ਗੌਰਵ ਗੌਤਮ ਨੇ ‘ਇੱਕ ਪੇੜ ਮਾਂ ਦੇ ਨਾਮ’ ਮੁਹਿੰਮ ਤਹਿਤ ਕੀਤਾ ਪੌਦਾਰੋਪਣ
ਹੁਡਾ ਚੌਕ ਦੇ ਨਵੀਨੀਕਰਨ ਕਾਰਜ ਦਾ ਵੀ ਕੀਤਾ ਉਦਘਾਟਨ, ਹਰਿਤ ਅਤੇ ਸਵੱਛ ਪਲਵਲ ਦਾ ਦਿੱਤਾ ਸੱਦਾ
5 Dariya News
ਪਲਵਲ 01-Mar-2026
ਹਰਿਆਣਾ ਦੇ ਖੇਡ ਰਾਜ ਮੰਤਰੀ ਗੌਰਵ ਗੌਤਮ ਨੇ ਐਤਵਾਰ ਨੂੰ ਪਲਵਲ ਦੇ ਸੈਕਟਰ-2 ਸਥਿਤ ਹੁਡਾ ਚੌਕ 'ਤੇ ਪੌਦਾ ਲਗਾ ਕੇ ਵਾਤਾਵਰਣ ਦੀ ਸੰਭਾਲ ਅਤੇ ਸਵੱਛਤਾ ਦਾ ਸੰਦੇਸ਼ ਦਿੱਤਾ। ਇਹ ਪ੍ਰੋਗਰਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ‘ਇੱਕ ਪੇੜ ਮਾਂ ਦੇ ਨਾਮ’ ਮੁਹਿੰਮ ਤਹਿਤ ਆਯੋਜਿਤ ਕੀਤਾ ਗਿਆ, ਜਿਸ ਰਾਹੀਂ ਹਰ ਨਾਗਰਿਕ ਨੂੰ ਆਪਣੀ ਮਾਂ ਦੇ ਸਨਮਾਨ ਵਿੱਚ ਘੱਟੋ-ਘੱਟ ਇੱਕ ਪੌਦਾ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਖੇਡ ਰਾਜ ਮੰਤਰੀ ਗੌਰਵ ਗੌਤਮ ਨੇ ਕਿਹਾ ਕਿ ਵਾਤਾਵਰਣ ਦੀ ਰਾਖੀ ਕਰਨਾ ਸਾਡੀ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਹਰ ਨਾਗਰਿਕ ਇੱਕ ਪੌਦਾ ਲਗਾ ਕੇ ਉਸ ਦੀ ਨਿਯਮਤ ਦੇਖਭਾਲ ਕਰੇ, ਤਾਂ ਨਾ ਸਿਰਫ਼ ਪਲਵਲ ਸਗੋਂ ਪੂਰਾ ਹਰਿਆਣਾ ਹਰਿਤ ਅਤੇ ਸਵੱਛ ਬਣ ਸਕਦਾ ਹੈ।
ਉਨ੍ਹਾਂ ਨੇ ਨੌਜਵਾਨਾਂ, ਸਮਾਜਿਕ ਜਥੇਬੰਦੀਆਂ ਅਤੇ ਆਮ ਨਾਗਰਿਕਾਂ ਨੂੰ ਇਸ ਮੁਹਿੰਮ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਪ੍ਰੋਗਰਾਮ ਦੌਰਾਨ ਸ੍ਰੀ ਗੌਤਮ ਨੇ ਪਲਵਲ ਦੇ ਸੈਕਟਰ-2 ਸਥਿਤ ਹੁਡਾ ਚੌਕ ਦੇ ਸ਼ਾਨਦਾਰ ਪ੍ਰਵੇਸ਼ ਦੁਆਰ ਦੇ ਨਵੀਨੀਕਰਨ (ਜੀਰਨੋਧਾਰ) ਕਾਰਜ ਦਾ ਵੀ ਸ਼ੁਭਾਰੰਭ ਕੀਤਾ।
ਉਨ੍ਹਾਂ ਦੱਸਿਆ ਕਿ ਇਸ ਕਾਰਜ ਨਾਲ ਪਲਵਲ ਦਾ ਪ੍ਰਵੇਸ਼ ਦੁਆਰ ਹੋਰ ਵੀ ਆਕਰਸ਼ਕ, ਸੁਸੱਜਿਤ ਅਤੇ ਮਾਣਮੱਤੇ ਸਰੂਪ ਵਿੱਚ ਵਿਕਸਤ ਹੋਵੇਗਾ। ਇਹ ਪਹਿਲ ਸ਼ਹਿਰ ਦੇ ਸੁੰਦਰੀਕਰਨ ਦੇ ਨਾਲ-ਨਾਲ ਪਲਵਲ ਦੀ ਪਛਾਣ ਨੂੰ ਨਵੀਂ ਉਚਾਈ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਦਾ ਵਿਕਾਸ ਕੇਵਲ ਬੁਨਿਆਦੀ ਢਾਂਚੇ ਤੱਕ ਸੀਮਤ ਨਹੀਂ ਹੈ, ਸਗੋਂ ਸਫ਼ਾਈ, ਹਰਿਆਲੀ ਅਤੇ ਸੁਚੱਜਾ ਵਾਤਾਵਰਣ ਵੀ ਉਨਾ ਹੀ ਮਹੱਤਵਪੂਰਨ ਹੈ।
ਉਨ੍ਹਾਂ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਇੱਕ ਪੇੜ ਮਾਂ ਦੇ ਨਾਮ’ ਕੇਵਲ ਇੱਕ ਮੁਹਿੰਮ ਨਹੀਂ, ਸਗੋਂ ਭਾਵਨਾਤਮਕ ਸਾਂਝ ਅਤੇ ਵਾਤਾਵਰਣ ਦੀ ਸੰਭਾਲ ਦਾ ਸੰਦੇਸ਼ ਹੈ। ਜੇਕਰ ਅਸੀਂ ਸਾਰੇ ਮਿਲ ਕੇ ਇਸ ਦਿਸ਼ਾ ਵਿੱਚ ਕੰਮ ਕਰੀਏ, ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਵੱਛ ਅਤੇ ਸਿਹਤਮੰਦ ਵਾਤਾਵਰਣ ਦਿੱਤਾ ਜਾ ਸਕਦਾ ਹੈ।