5 Dariya News

ਕੋਟਕਪੂਰਾ ਸ਼ਹਿਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਪਾਰੀ ਆਗੂਆਂ ਅਤੇ ਆਮ ਲੋਕਾਂ ਦੇ ਸਹਿਯੋਗ ਦੀ ਲੋੜ- ਕੁਲਤਾਰ ਸਿੰਘ ਸੰਧਵਾਂ

ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਵਪਾਰੀ ਆਗੂਆਂ ਨਾਲ ਕੀਤੀ ਮੀਟਿੰਗ

5 Dariya News

ਕੋਟਕਪੂਰਾ 16-Feb-2026

ਕੋਟਕਪੂਰਾ ਸ਼ਹਿਰ ਦੀਆਂ ਵੱਖ-ਵੱਖ ਸਮੱਸਿਆਵਾਂ, ਖ਼ਾਸ ਕਰਕੇ ਟਰੈਫਿਕ ਜਾਮ ਅਤੇ ਆਵਾਜਾਈ ਦੀ ਬਿਹਤਰ ਵਿਵਸਥਾ ਲਈ ਨਗਰ ਕੌਂਸਲ ਅਤੇ ਟਰੈਫਿਕ ਪੁਲਿਸ ਦੇ ਨਾਲ-ਨਾਲ ਵਾਹਨ ਚਾਲਕਾਂ ਅਤੇ ਦੁਕਾਨਦਾਰਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਆੜਤੀਆ ਐਸੋਸੀਏਸ਼ਨ ਕੋਟਕਪੂਰਾ ਦੇ ਪ੍ਰਧਾਨ ਉਮੇਸ਼ ਕੁਮਾਰ ਗਰਗ ਦੇ ਗ੍ਰਹਿ ਵਿਖੇ ਆੜਤੀਆਂ, ਸ਼ੈਲਰ ਮਾਲਕਾਂ ਅਤੇ ਵੱਖ-ਵੱਖ ਵਪਾਰਕ ਸੰਸਥਾਵਾਂ ਦੇ ਆਗੂਆਂ ਨਾਲ ਮੀਟਿੰਗ ਦੌਰਾਨ ਕੀਤਾ।

ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਜੇਕਰ ਦੁਕਾਨਦਾਰ ਆਪਣੀ ਹੱਦ ਤੋਂ ਬਾਹਰ ਸਮਾਨ ਰੱਖ ਕੇ ਨਾਜਾਇਜ਼ ਕਬਜ਼ੇ ਨਾ ਕਰਨ ਅਤੇ ਵਾਹਨ ਚਾਲਕ ਆਪਣੀਆਂ ਗੱਡੀਆਂ ਸਿਰਫ ਨਿਰਧਾਰਤ ਪਾਰਕਿੰਗ ਥਾਵਾਂ ’ਤੇ ਹੀ ਖੜ੍ਹੀਆਂ ਕਰਨ, ਤਾਂ ਟਰੈਫਿਕ ਜਾਮ ਦੀ ਸਮੱਸਿਆ ਨੂੰ ਕਾਫੀ ਹੱਦ ਤੱਕ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਆੜਤੀਆ ਵਰਗ ਨਾਲ ਸੰਬੰਧਿਤ ਸਮੱਸਿਆਵਾਂ ਪਹਿਲਾਂ ਉਨ੍ਹਾਂ ਦੇ ਦਫ਼ਤਰ ਵਿੱਚ ਜਿੰਮੇਵਾਰ ਅਹੁਦੇਦਾਰਾਂ ਰਾਹੀਂ ਹੱਲ ਕਰਵਾਈਆਂ ਜਾਣ ਅਤੇ ਜੇਕਰ ਫਿਰ ਵੀ ਮਸਲਾ ਹੱਲ ਨਾ ਹੋਵੇ ਤਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ।

ਮੀਟਿੰਗ ਦੌਰਾਨ ਸ਼ੈਲਰ ਐਸੋਸੀਏਸ਼ਨ ਕੋਟਕਪੂਰਾ ਦੇ ਪ੍ਰਧਾਨ ਹਰਪਾਲ ਸਿੰਘ ਸੰਧੂ, ਮਹੇਸ਼ ਕਟਾਰੀਆ, ਡਾ. ਰਵੀ ਬਾਂਸਲ, ਸ਼ਿਵਜੀ ਰਾਮ ਗੋਇਲ, ਕ੍ਰਿਸ਼ਨ ਗੋਇਲ, ਦਰਸ਼ਨ ਗਰਗ, ਪ੍ਰਮੋਦ ਸਿੰਗਲਾ, ਮਹਿੰਦਰਪਾਲ ਸਿੰਘ ਲੱਕੀ, ਮਨਜੀਤ ਸਿੰਘ ਘੁਲਿਆਣੀ, ਸੰਜੇ ਮਿੱਤਲ ਅਤੇ ਅਨਿਲ ਜੈਨ ਵੱਲੋਂ ਰੱਖੀਆਂ ਸਮੱਸਿਆਵਾਂ ’ਤੇ ਸਪੀਕਰ ਸੰਧਵਾਂ ਨੇ ਤੁਰੰਤ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਉਨ੍ਹਾਂ ਦੇ ਹੱਲ ਲਈ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ।

ਉਨ੍ਹਾਂ ਸ਼ਹਿਰ ਦੇ ਬਾਹਰਵਾਰ ਰਿੰਗ ਰੋਡ (ਬਾਈਪਾਸ) ਬਣਾਉਣ, ਬੱਸ ਅੱਡੇ ਅਤੇ ਤਹਿਸੀਲ ਕੰਪਲੈਕਸ ਨੂੰ ਸ਼ਹਿਰ ਤੋਂ ਬਾਹਰ ਸ਼ਿਫਟ ਕਰਨ, ਕਣਕ ਅਤੇ ਝੋਨੇ ਦੇ ਸੀਜ਼ਨ ਦੌਰਾਨ ਲੱਗਦੀਆਂ ਵਿਸ਼ੇਸ਼ ਗੱਡੀਆਂ ਕਾਰਨ ਪੈਦਾ ਹੋਣ ਵਾਲੇ ਟਰੈਫਿਕ ਜਾਮ ਦੀ ਸਮੱਸਿਆ ਦੇ ਹੱਲ ਲਈ ਦੁਬਾਰਾ ਮੀਟਿੰਗ ਬੁਲਾਉਣ ਅਤੇ ਨਸ਼ੇ ਦੀ ਬੁਰਾਈ ਨੂੰ ਜੜੋਂ ਖਤਮ ਕਰਨ ਲਈ ਸਾਰਿਆਂ ਦੇ ਸਹਿਯੋਗ ਦੀ ਅਪੀਲ ਕੀਤੀ। ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਟਰੈਫਿਕ ਜਾਮ ਕਾਰਨ ਸਭ ਤੋਂ ਵੱਧ ਨੁਕਸਾਨ ਉਹਨਾਂ ਦੁਕਾਨਦਾਰਾਂ ਨੂੰ ਹੁੰਦਾ ਹੈ ਜੋ ਆਵਾਜਾਈ ਵਿੱਚ ਅੜਿੱਕਾ ਬਣਦੇ ਹਨ, ਕਿਉਂਕਿ ਗਾਹਕ ਟਰੈਫਿਕ ਜਾਮ ਤੋਂ ਬਚਣ ਲਈ ਬਾਹਰਵਾਰ ਖਰੀਦਦਾਰੀ ਨੂੰ ਤਰਜੀਹ ਦੇਣ ਲੱਗ ਪੈਂਦੇ ਹਨ, ਜਿਸ ਨਾਲ ਅੰਦਰਲੇ ਬਜ਼ਾਰਾਂ ਦੇ ਵਪਾਰੀਆਂ ਦਾ ਕਾਰੋਬਾਰ ਪ੍ਰਭਾਵਿਤ ਹੁੰਦਾ ਹੈ।

ਇਸ ਮੌਕੇ ਇੰਸ. ਚਮਕੌਰ ਸਿੰਘ ਬਰਾੜ ਐੱਸ.ਐੱਚ.ਓ. ਥਾਣਾ ਸਿਟੀ ਕੋਟਕਪੂਰਾ, ਇੰਸ. ਗੁਰਾਂਦਿੱਤਾ ਸਿੰਘ ਐੱਸ.ਐੱਚ.ਓ. ਥਾਣਾ ਸਦਰ ਕੋਟਕਪੂਰਾ, ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਮਨਦੀਪ ਸਿੰਘ ਮੌਂਗਾ, ਓਮ ਪ੍ਰਕਾਸ਼ ਬਾਂਸਲ, ਵਿਨੋਦ ਸ਼ਰਮਾ, ਮਨਜੀਤ ਸਿੰਘ ਘੁਲਿਆਣੀ, ਅਮਨ ਸਿੰਗਲਾ ਆਦਿ ਵੀ ਹਾਜ਼ਰ ਸਨ।