5 Dariya News

ਜ਼ਿਲ੍ਹੇ ਵਿਚ ਪੈਟਰੋਲੀਅਮ ਉਤਪਾਦਾਂ ਅਤੇ ਐਲ.ਪੀ.ਜੀ ਦੀ ਕੋਈ ਕਮੀ ਨਹੀਂ : ਰਾਹੁਲ

ਡਿਸਟ੍ਰੀਬਿਊਟਰਾਂ ਨੂੰ ਘਰੇਲੂ ਵਰਤੋਂ ਵਾਲੇ ਗੈਸ ਸਿਲੰਡਰਾਂ ਦੀ ਨਿਰਵਿਘਨ ਸਪਲਾਈ ਜਾਰੀ ਰੱਖਣ ਦੇ ਦਿੱਤੇ ਨਿਰਦੇਸ਼

5 Dariya News

ਤਰਨ ਤਾਰਨ 11-Mar-2026

ਮੱਧ ਪੂਰਬ ਵਿਚ ਚੱਲ ਰਹੇ ਵਿਵਾਦ ਕਾਰਨ ਅੰਤਰਰਾਸ਼ਟਰੀ ਪੱਧਰ 'ਤੇ ਸੰਭਾਵੀ ਰੂਪ 'ਚ ਪੈਟਰੋਲੀਅਮ ਪਦਾਰਥਾਂ ਨਾਲ ਸਬੰਧਤ ਹਾਲਾਤ ਪ੍ਰਭਾਵਿਤ ਹੋਣ ਦੇ ਖਦਸ਼ੇ ਅਤੇ ਆਮ ਜਨਤਾ ਵਿਚ ਇਸ ਸਬੰਧੀ ਪੈਦਾ ਹੋਏ ਤੌਖਲਿਆਂ ਨੂੰ ਦੂਰ ਕਰਨ ਦੇ ਮੰਤਵ ਨਾਲ ਅੱਜ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਖ਼ੁਰਾਕ ਤੇ ਸਪਲਾਈਜ਼ ਕੰਟਰੋਲਰ, ਜ਼ਿਲ੍ਹਾ ਤਰਨ ਤਾਰਨ ਦੇ ਸਮੂਹ ਐਲ.ਪੀ.ਜੀ ਡਿਸਟ੍ਰੀਬਿਊਟਰਾਂ, ਪੈਟਰੋਲ-ਡੀਜ਼ਲ ਡਿਸਟ੍ਰੀਬਿੈਊਟਰਾਂ ਅਤੇ ਸਮੂਹ ਆਇਲ ਕੰਪਨੀਆਂ ਦੇ ਸੇਲਜ਼ ਅਫਸਰਾਂ ਆਦਿ ਦੀ ਅਹਿਮ ਮੀਟਿੰਗ ਬੁਲਾਈ ਗਈ।

ਇਸ ਦੌਰਾਨ ਹੋਏ ਵਿਚਾਰ-ਵਟਾਂਦਰੇ ਅਤੇ ਸਾਂਝੀਆਂ ਕੀਤੀਆਂ ਸੂਚਨਾਵਾਂ ਮੁਤਾਬਿਕ ਇਹ ਸਾਮ੍ਹਣੇ ਆਇਆ ਕਿ ਹੁਣ ਤੱਕ ਜ਼ਿਲ੍ਹੇ ਵਿਚ ਕਿਸੇ ਵੀ ਪੈਟਰੋਲੀਅਮ ਉਤਪਾਦ/ਐਲ.ਪੀ.ਜੀ ਆਦਿ ਦੀ ਕੋਈ ਤੰਗੀ-ਪੇਸ਼ੀ ਨਹੀਂ ਹੈ। ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਨੇ ਇਸ ਮੌਕੇ ਨਿਰਦੇਸ਼ ਦਿੱਤੇ ਕਿ ਆਮ ਜਨਤਾ ਨੂੰ ਘਰੇਲੂ ਵਰਤੋਂ ਵਾਲੇ ਗੈਸ ਸਿਲੰਡਰਾਂ ਦੀ ਨਿਰਵਿਘਨ ਸਪਲਾਈ ਜਾਰੀ ਰੱਖੀ ਜਾਵੇ। ਉਨ੍ਹਾਂ ਹਰੇਕ ਡਿਸਟ੍ਰੀਬਿਊਟਰ ਨੂੰ ਇਹ ਸਖ਼ਤੀ ਨਾਲ ਕਿਹਾ ਕਿ ਖ਼ਪਤਕਾਰਾਂ ਦੇ ਹਿੱਤਾਂ ਦੇ ਸਨਮੁਖ ਐਲ.ਪੀ.ਜੀ ਜਾਂ ਹੋਰ ਪੈਟਰੋਲੀਅਮ ਪਦਾਰਥਾਂ ਦੀ ਜਮ੍ਹਾਖੋਰੀ, ਬਲੈਕ ਮਾਰਕੀਟਿੰਗ ਜਾਂ ਓਵਰ ਚਾਰਜਿੰਗ ਆਦਿ ਧਿਆਨ ਵਿਚ ਆਉਣ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਗੈਸ ਰੀਫਿਲ ਲਈ ਕੇਂਦਰ ਸਰਕਾਰ ਦੁਆਰਾ ਬੁਕਿੰਗ ਲਈ 21 ਦਿਨ ਤੋ 25 ਦਿਨਾਂ ਦੀ ਕੀਤੀ ਗਈ ਤਬਦੀਲੀ ਦੀ ਪਾਲਣਾ ਕਰਦਿਆਂ 25 ਦਿਨਾਂ ਬਾਅਦ ਹੀ ਬੁਕਿੰਗ ਕਰਵਾਉਣ। ਉਨ੍ਹਾਂ ਕਿਹਾ ਕਿ ਵਪਾਰਕ ਵਰਤੋਂ ਵਿਚ ਆਉਣ ਵਾਲੇ ਸਿਲੰਡਰਾਂ ਦੀ ਸਪਲਾਈ ਵਿਚ ਹਾਲ ਦੀ ਘੜੀ ਕਟੌਤੀ ਕੀਤੀ ਗਈ ਹੈ, ਜੋ ਕਿ ਬਹੁਤ ਜਲਦ ਪਹਿਲਾਂ ਦੀ ਤਰ੍ਹਾਂ ਬਹਾਲ ਹੋ ਜਾਵੇਗੀ। 

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪੂਰਨ ਤੌਰ 'ਤੇ ਸਮੂਹ ਜ਼ਿਲ੍ਹਾ ਵਾਸੀਆਂ ਦੇ ਸਹਿਯੋਗ ਲਈ ਹਾਜ਼ਰ ਹੈ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਮੀਟਿੰਗ ਦੌਰਾਨ ਸਮੂਹ ਹਾਜ਼ਰੀਨ ਵੱਲੋਂ ਇਸ ਸਬੰਧੀ ਆਮ ਜਨਤਾ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਾ ਆਉਣ ਬਾਬਤ ਵਿਸ਼ਵਾਸ ਦਿਵਾਇਆ ਗਿਆ।