5 Dariya News

ਲੋਕਾਂ ਦੀ ਸਹੂਲਤ ਲਈ ਐਸ.ਏ.ਐਸ.ਨਗਰ ਸ਼ਹਿਰ ਵਿੱਚ ਲੋਕਲ ਬੱਸ ਸੇਵਾ ਜਲਦੀ ਸ਼ੁਰੂ ਕੀਤੀ ਜਾਵੇਗੀ: ਹਰਭਜਨ ਮਾਨ

ਮਾਨ ਵੱਲੋਂ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਨਾਲ ਕੀਤੀ ਵਿਸ਼ੇਸ ਮੀਟਿੰਗ

5 ਦਰਿਆ ਨਿਊਜ਼

ਐਸ.ਏ.ਐਸ.ਨਗਰ (ਮੁਹਾਲੀ) 25-Jul-2012

ਸ਼ਹਿਰ ਨਿਵਾਸੀਆਂ ਅਤੇ ਆਮ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਐਸ.ਏ.ਐਸ.ਨਗਰ ਸ਼ਹਿਰ ਵਿੱਚ ਜਲਦੀ ਹੀ ਲੋਕਲ ਬੱਸ ਸੇਵਾ ਸ਼ੁਰੂ ਕੀਤੀ ਜਾਵੇਗੀ। ਇਸ ਸਬੰਧੀ ਜਲਦੀ ਹੀ ਮੁੱਖ ਮੰਤਰੀ ਪੰਜਾਬ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਟਰਾਂਸਪੋਰਟ ਮੰਤਰੀ ਸ੍ਰ ਅਜੀਤ ਸਿੰਘ ਕੋਹਾੜ ਨਾਲ ਗੱਲਬਾਤ ਕੀਤੀ ਜਾਵੇਗੀ ਤਾਂ ਜੋ ਇਸ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ। ਇਸ ਗੱਲ ਦੀ ਜਾਣਕਾਰੀ ਜ਼ਿਲ੍ਹਾ ਯੋਜਨਾਂ ਕਮੇਟੀ ਦੇ ਚੇਅਰਮੈਨ  ਹਰਭਜਨ ਮਾਨ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿੱਤ ਆਪਣੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੈਰਰਸ਼ਮੀ ਗੱਲਬਾਤ ਕਰਦਿਆਂ ਦਿੱਤੀ।  ਮਾਨ ਨੇ ਇਸ ਮੌਕੇ ਦੱਸਿਆ ਕਿ ਉਹਨਾਂ ਵੱਲੋਂ ਗਮਾਡਾ ਦੇ ਨਵੇਂ ਆਏ ਮੁੱਖ ਪ੍ਰਸ਼ਾਸ਼ਕ  ਏ.ਕੇ. ਸਿਨਹਾ ਨਾਲ ਸ਼ਹਿਰ ਦੀਆਂ ਸਮੱਸਿਆਵਾਂ ਸਬੰਧੀ ਅਤੇ ਉਹਨਾਂ ਦੇ ਜਲਦੀ ਹੱਲ ਲਈ ਵਿਸ਼ੇਸ਼ ਮੀਟਿੰਗ ਕੀਤੀ ਗਈ  ਹੈ ਤਾਂ ਜੋ ਸ਼ਹਿਰ ਦਾ ਸਰਵਪੱਖੀ ਵਿਕਾਸ ਕਰਕੇ ਸ਼ਹਿਰੀਆਂ ਨੂੰ ਅਤਿਅਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ।  ਮਾਨ ਨੇ ਦੱਸਿਆ ਕਿ  ਸਿਨਹਾ ਵੱਲੋਂ ਵਿਸ਼ਵਾਸ ਦਵਾਇਆ ਗਿਆ ਹੈ ਕਿ ਉਹ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਲਈ ਢੁੱਕਵੀਂ ਕਰਵਾਈ ਕਰਨਗੇ  ਅਤੇ ਵਿਭਾਗਾਂ ਦਾ ਆਪਸੀ ਤਾਲਮੇਲ ਵਧਾ ਕੇ ਸ਼ਹਿਰ ਦਾ ਸਮੁੱਚਾ ਵਿਕਾਸ ਕੀਤਾ ਜਾਵੇਗਾ।   

ਮਾਨ ਨੇ ਦੱਸਿਆ ਕਿ ਉਹ ਐਸ.ਏ.ਐਸ.ਨਗਰ ਸ਼ਹਿਰ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸੁੱਖ ਸਹੂਲਤਾਂ ਵਾਲਾ ਸ਼ਹਿਰ ਬਣਾਉਣ ਲਈ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨਗੇ ਤਾਂ ਜੋ ਐਸ.ਏ.ਐਸ.ਨਗਰ ਸ਼ਹਿਰ ਦੁਨੀਆਂ ਦੇ ਨਕਸ਼ੇ ਵਿੱਚ ਉੱਭਰ ਕੇ ਸਾਹਮਣੇ ਆ ਸਕੇ।  ਮਾਨ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਹਿਰ ਵਿੱਚ ਸਭਿਆਚਾਰਕ ਗਤੀਵਿਧੀਆਂ ਨੂੰ ਬੜਾਵਾ ਦੇਣ ਲਈ ਖਾਸ ਕਰਕੇ ਪੰਜਾਬੀ ਸਭਿਆਚਾਰ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਸ਼ਹਿਰ ਦੇ 62 ਸੈਕਟਰ ਵਿਖੇ ਓਪਨ ਏਅਰ ਥਿਏਟਰ ਬਣਾਇਆ ਜਾਵੇਗਾ ਜੋ ਕਿ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਨਾਲ ਲੈਸ ਹੋਵੇਗਾ ਅਤੇ ਇਸ ਦੇ ਦੋ ਹਿੱਸੇ ਬਣਾਏ ਜਾਣਗੇ ਇੱਕ ਇੰਨਡੋਰ ਅਤੇ ਓਪਨ ਏਅਰ ਥਿਏਟਰ ਹੋਵੇਗਾ। ਉਹਨਾਂ ਹੋਰ ਦੱਸਿਆ ਕਿ ਸ਼ਹਿਰ ਦੇ ਛੋਟੇ ਛੋਟੇ ਬੱਚਿਆਂ ਵਿੱਚ ਮੁੱਢ ਤੋਂ ਹੀ ਖੇਡ ਭਾਵਨਾਂ ਪੈਦਾ ਕਰਨ ਅਤੇ ਖੇਡਾਂ ਵੱਲ ਆਕਰਸ਼ਿਤ ਕਰਨ ਲਈ ਖੇਡ ਅਕੈਡਮੀਆਂ ਸਥਾਪਿਤ ਕੀਤੀਆਂ ਜਾਣਗੀਆਂ ਜਿੱਥੇ ਕਿ ਵਧੀਆ ਕੋਚ ਬੱਚਿਆਂ ਨੂੰ ਖੇਡਾਂ ਦੀ ਸਿਖਲਾਈ ਦੇਣਗੇ। ਇਸ ਤੋਂ ਇਲਾਵਾ ਸ਼ਹਿਰ ਵਿੱਚ ਢੁੱਕਵੀਂਆਂ ਥਾਵਾਂ ਤੇ ਲਾਇਬ੍ਰੇਰੀਆਂ ਵੀ ਬਣਾਈਆਂ ਜਾਣਗੀਆਂ ਜਿੱਥੇ ਕਿ ਲੋਕ ਅਖ਼ਬਾਰਾਂ ਦੇ ਨਾਲ ਨਾਲ ਹੋਰ  ਵੱਡਮੁੱਲੀਆਂ ਕਿਤਾਬਾਂ ਅਤੇ ਆਪਣੇ ਸਭਿਆਚਾਰ ਦੇ ਸਾਹਿਤ ਨੂੰ ਪੜ ਸਕਣਗੇ।  ਮਾਨ ਨੇ ਦੱਸਿਆ ਕਿ ਸ਼ਹਿਰ ਵਿਚਲੇ ਪਾਰਕਾਂ ਦੀ ਸਾਫ਼ ਸਫ਼ਾਈ ਲਈ ਵਿਸ਼ੇਸ ਮੁਹਿੰਮ ਵਿੰਢੀ ਜਾਵੇਗੀ ਜਿਸ ਲਈ ਸਥਾਨਿਕ ਵਾਸੀਆਂ ਦਾ ਵੀ ਸਹਿਯੋਗ ਲਿਆ ਜਾਵੇਗਾ। ਉਹਨਾਂ ਇਸ ਮੌਕੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਵੀ ਕੀਤੀ ਕਿ ਉਹ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਸੁੰਦਰ ਬਣਾਉਣ ਲਈ ਆਪਣਾ ਬਣਦਾ ਯੋਗਦਾਨ ਪਾਉਣ ਤਾਂ ਜੋ ਸ਼ਹਿਰ ਨੂੰ ਨਵੀਂ ਦਿੱਖ ਪ੍ਰਦਾਨ ਹੋ ਸਕੇ। ਇਸ ਮੌਕੇ  ਮਾਨ ਦੇ ਸਲਾਹਕਾਰ  ਗੁਜਰਾਲ ਇੰਦਰ ਚਾਹਲ ਸਮੇਤ ਹੋਰ ਪੱਤਵੰਤੇ ਵੀ ਮੌਜੂਦ ਸਨ।