ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 : ਸਮਾਗਮ ਦੇ ਬੰਦੋਬਸਤਾਂ ਲਈ ਕੋਮਲ ਮਿੱਤਲ, ਸਾਕਸ਼ੀ ਸਾਹਨੀ ਅਤੇ ਹਰਮਨਦੀਪ ਸਿੰਘ ਹਾਂਸ ਵੱਲੋਂ ਮੀਟਿੰਗ
5 Dariya News
ਸਾਹਿਬਜ਼ਾਦਾ ਅਜੀਤ ਸਿੰਘ ਨਗਰ 25-Feb-2026
ਆਗਾਮੀ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026, ਜੋ 13 ਤੋਂ 15 ਮਾਰਚ ਤੱਕ ਪਲਾਕਸ਼ਾ ਯੂਨੀਵਰਸਟੀ, ਮੋਹਾਲੀ ਵਿਖੇ ਕਰਵਾਇਆ ਜਾ ਰਿਹਾ ਹੈ, ਦੇ ਸੰਦਰਭ ਵਿੱਚ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਯੂਨੀਵਰਸਿਟੀ ਕੈਂਪਸ ਵਿੱਚ ਗਮਾਡਾ ਦੇ ਮੁੱਖ ਪ੍ਰਸ਼ਾਸਕ ਸਾਕਸ਼ੀ ਸਾਹਨੀ ਅਤੇ ਐਸ ਐਸ ਪੀ ਹਰਮਨਦੀਪ ਸਿੰਘ ਹਾਂਸ ਨਾਲ ਵਿਸਥਾਰਪੂਰਵਕ ਸਮੀਖਿਆ ਮੀਟਿੰਗ ਕੀਤੀ।
ਮੀਟਿੰਗ ਦੌਰਾਨ ਸਮਾਗਮ ਦੀਆਂ ਤਿਆਰੀਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ ਅਤੇ ਸਮਾਗਮ ਸਥਾਨ ਵੱਲ ਜਾਣ ਵਾਲੇ ਸਾਰੇ ਪਹੁੰਚ ਮਾਰਗਾਂ ‘ਤੇ ਆਵਾਜਾਈ ਸੁਚਾਰੂ ਬਣਾਉਣ ਲਈ ਲੋੜੀਂਦੇ ਨਿਰਦੇਸ਼ ਜਾਰੀ ਕੀਤੇ ਗਏ। ਇਸ ਤੋਂ ਇਲਾਵਾ, ਸਮਾਗਮ ਦੌਰਾਨ ਆਉਣ ਵਾਲੇ ਮਹਿਮਾਨਾਂ ਦੀ ਸੁਵਿਧਾ ਲਈ ਸਥਾਨ ਦੇ ਨੇੜੇ ਪ੍ਰਸਤਾਵਿਤ ਪਾਰਕਿੰਗ ਥਾਵਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਅਪੀਲ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਹਿਯੋਗ ਕਰਦਿਆਂ ਸਾਰੀਆਂ ਬੁਨਿਆਦੀ ਅਤੇ ਲਾਜਿਸਟਿਕ ਤਿਆਰੀਆਂ ਸਮੇਂ ਸਿਰ ਮੁਕੰਮਲ ਕਰਵਾ ਲਈਆਂ ਜਾਣ। ਇਸੇ ਤਰ੍ਹਾਂ ਡੀ ਸੀ ਕੋਮਲ ਮਿੱਤਲ ਨੇ ਐਸ ਐਸ ਪੀ ਹਰਮਨਦੀਪ ਸਿੰਘ ਹਾਂਸ ਨਾਲ ਟ੍ਰੈਫਿਕ ਪ੍ਰਬੰਧਨ ਅਤੇ ਸੁਰੱਖਿਆ ਪ੍ਰਬੰਧਾਂ ਬਾਰੇ ਵੀ ਚਰਚਾ ਕੀਤੀ ਤਾਂ ਜੋ ਨਿਵੇਸ਼ਕਾਂ, ਉਦਯੋਗਪਤੀਆਂ, ਪ੍ਰਮੁੱਖ ਸਖਸ਼ੀਅਤਾਂ ਅਤੇ ਮੀਡੀਆ ਕਰਮਚਾਰੀਆਂ ਦੀ ਆਮਦ-ਰਫ਼ਤ ਅਤੇ ਦਾਖ਼ਲਾ ਸੁਚਾਰੂ ਢੰਗ ਨਾਲ ਯਕੀਨੀ ਬਣਾਇਆ ਜਾ ਸਕੇ।
ਸੰਭਾਵਿਤ ਮਹਿਮਾਨਾਂ ਦੀ ਆਮਦ ਨੂੰ ਧਿਆਨ ਵਿੱਚ ਰੱਖਦਿਆਂ ਪਾਰਕਿੰਗ ਪ੍ਰਬੰਧਾਂ ਨੂੰ ਵੀ ਅੰਤਿਮ ਰੂਪ ਦਿੱਤਾ ਗਿਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੰਬੰਧਤ ਵਿਭਾਗਾਂ ਅਤੇ ਭਾਗੀਦਾਰਾਂ ਨਾਲ ਸਹਿਯੋਗ ਕਰਦਿਆਂ ਸਮਾਗਮ ਸਥਾਨ ਵੱਲ ਜਾਣ ਵਾਲੇ ਮਾਰਗ ਲਗਭਗ ਫਾਈਨਲ ਕਰ ਲਏ ਗਏ ਹਨ, ਤਾਂ ਜੋ ਟ੍ਰੈਫਿਕ ਮੁਸ਼ਕਿਲਾਂ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਮੋਹਾਲੀ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਥੇ ਇਸ ਤਰ੍ਹਾਂ ਦਾ ਉੱਚ ਪੱਧਰੀ ਸਮਾਗਮ ਹੋ ਰਿਹਾ ਹੈ, ਜੋ ਜ਼ਿਲ੍ਹੇ ਵਿੱਚ ਨਵੇਂ ਨਿਵੇਸ਼ ਆਕਰਸ਼ਿਤ ਕਰਨ ਅਤੇ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ।