5 Dariya News

ਕਰਮਜੀਤ ਸਿੰਘ ਰਿੰਟੂ ਵੱਲੋਂ ਵਿਧਾਨਸਭਾ ਹਲਕਾ ਉੱਤਰੀ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ

ਗਲੀਆਂ ਨਿਰਮਾਣ, ਸੀਵਰੇਜ ਅਪਗ੍ਰੇਡੇਸ਼ਨ ਅਤੇ ਸੁੱਧ ਪੀਣਯੋਗ ਪਾਣੀ ਪਾਈਪਲਾਈਨ ਦੇ ਕੰਮ ਇਕੱਠੇ ਸ਼ੁਰੂ — ਬੁਨਿਆਦੀ ਢਾਂਚਾ ਮਜ਼ਬੂਤ ਕਰਨ ਵੱਲ ਵੱਡਾ ਕਦਮ

5 Dariya News

ਅੰਮ੍ਰਿਤਸਰ 18-Feb-2026

ਵਿਧਾਨ ਸਭਾ ਹਲਕਾ ਅੰਮ੍ਰਿਤਸਰ ਨਾਰਥ ਦੇ ਇੰਚਾਰਜ ਅਤੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ੍ਰੀ ਕਰਮਜੀਤ ਸਿੰਘ ਰਿੰਟੂ ਵੱਲੋਂ ਹਲਕੇ ਦੇ ਸਮੂਹਿਕ ਵਿਕਾਸ ਅਤੇ ਇਲਾਕਾ ਨਿਵਾਸੀਆਂ ਨੂੰ ਆਧੁਨਿਕ ਨਾਗਰਿਕ ਸੁਵਿਧਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਅੱਜ ਵੱਖ-ਵੱਖ ਇਲਾਕਿਆਂ ਵਿੱਚ ਕਈ ਮਹੱਤਵਪੂਰਨ ਵਿਕਾਸੀ ਪ੍ਰੋਜੈਕਟਾਂ ਦੀ ਇਕੱਠੀ ਸ਼ੁਰੂਆਤ ਕੀਤੀ ਗਈ। ਇਨ੍ਹਾਂ ਪ੍ਰੋਜੈਕਟਾਂ ਵਿੱਚ ਗਲੀਆਂ ਦਾ ਨਿਰਮਾਣ, ਨਵੀਆਂ ਸੀਵਰੇਜ ਲਾਈਨਾਂ ਵਿਛਾਉਣਾ ਅਤੇ ਸੁੱਧ ਪੀਣਯੋਗ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਪੁਰਾਣੀਆਂ ਪਾਈਪਲਾਈਨਾਂ ਨੂੰ ਬਦਲਣ ਦੇ ਕੰਮ ਸ਼ਾਮਲ ਹਨ।

ਇਸ ਸੰਬੰਧ ਵਿੱਚ ਪੰਚਾਇਤ ਬਾਬਾ ਦੀਪ ਸਿੰਘ ਐਵੇਨਿਊ ਵਿਖੇ ਗਲੀਆਂ ਅਤੇ ਸੀਵਰੇਜ ਨਿਰਮਾਣ ਕਾਰਜ ਦਾ ਵਿਧਿਵਤ ਸ਼ੁਭ ਉਦਘਾਟਨ ਕੀਤਾ ਗਿਆ। ਕੰਮਾਂ ਦੇ ਮੁਕੰਮਲ ਹੋਣ ਉਪਰੰਤ ਇਲਾਕਾ ਨਿਵਾਸੀਆਂ ਨੂੰ ਸਾਫ-ਸੁਥਰੀਆਂ ਗਲੀਆਂ, ਸੁਧਰੀ ਨਿਕਾਸੀ ਪ੍ਰਣਾਲੀ ਅਤੇ ਸਿਹਤਮੰਦ ਵਾਤਾਵਰਣ ਦੀ ਸਹੂਲਤ ਪ੍ਰਾਪਤ ਹੋਵੇਗੀ, ਜਿਸ ਨਾਲ ਜੀਵਨ ਮਿਆਰ ਵਿੱਚ ਮਹੱਤਵਪੂਰਨ ਸੁਧਾਰ ਆਵੇਗਾ।

ਇਸ ਤੋਂ ਇਲਾਵਾ ਨਿਊ ਨਹਿਰੂ ਕਾਲੋਨੀ ਵਿੱਚ ਲੰਬੇ ਸਮੇਂ ਤੋਂ ਦੂਸ਼ਿਤ ਪੀਣਯੋਗ ਪਾਣੀ ਦੀ ਗੰਭੀਰ ਸਮੱਸਿਆ ਚੱਲ ਰਹੀ ਸੀ, ਜਿਸ ਕਾਰਨ ਇਲਾਕਾ ਵਾਸੀਆਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਲੰਬੇ ਸਮੇਂ ਦੀ ਸਮੱਸਿਆ ਦਾ ਸਥਾਈ ਹੱਲ ਕਰਦੇ ਹੋਏ ਪੁਰਾਣੀਆਂ ਅਤੇ ਜਰਜਰ ਪਾਣੀ ਦੀਆਂ ਪਾਈਪਾਂ ਨੂੰ ਬਦਲ ਕੇ ਨਵੀਆਂ ਪਾਈਪਾਂ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ। 

ਇਸ ਉਪਰਾਲੇ ਨਾਲ ਇਲਾਕਾ ਨਿਵਾਸੀਆਂ ਨੂੰ ਸਾਫ਼, ਸੁੱਧ ਅਤੇ ਨਿਰੰਤਰ ਪੀਣਯੋਗ ਪਾਣੀ ਦੀ ਸਪਲਾਈ ਯਕੀਨੀ ਬਣੇਗੀ। ਇਸੇ ਤਰ੍ਹਾਂ ਸਮਾਈਲ ਐਨਕਲੇਵ (ਫਤਿਹਗੜ੍ਹ ਚੂੜੀਆਂ ਰੋਡ) ਵਿੱਚ ਖਰਾਬ ਸੀਵਰੇਜ ਪ੍ਰਣਾਲੀ ਕਾਰਨ ਪੈਦਾ ਹੋ ਰਹੀਆਂ ਓਵਰਫਲੋ ਅਤੇ ਜਾਮ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਰਾਣੀ ਸੀਵਰੇਜ ਲਾਈਨ ਨੂੰ ਬਦਲ ਕੇ ਪੂਰੀ ਕਾਲੋਨੀ ਵਿੱਚ ਨਵਾਂ ਸੀਵਰੇਜ ਨੈੱਟਵਰਕ ਪਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ। 

ਇਸ ਨਾਲ ਲੰਮੇ ਸਮੇਂ ਤੋਂ ਚੱਲ ਰਹੀਆਂ ਸੀਵਰੇਜ ਸੰਬੰਧੀ ਸਮੱਸਿਆਵਾਂ ਦਾ ਪੱਕਾ ਹੱਲ ਸੰਭਵ ਹੋਵੇਗਾ। ਇਸ ਦੇ ਨਾਲ ਹੀ ਵਾਰਡ ਨੰਬਰ 17 ਦੇ ਗਰੀਨਲੈਂਡ ਇਲਾਕੇ ਵਿੱਚ ਨਵੀਂ ਸੀਵਰੇਜ ਪਾਈਪਲਾਈਨ ਵਿਛਾਉਣ ਦੇ ਕੰਮ ਦੀ ਵੀ ਸ਼ੁਰੂਆਤ ਕੀਤੀ ਗਈ। ਕੰਮ ਮੁਕੰਮਲ ਹੋਣ ਉਪਰੰਤ ਘਰਾਂ ਦੇ ਸੀਵਰ ਨੂੰ ਮੇਨ ਸੀਵਰੇਜ ਪ੍ਰਣਾਲੀ ਨਾਲ ਜੋੜਿਆ ਜਾਵੇਗਾ, ਜਿਸ ਨਾਲ ਨਿਕਾਸੀ ਪ੍ਰਣਾਲੀ ਹੋਰ ਮਜ਼ਬੂਤ ਹੋਵੇਗੀ ਅਤੇ ਇਲਾਕਾ ਨਿਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ।

ਇਨ੍ਹਾਂ ਸਾਰੇ ਵਿਕਾਸੀ ਕਾਰਜਾਂ ਦੇ ਮੁਕੰਮਲ ਹੋਣ ਉਪਰੰਤ ਇਲਾਕੇ ਵਿੱਚ ਸਫ਼ਾਈ ਪ੍ਰਬੰਧ, ਜਨ ਸਿਹਤ ਅਤੇ ਜੀਵਨ ਪੱਧਰ ਵਿੱਚ ਵੱਡਾ ਸੁਧਾਰ ਦੇਖਣ ਨੂੰ ਮਿਲੇਗਾ। ਇਲਾਕਾ ਨਿਵਾਸੀਆਂ ਵੱਲੋਂ ਇਨ੍ਹਾਂ ਉਪਰਾਲਿਆਂ ਲਈ ਸ੍ਰੀ ਕਰਮਜੀਤ ਸਿੰਘ ਰਿੰਟੂ ਦਾ ਧੰਨਵਾਦ ਪ੍ਰਗਟ ਕੀਤਾ ਗਿਆ। ਮੌਕੇ ਸੀਨੀਅਰ ਡਿਪਟੀ ਮੇਅਰ ਸ੍ਰੀਮਤੀ ਪ੍ਰਿਯੰਕਾ ਸ਼ਰਮਾ ਜੀ, ਸਰਪੰਚ ਕੁਲਵਿੰਦਰ ਸਿੰਘ ਜੀ, ਕੌਂਸਲਰ ਗੁਲਜ਼ਾਰ ਬਿੱਟੂ ਜੀ, ਅਨੇਕ ਸਿੰਘ ਜੀ, ਪੰਚਾਇਤ ਮੈਂਬਰਾਂ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਰਹੇ।

ਇਸ ਅਵਸਰ ‘ਤੇ ਸ੍ਰੀ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਹਲਕੇ ਦੇ ਹਰ ਇਲਾਕੇ ਵਿੱਚ ਬੁਨਿਆਦੀ ਸੁਵਿਧਾਵਾਂ ਦਾ ਵਿਸਥਾਰ ਕਰਨਾ ਉਨ੍ਹਾਂ ਦੀ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਚਹੁੰਮੁੱਖੀ ਵਿਕਾਸ, ਸਫ਼ਾਈ ਪ੍ਰਬੰਧ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਬਿਹਤਰ ਨਾਗਰਿਕ ਸੁਵਿਧਾਵਾਂ ਪ੍ਰਦਾਨ ਕਰਨ ਲਈ ਉਹ ਲਗਾਤਾਰ ਵਚਨਬੱਧ ਹਨ ਅਤੇ ਵਿਕਾਸ ਕਾਰਜ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹਿਣਗੇ।