ਵਿਕਾਸ ਕਰਦੇ ਸਮੇਂ ਮਨੁੱਖਤਾ ਨੂੰ ਕੁਦਰਤ ਨਾਲ ਸੁਰ ਮਿਲਾ ਕੇ ਚਲਣਾ ਜਰੂਰੀ - ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ
ਅਜਿਹੀਆਂ ਖੋਜਾਂ ਕਰਨੀ ਚਾਹੀਦੀਆਂ ਹਨ ਜੋ ਧਰਤੀ ਉੱਤੇ ਬੋਝ ਘਟਾਉਣ - ਵਾਈਸ ਚਾਂਸਲਰ
5 Dariya News
ਅੰਮ੍ਰਿਤਸਰ 02-Mar-2026
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਟਿਕਾਊ ਵਿਕਾਸ, ਵਾਤਾਵਰਣ ਸੰਤੁਲਨ ਅਤੇ ਸਮਾਜਿਕ ਮਜ਼ਬੂਤੀ ਦੇ ਉਦੇਸ਼ ਨਾਲ ਪੈਦਾ ਹੋ ਰਹੇ ਨਵੇਂ ਪਦਾਰਥਾਂ ਅਤੇ ਤਕਨਾਲੋਜੀਆਂ ਸੰਬੰਧੀ ਦੋ ਦਿਨਾਂ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਭੌਤਿਕ ਵਿਭਾਗ ਵੱਲੋਂ ਕਰਵਾਈ ਗਈ ਇਹ ਕਾਨਫਰੰਸ ਵਿਿਗਆਨਕ ਖੋਜ ਨੂੰ ਸਾਫ਼ ਊਰਜਾ, ਵਾਤਾਵਰਣ ਸੁਰੱਖਿਆ ਅਤੇ ਲੋਕ-ਸਿਹਤ ਲਈ ਵਰਤੋਂਯੋਗ ਹੱਲਾਂ ਵਿੱਚ ਬਦਲਣ ਲਈ ਇੱਕ ਮਹੱਤਵਪੂਰਨ ਮੰਚ ਬਣਿਆ।
ਵਿਦਵਾਨਾਂ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਨਵੇਂ ਪਦਾਰਥ ਬਣਾਉਣ ਤੋਂ ਲੈ ਕੇ ਉਨ੍ਹਾਂ ਦੀ ਦੁਬਾਰਾ ਵਰਤੋਂ ਤੱਕ ਪੂਰੇ ਜੀਵਨ-ਚੱਕਰ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਤਾਂ ਜੋ ਮਨੁੱਖੀ ਸਿਹਤ ਅਤੇ ਪਰਿਆਵਰਣ ਦੀ ਰੱਖਿਆ ਹੋ ਸਕੇ। ਉਦਘਾਟਨੀ ਸਮਾਰੋਹ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿੱਚ ਹੋਇਆ ਜਿਸ ਵਿੱਚ ਮੁੱਖ ਸਰਪ੍ਰਸਤ ਅਤੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਮਨੁੱਖੀ ਸੱਭਿਆਚਾਰ ਦਾ ਭਵਿੱਖ ਉਹਨਾਂ ਪਦਾਰਥਾਂ ਨਾਲ ਜੁੜਿਆ ਹੈ ਜੋ ਅਸੀਂ ਤਿਆਰ ਕਰਦੇ ਹਾਂ।
ਉਨ੍ਹਾਂ ਜ਼ੋਰ ਦਿੱਤਾ ਕਿ ਵਿਕਾਸ ਕਰਦੇ ਸਮੇਂ ਮਨੁੱਖਤਾ ਨੂੰ ਕੁਦਰਤ ਨਾਲ ਸੁਰ ਮਿਲਾ ਕੇ ਚਲਣਾ ਹੋਵੇਗਾ ਅਤੇ ਅਜਿਹੀਆਂ ਖੋਜਾਂ ਕਰਨੀ ਚਾਹੀਦੀਆਂ ਹਨ ਜੋ ਧਰਤੀ ਉੱਤੇ ਬੋਝ ਘਟਾਉਣ। ਵਿਿਗਆਨ ਤੇ ਤਕਨਾਲੋਜੀ ਦੇ ਸੰਦਰਭ ਵਿਚ ਉਨ੍ਹਾਂ ਕਿਹਾ ਕਿ ਕੁਦਰਤ ਦੇ ਨਾਲ ਸੁਰ ਨਾਲ ਸੁਰ ਰਲਾ ਕੇ ਚਲਣਾ ਆਪਣੇ ਆਪ ਵਿਚ ਧਰਮ ਕਮਾਉਣ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਅਸੀਂ ਜਿੰਨਾ ਕੁਦਰਤ ਦੀ ਸੰਭਾਲ ਕਰਦਿਆਂ ਆਪਣੀ ਤਰੱਕੀ ਕਰਾਂਗੇ ਉਨ੍ਹਾਂ ਹੀ ਕੁਦਰਤ ਸਾਡੀ ਅਤੇ ਆਉਣ ਵਾਲੀ ਪੀੜ੍ਹੀ ਦੀ ਸੰਭਾਲ ਕਰੇਗੀ
ਮੁੱਖ ਮਹਿਮਾਨ ਡਾ. ਡੀ.ਕੇ. ਅਸਵਾਲ ਨੇ ਟਿਕਾਊ ਵਿਕਾਸ ਅਤੇ ਆਫ਼ਤ ਜੋਖਮ ਘਟਾਉਣ ਵਿੱਚ ਨਵੇਂ ਪਦਾਰਥਾਂ ਦੀ ਭੂਮਿਕਾ ਉਜਾਗਰ ਕਰਦਿਆਂ ਕਿਹਾ ਕਿ ਮੌਜੂਦਾ ਵਾਤਰਵਰਣ ਅਤੇ ਉਦਯੋਗਿਕ ਚੁਣੌਤੀਆਂ ਨਾਲ ਨਿਪਟਣ ਲਈ ਰਵਾਇਤੀ ਢੰਗ ਕਾਫ਼ੀ ਨਹੀਂ ਹਨ ਅਤੇ ਅਗਾਊਂ ਪਛਾਣ ਤੇ ਤੁਰੰਤ ਕਾਰਵਾਈ ਲਈ ਆਧੁਨਿਕ ਬੁੱਧੀਮਾਨ ਤਕਨਾਲੋਜੀਆਂ ਨੂੰ ਅਪਣਾਉਣਾ ਲਾਜ਼ਮੀ ਹੈ।
ਮੁੱਖ ਵਿਆਖਿਆਨ ਪੇਸ਼ ਕਰਦਿਆਂ ਇੰਸਟੀਚਊਟ ਆਫ ਨੈਨੋ ਸਾਇੰਸ ਐਂਡ ਟੈਕਨਾਲੋਜੀ, ਪ੍ਰੋ. ਅਨਨਿਯਾਂ ਦੱਤਾ ਨੇ ਅਣੂ ਪੱਧਰ ਉੱਤੇ ਰੋਸ਼ਨੀ ਅਤੇ ਪਦਾਰਥ ਦੇ ਪਰਸਪਰ ਪ੍ਰਭਾਵ ਦੀ ਵਿਆਖਿਆ ਕਰਦਿਆਂ ਇਸ ਦੀ ਵਰਤੋਂ ਅਗਲੀ ਪੀੜ੍ਹੀ ਦੀ ਸੂਰਜੀ ਊਰਜਾ ਅਤੇ ਪ੍ਰਕਾਸ਼ ਆਧਾਰਿਤ ਉਪਕਰਣਾਂ ਵਿੱਚ ਸੰਭਾਵਨਾਵਾਂ ਬਾਰੇ ਜਾਣਕਾਰੀ ਦਿੱਤੀ।