5 Dariya News

ਮੋਦੀ ਦੀ ਲਹਿਰ ਅਤੇ ਇਆਲੀ ਦਾ ਵਿਕਾਸ ਜਿੱਤ ਦੇ ਝੰਡੇ ਗੱਡੇਗਾ-ਗੁਸਾਈਂ, ਭੰਡਾਰੀ, ਬਾਂਸਲ

5 ਦਰਿਆ ਨਿਊਜ਼ (ਅਜੈ ਪਾਹਵਾ)

ਲੁਧਿਆਣਾ 28-Apr-2014

ਅਕਾਲੀ-ਭਾਜਪਾ ਗਠਜੋੜ ਦੇ ਲੁਧਿਆਣਾ ਲੋਕ ਸਭਾ ਸੀਟ ਤੋਂ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦਾ ਪਲੜਾ ਭਾਰੀ ਵੇਖ ਕੇ ਵਿਰੋਧੀ ਖੇਮਿਆਂ ਵਿੱਚ ਚੁੱਪ ਵਰਤ ਗਈ ਹੈ ਕਿਉਂਕਿ ਮੋਦੀ ਦੀ ਲਹਿਰ ਲੁਧਿਆਣਾ ਸੀਟ 'ਤੇ ਵੀ ਲੀਡ ਵਿੱਚ ਵਾਧੇ ਦਾ ਆਪਣਾ ਚਮਤਕਾਰ ਵਿਖਾ ਰਹੀ ਹੈ। ਸ਼ਹਿਰ ਦੀ ਸਮੁੱਚੀ ਭਾਜਪਾ ਲੀਡਰਸ਼ਿੱਪ ਇਸ ਗੱਲ ਨੂੰ ਲੈ ਕੇ ਭਾਰੀ ਉਤਸ਼ਾਹ ਵਿੱਚ ਹੈ ਕਿ ਭ੍ਰਿਸ਼ਟਾਚਾਰ, ਮਹਿੰਗਾਈ ਅਤੇ ਬੇਰੁਜ਼ਗਾਰੀ ਤੋਂ ਅੱਕੀ ਜਨਤਾ ਕਾਂਗਰਸ ਅਤੇ ਵਿਰੋਧੀਆਂ ਨੂੰ ਮੂੰਹ ਨਾ ਲਾਉਣ ਦੀ ਪੱਕੀ ਠਾਣ ਚੁੱਕੀ ਹੈ। ਭਾਜਪਾ ਆਗੂਆਂ ਸਾਬਕਾ ਮੰਤਰੀ ਸਤਪਾਲ ਗੁਸਾਈਂ, ਪ੍ਰੋ. ਰਜਿੰਦਰ ਭੰਡਾਰੀ, ਜ਼ਿਲ੍ਹਾ ਭਾਜਪਾ ਪ੍ਰਧਾਨ ਪ੍ਰਵੀਨ ਬਾਂਸਲ ਆਦਿ ਨੇ ਉਮੀਦਵਾਰ ਮਨਪ੍ਰੀਤ ਇਆਲੀ ਦੇ ਡੇਢ ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਚੋਣ ਜਿੱਤਣ ਦਾ ਦਾਅਵਾ ਕਰਦਿਆਂ ਕਿਹਾ ਕਿ 25 ਅਪ੍ਰੈਲ ਦੀ ਚੋਣ ਰੈਲੀ ਵਿੱਚ ਨਰਿੰਦਰ ਮੋਦੀ ਵੱਲੋਂ ਮਨਪ੍ਰੀਤ ਇਆਲੀ ਦੀ ਵਿਕਾਸਪੱਖੀ ਸੋਚ ਦੀ ਪ੍ਰਸ਼ੰਸ਼ਾ ਕਰਦਿਆਂ ਸ਼ਹਿਰ ਵਾਸੀਆਂ ਨੂੰ ਇਆਲੀ ਦੇ ਹੱਕ ਵਿੱਚ ਮਤਦਾਨ ਕਰਨ ਅਤੇ ਤੱਕੜੀ ਦੇ ਚੋਣ ਨਿਸ਼ਾਨ ਵਾਲਾ ਬਟਨ ਦਬਾਉਣ ਦੀ ਜੋ ਅਪੀਲ ਕੀਤੀ ਸੀ, ਉਸਦਾ ਰੰਗ ਲੁਧਿਆਣਾ ਵਾਸੀਆਂ ਉÎੱਪਰ ਪੂਰੀ ਤਰ੍ਹਾਂ ਚੜ੍ਹ ਚੁੱਕਾ ਹੈ। ਮੋਦੀ ਦੀ ਲਹਿਰ ਲੁਧਿਆਣਾ ਵਿੱਚ ਵੀ ਚਮਤਕਾਰ ਵਿਖਾ ਰਹੀ ਹੈ ਅਤੇ ਭਾਜਪਾ ਦਾ ਇੱਕ-ਇੱਕ ਵਰਕਰ ਮਨਪ੍ਰੀਤ ਇਆਲੀ ਦੀ ਲੀਡ ਵਧਾਉਣ ਲਈ ਦਿਨ-ਰਾਤ ਇੱਕ ਕਰ ਰਿਹਾ ਹੈ। ਉਕਤ ਭਾਜਪਾ ਆਗੂਆਂ ਨੇ ਕਿਹਾ ਕਿ ਕਾਂਗਰਸ ਨੇ ਜੋ ਘਪਲੇ-ਘੁਟਾਲੇ ਕੀਤੇ ਹਨ ਅਤੇ ਆਜ਼ਾਦ ਉਮੀਦਵਾਰ ਨੇ ਸੌੜੇ ਸਿਆਸੀ ਸੁਆਰਥਾਂ ਦੀ ਪੂਰਤੀ ਲਈ ਜੋ ਗੱਦਾਰੀ ਕੀਤੀ ਹੈ, ਉਸਦਾ ਜਵਾਬ ਜਨਤਾ 30 ਅਪ੍ਰੈਲ ਨੂੰ ਤੱਕੜੀ ਦੇ ਚੋਣ ਨਿਸ਼ਾਨ ਵਾਲਾ ਬਟਨ ਦਬਾ ਕੇ ਮਨਪ੍ਰੀਤ ਸਿੰਘ ਇਆਲੀ ਨੂੰ ਸੰਸਦ ਵਿੱਚ ਪਹੁੰਚਾ ਕੇ ਦੇਵੇਗੀ।