ਸਮੱਸਿਆ ਨਹੀ ਹੈ, ਲੋਕਾਂ ਨੂੰ ਨਿਰਵਿਘਨ ਅਤੇ ਸੁਚਾਰੂ ਸਪਲਾਈ ਮੁਹੱਈਆ ਹੋ ਰਹੀ ਹੈ ਅਤੇ ਭਵਿੱਖ ਅੰਦਰ ਵੀ ਨਿਯਮਾਂ ਅਨੁਸਾਰ ਸਪਲਾਈ ਜਾਰੀ ਰਹੇਗੀ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਗੈਸ, ਪੈਟਰੋਲ/ਡੀਜ਼ਲ ਦੀ ਘਾਟ ਸਬੰਧੀ ਫੈਲਾਈਆ ਜਾ ਰਹੀਆਂ ਅਫ਼ਵਾਹਾਂ ਤੇ ਭਰੋਸਾ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਸ਼ੋਸਲ ਮੀਡੀਆ ਜਾਂ ਹੋਰ ਪਲੇਟਫਾਰਮਾਂ ਰਾਹੀ ਅਜਿਹੀਆਂ ਸੂਚਨਾਵਾਂ, ਸੰਦੇਸ਼ ਭੇਜਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਅਜਿਹੀਆਂ ਕਾਰਵਾਈਆਂ ਤੋਂ ਦੂਰੀ ਬਣਾਉਣ ਦੀ ਹਦਾਇਤ ਕੀਤੀ।

ਮੀਟਿੰਗ ਵਿੱਚ ਜ਼ਿਲ੍ਹਾ ਕੰਟਰੋਲਰ, ਖੁਰਾਕ ਸਿਵਲ ਸਪਲਾਈਜ਼ ਅਫਸਰ ਮੀਨਾਕਸੀ, ਜ਼ਿਲ੍ਹਾ ਪ੍ਰਧਾਨ ਪੈਟਰੋਲ/ਡੀਜ਼ਲ ਪੰਪ ਐਸੋਸੀਏਸ਼ਨ, ਸਹਾਇਕ ਖੁਰਾਕ ਸਪਲਾਈ ਅਫਸਰ, ਖਮਾਣੋਂ,ਅਮਲੋਹ, ਖੇੜਾ, ਫਤਹਿਗੜ੍ਹ ਸਾਹਿਬ ਅਤੇ ਨਿਰੀਖਕ, ਖੁਰਾਕ ਤੇ ਸਪਲਾਈ, ਬਸੀ ਪਠਾਣਾ ਅਤੇ ਸਰਹਿੰਦ ਹਾਜ਼ਰ ਸਨ।