5 Dariya News

ਸੁਖਵੀਰ ਸਿੰਘ ਵੱਲੋਂ ਧੂਰੀ ਹਲਕੇ ਦੇ 13 ਪਿੰਡਾਂ ਦੇ 193 ਪਰਿਵਾਰਾਂ ਨੂੰ 1.07 ਕਰੋੜ ਰੁਪਏ ਦੇ ਮੁਆਵਜ਼ੇ ਦੇ ਮਨਜ਼ੂਰੀ ਪੱਤਰਾਂ ਦੀ ਵੰਡ

ਧੂਰੀ ਹਲਕੇ ਦਾ ਕੋਈ ਵੀ ਯੋਗ ਪਰਿਵਾਰ ਸਹਾਇਤਾ ਤੋਂ ਵਾਂਝਾ ਨਹੀਂ ਰਹੇਗਾ: ਓ.ਐਸ.ਡੀ. ਸੁਖਵੀਰ ਸਿੰਘ

5 Dariya News

ਧੂਰੀ 02-Mar-2026

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਓ.ਐਸ.ਡੀ. ਸੁਖਵੀਰ ਸਿੰਘ ਨੇ ਅੱਜ ਧੂਰੀ ਹਲਕੇ ਦੇ 13 ਪਿੰਡਾਂ ਦੇ 193 ਪ੍ਰਭਾਵਿਤ ਪਰਿਵਾਰਾਂ ਨੂੰ ਬਰਸਾਤਾਂ ਦੌਰਾਨ ਨੁਕਸਾਨੇ ਮਕਾਨਾਂ ਦੇ ਮੁਆਵਜ਼ੇ ਵਜੋਂ ਕੁੱਲ 1 ਕਰੋੜ 7 ਲੱਖ ਰੁਪਏ ਦੇ ਮਨਜ਼ੂਰੀ ਪੱਤਰ ਸੌਂਪੇ। ਇਸ ਮੌਕੇ ਸੰਬੋਧਨ ਕਰਦਿਆਂ ਓ.ਐਸ.ਡੀ. ਸੁਖਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਮੁਸ਼ਕਲ ਸਮੇਂ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਮਜ਼ਬੂਤੀ ਨਾਲ ਖੜੀ ਹੈ। 

ਉਨ੍ਹਾਂ ਦੱਸਿਆ ਕਿ ਜਿਨ੍ਹਾਂ ਪਰਿਵਾਰਾਂ ਦੇ ਮਕਾਨ ਪੂਰੀ ਤਰ੍ਹਾਂ ਨੁਕਸਾਨੇ ਗਏ ਹਨ, ਉਨ੍ਹਾਂ ਨੂੰ ਪ੍ਰਤੀ ਪਰਿਵਾਰ 1 ਲੱਖ 20 ਹਜ਼ਾਰ ਰੁਪਏ ਦੀ ਰਾਹਤ ਰਕਮ ਪ੍ਰਦਾਨ ਕੀਤੀ ਗਈ ਹੈ, ਜਦਕਿ ਅੰਸ਼ਿਕ ਤੌਰ ’ਤੇ ਨੁਕਸਾਨ ਝੱਲਣ ਵਾਲੇ ਪਰਿਵਾਰਾਂ ਨੂੰ 40 ਹਜ਼ਾਰ ਰੁਪਏ ਦੀ ਸਹਾਇਤਾ ਜਾਰੀ ਕੀਤੀ ਗਈ ਹੈ। ਇਹ ਰਕਮ ਸਰਕਾਰ ਵੱਲੋਂ ਨਿਰਧਾਰਤ ਮਾਪਦੰਡਾਂ ਅਤੇ ਪਾਰਦਰਸ਼ੀ ਪ੍ਰਕਿਰਿਆ ਅਨੁਸਾਰ ਮਨਜ਼ੂਰ ਕੀਤੀ ਗਈ ਹੈ।

ਉਨ੍ਹਾਂ ਹੋਰ ਕਿਹਾ ਕਿ ਧੂਰੀ ਹਲਕੇ ਦੇ ਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ’ਤੇ ਕਰਨਾ ਸਰਕਾਰ ਦੀ ਪਹਿਲੀ ਤਰਜੀਹ ਹੈ ਅਤੇ ਕੋਈ ਵੀ ਯੋਗ ਪਰਿਵਾਰ ਸਹਾਇਤਾ ਤੋਂ ਵਾਂਝਾ ਨਹੀਂ ਰਹੇਗਾ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜੇਕਰ ਕਿਸੇ ਪ੍ਰਭਾਵਿਤ ਪਰਿਵਾਰ ਦਾ ਮਾਮਲਾ ਅਜੇ ਬਕਾਇਆ ਹੈ ਤਾਂ ਉਸ ਦੀ ਤੁਰੰਤ ਜਾਂਚ ਕਰਕੇ ਯੋਗ ਰਾਹਤ ਮੁਹੱਈਆ ਕਰਵਾਈ ਜਾਵੇ।

ਉਨ੍ਹਾਂ ਦੱਸਿਆ ਕਿ ਅੱਜ ਜਿਨ੍ਹਾਂ ਪਿੰਡਾਂ ਦੇ ਪਰਿਵਾਰਾਂ ਨੂੰ ਮਨਜ਼ੂਰੀ ਪੱਤਰ ਸੌਂਪੇ ਗਏ, ਉਨ੍ਹਾਂ ਵਿੱਚ ਪਿੰਡ ਅਲਾਲ ਦੇ 9 ਪਰਿਵਾਰ, ਬਾਲੀਆਂ ਦੇ 5, ਬਮਾਲ ਦੇ 38, ਬਰੜਵਾਲ ਦੇ 17, ਭਸੌੜ ਦੇ 6, ਚੀਮਾ ਦੇ 12, ਦੁਗਨੀ ਦੇ 28, ਹਸਨਪੁਰ ਦੇ 9, ਈਸੀ ਦੇ 13, ਜਾਤੀਮਾਜਰਾ ਦਾ 1, ਮੂਲੋਵਾਲ ਦੇ 18, ਪੇਧਨੀ ਕਲਾਂ ਦੇ 13 ਅਤੇ ਰੁਲਦੂ ਸਿੰਘ ਵਾਲਾ ਦੇ 24 ਪਰਿਵਾਰ ਸ਼ਾਮਲ ਹਨ। ਇਸ ਤੋਂ ਇਲਾਵਾ ਪਿੰਡ ਦੌਲਤਪੁਰ ਦੇ ਗੁਰਦਿਆਂ ਦੀ ਗੰਭੀਰ ਬਿਮਾਰੀ ਨਾਲ ਪੀੜਤ ਇਕ ਵਿਅਕਤੀ ਨੂੰ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ 1 ਲੱਖ ਰੁਪਏ ਦੀ ਆਰਥਿਕ ਸਹਾਇਤਾ ਵੀ ਪ੍ਰਦਾਨ ਕੀਤੀ ਗਈ।

ਇਸ ਮੌਕੇ ਮੁੱਖ ਮੰਤਰੀ ਦੇ ਸੰਯੁਕਤ ਪ੍ਰਮੁੱਖ ਸਕੱਤਰ ਸੰਦੀਪ ਸਿੰਘ ਗਾੜ੍ਹਾ, ਐਸ.ਡੀ.ਐਮ. ਧੂਰੀ ਡਾ. ਇਸਮਤ ਵਿਜੈ ਸਿੰਘ, ਰਿਸ਼ਭ ਬਾਂਸਲ, ਮੁੱਖ ਮੰਤਰੀ ਫੀਲਡ ਅਫ਼ਸਰ ਅਰਵਿੰਦ ਕੁਮਾਰ, ਪੁਸ਼ਪਿੰਦਰ ਸ਼ਰਮਾ, ਰਮਨਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਲਾਭਪਾਤਰੀ ਮੌਜੂਦ ਸਨ। ਸਮਾਗਮ ਦੇ ਅੰਤ ਵਿੱਚ ਓ.ਐਸ.ਡੀ. ਸੁਖਵੀਰ ਸਿੰਘ ਨੇ ਦੁਹਰਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਹਰ ਮੁਸ਼ਕਲ ਦੀ ਘੜੀ ਵਿੱਚ ਲੋਕਾਂ ਦੇ ਨਾਲ ਖੜੀ ਹੈ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਮੁਹੱਈਆ ਕਰਵਾਉਣਾ ਆਪਣਾ ਫ਼ਰਜ਼ ਸਮਝਦੀ ਹੈ। 

ਉਨ੍ਹਾਂ ਕਿਹਾ ਕਿ ਲੋਕ-ਕੇਂਦਰਿਤ ਅਤੇ ਜ਼ਿੰਮੇਵਾਰ ਪ੍ਰਸ਼ਾਸਨ ਦੇ ਸਿਧਾਂਤਾਂ ’ਤੇ ਚੱਲਦਿਆਂ ਹਰ ਯੋਗ ਵਿਅਕਤੀ ਤੱਕ ਸਰਕਾਰੀ ਸਹਾਇਤਾ ਪਹੁੰਚਾਉਣ ਲਈ ਵਚਨਬੱਧਤਾ ਨਾਲ ਕੰਮ ਕੀਤਾ ਜਾ ਰਿਹਾ ਹੈ।