‘ਆਪਣਾ ਕਾਰੋਬਾਰ, ਆਪਣੀ ਪਹਿਚਾਣ’ ਪ੍ਰੋਗਰਾਮ ਤਹਿਤ 150 ਦੇ ਕਰੀਬ ਉੱਦਮੀ ਮਹਿਲਾਵਾਂ ਦਾ ਸਨਮਾਨ
5 Dariya News
ਫਰੀਦਕੋਟ 05-Mar-2026
ਪੰਜਾਬ ਸਰਕਾਰ ਵੱਲੋਂ ਉਲੀਕੇ ਗਏ ‘ਆਪਣਾ ਕਾਰੋਬਾਰ, ਆਪਣੀ ਪਹਿਚਾਣ’ ਪ੍ਰੋਗਰਾਮ ਤਹਿਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਆਡੀਟੋਰੀਅਮ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ 150 ਦੇ ਕਰੀਬ ਉੱਦਮੀ ਮਹਿਲਾਵਾਂ ਦਾ ਸਨਮਾਨ ਕੀਤਾ। ਇਸ ਮੌਕੇ ਸ. ਸੇਖੋਂ ਨੇ ਕਿਹਾ ਕਿ ਪੰਜਾਬ ਸਰਕਾਰ ਮਹਿਲਾਵਾਂ ਨੂੰ ਆਤਮਨਿਰਭਰ ਬਣਾਉਣ ਲਈ ਵਚਨਬੱਧ ਹੈ ਅਤੇ ਇਸ ਲਈ ਵੱਖ-ਵੱਖ ਯੋਜਨਾਵਾਂ ਅਤੇ ਪ੍ਰੋਗਰਾਮਾਂ ਰਾਹੀਂ ਮਹਿਲਾਵਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਹੋਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਅੱਜ ਮਹਿਲਾਵਾਂ ਹਰ ਖੇਤਰ ਵਿੱਚ ਅੱਗੇ ਵੱਧ ਰਹੀਆਂ ਹਨ ਅਤੇ ਆਪਣੇ ਹੁਨਰ ਤੇ ਮਿਹਨਤ ਨਾਲ ਸਮਾਜ ਵਿੱਚ ਵਿਲੱਖਣ ਪਹਿਚਾਣ ਬਣਾਉਣ ਵਿੱਚ ਸਫਲ ਹੋ ਰਹੀਆਂ ਹਨ। ਉਨ੍ਹਾਂ ਨੇ ਸਨਮਾਨਿਤ ਮਹਿਲਾਵਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਕਾਮਯਾਬੀ ਹੋਰ ਮਹਿਲਾਵਾਂ ਲਈ ਵੀ ਪ੍ਰੇਰਣਾ ਬਣੇਗੀ ਅਤੇ ਹੋਰ ਮਹਿਲਾਵਾਂ ਨੂੰ ਵੀ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਉਤਸ਼ਾਹਿਤ ਕਰੇਗੀ।
ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ. ਗੁਰਤੇਜ ਸਿੰਘ ਖੋਸਾ, ਚੇਅਰਮੈਨ ਇੰਪਰੂਵਮੈਂਟ ਟਰੱਸਟ ਸ. ਗਗਨਦੀਪ ਸਿੰਘ ਧਾਲੀਵਾਲ, ਚੇਅਰਮੈਨ ਮਾਰਕੀਟ ਕਮੇਟੀ ਫ਼ਰੀਦਕੋਟ ਸ ਅਮਨਦੀਪ ਸਿੰਘ ਬਾਬਾ, ਬੀ.ਡੀ.ਪੀ. ਓ ਨੱਥਾ ਸਿੰਘ ਭੁੱਲਰ, ਸੁਪਰਡੈਂਟ ਸ. ਮਨਪ੍ਰੀਤ ਸਿੰਘ ਤੋਂ ਇਲਾਵਾ ਮਹਿਲਾਵਾਂ ਵੀ ਹਾਜ਼ਰ ਸਨ।