ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਗਲੋਬਲ ਵਾਰਮਿੰਗ, ਆਫ਼ਤ ਪ੍ਰਬੰਧਨ ਅਤੇ ਈ-ਕਚਰੇ ਦੇ ਖਤਰੇ ਵਿਸ਼ੇ ‘ਤੇ ਸ਼ਾਰਟ ਟਰਮ ਕੋਰਸ ਦਾ ਆਗਾਜ਼
5 Dariya News
ਅੰਮ੍ਰਿਤਸਰ 05-Mar-2026
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਦੂਰਦਰਸ਼ੀ ਅਗਵਾਈ ਹੇਠ ਮਾਲਵੀਯਾ ਮਿਸ਼ਨ ਅਧਿਆਪਕ ਸਿਖਲਾਈ ਕੇਂਦਰ ਵਿੱਚ ਗਲੋਬਲ ਵਾਰਮਿੰਗ, ਆਫ਼ਤ ਪ੍ਰਬੰਧਨ ਅਤੇ ਈ-ਕਚਰੇ ਦੇ ਵਧਦੇ ਖਤਰੇ ਸੰਬੰਧੀ ਸ਼ਾਰਟ ਟਰਮ ਕੋਰਸ ਦਾ ਉਦਘਾਟਨ ਕੀਤਾ ਗਿਆ। ਇਨ੍ਹਾਂ ਕੋਰਸਾਂ ਦਾ ਆਯੋਜਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਉਸ ਸੋਚ ਨੂੰ ਦਰਸਾਉਂਦਾ ਹੈ ਜਿਸ ਤਹਿਤ ਅਧਿਆਪਕਾਂ ਨੂੰ ਸਮਕਾਲੀ ਚੁਣੌਤੀਆਂ ਦਾ ਗਿਆਨ ਅਤੇ ਜ਼ਿੰਮੇਵਾਰੀ ਨਾਲ ਸਾਹਮਣਾ ਕਰਨ ਲਈ ਤਿਆਰ ਕੀਤਾ ਜਾ ਰਿਹਾ ਹੈ।
ਇਸ ਮੌਕੇ ਪੰਜਾਬ ਪ੍ਰਦੂਸ਼ਣ ਨਿਯੰਤਰਣ ਬੋਰਡ ਦੇ ਸਾਬਕਾ ਚੇਅਰਮੈਨ ਪ੍ਰੋ. (ਡਾ.) ਆਦਰਸ਼ ਪਾਲ ਵਿਗ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਮੌਸਮੀ ਤਬਦੀਲੀ, ਵਾਤਾਵਰਣ ਖਤਰੇ ਅਤੇ ਇਲੈਕਟ੍ਰਾਨਿਕ ਕਚਰੇ ਦੀ ਵਧਦੀ ਸਮੱਸਿਆ ਨਾਲ ਨਜਿੱਠਣ ਲਈ ਅਕਾਦਮਿਕ ਅਤੇ ਸਮਾਜਕ ਪੱਧਰ ‘ਤੇ ਸਾਂਝੇ ਯਤਨਾਂ ਦੀ ਤੁਰੰਤ ਲੋੜ ‘ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਇਨ੍ਹਾਂ ਵਿਸ਼ਵ ਪੱਧਰੀ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਬਹੁ-ਵਿਿਸ਼ਆਂਕ ਦ੍ਰਿਸ਼ਟੀਕੋਣ ਬਹੁਤ ਜ਼ਰੂਰੀ ਹੈ। ਕੋਰਸ ਕੋਆਰਡੀਨੇਟਰ ਪ੍ਰੋ. (ਡਾ.) ਸਤਵਿੰਦਰਜੀਤ ਕੌਰ ਨੇ ਭਾਗੀਦਾਰਾਂ ਦਾ ਸਵਾਗਤ ਕਰਦਿਆਂ ਪ੍ਰੋਗਰਾਮ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਪਹਿਲ ਦਾ ਮਕਸਦ ਅਧਿਆਪਕਾਂ, ਖੋਜਕਰਤਾਵਾਂ ਅਤੇ ਵਿਦਵਾਨਾਂ ਨੂੰ ਵਾਤਾਵਰਣ ਮੁੱਦਿਆਂ ਅਤੇ ਆਫ਼ਤ ਪ੍ਰਬੰਧਨ ਦੀਆਂ ਰਣਨੀਤੀਆਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਹੈ।
ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਉਨ੍ਹਾਂ ਨੂੰ ਟਿਕਾਊ ਜੀਵਨ ਸ਼ੈਲੀ ਅਤੇ ਜ਼ਿੰਮੇਵਾਰ ਅਭਿਆਸਾਂ ਵੱਲ ਜਾਗਰੂਕ ਕਰਨਾ ਵੀ ਹੈ। ਮਾਲਵੀਯਾ ਮਿਸ਼ਨ ਅਧਿਆਪਕ ਸਿਖਲਾਈ ਕੇਂਦਰ ਦੇ ਡਾਇਰੈਕਟਰ ਪ੍ਰੋ. (ਡਾ.) ਮਨਿੰਦਰ ਲਾਲ ਸਿੰਘ ਨੇ ਵਿਸ਼ੇਸ਼ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੇਂਦਰ ਇਸ ਤਰ੍ਹਾਂ ਦੇ ਸਿਖਲਾਈ ਪ੍ਰੋਗਰਾਮਾਂ ਰਾਹੀਂ ਅਕਾਦਮਿਕ ਉਤਮਤਾ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ।