ਸੁਖ ਸ਼ਾਂਤੀ ਭਵਨ, ਫੇਜ਼-7, ਮੁਹਾਲੀ ਵਿਖੇ ਸ਼ਿਵਰਾਤਰੀ ਮਹੋਤਸਵ ਉਤਸ਼ਾਹ ਅਤੇ ਆਧਿਆਤਮਿਕਤਾ ਨਾਲ ਭਰਪੂਰ
ਸ਼ਿਵ ਧਵਜਾਰੋਹਣ ਨਾਲ ਗੂੰਜਿਆ ਦਿਵ੍ਯਤਾ ਦਾ ਸੰਦੇਸ਼
5 Dariya News
ਮੁਹਾਲੀ 16-Feb-2026
ਬ੍ਰਹਮਾ ਕੁਮਾਰੀਜ਼ ਵੱਲੋਂ ਸੁਖ ਸ਼ਾਂਤੀ ਭਵਨ, ਫੇਜ਼-7, ਮੁਹਾਲੀ ਵਿਖੇ ਨਵਦਸ਼ਕੋਤਸਵ – 90ਵੀਂ ਤ੍ਰਿਮੂਰਤੀ ਸ਼ਿਵ ਜਯੰਤੀ ਸਮਾਰੋਹ ਦੇ ਉਪਲੱਖ ਵਿੱਚ ਸ਼ਿਵਰਾਤਰੀ ਮਹੋਤਸਵ ਸ਼ਰਧਾ, ਉਤਸ਼ਾਹ ਅਤੇ ਆਧਿਆਤਮਿਕ ਮਾਹੌਲ ਵਿੱਚ ਮਨਾਇਆ ਗਿਆ। ਇਸ ਸਮਾਗਮ ਵਿੱਚ ਲਗਭਗ 500 ਸ਼ਰਧਾਲੂਆਂ ਅਤੇ ਪਤਵੰਤਿਆਂ ਦੀ ਗਰਿਮਾਪੂਰਣ ਹਾਜ਼ਰੀ ਰਹੀ।
ਸਮਾਗਮ ਦੀ ਸ਼ੁਰੂਆਤ ਕੁਮਾਰੀ ਨਵਿਆ ਵੱਲੋਂ ਪੇਸ਼ ਕੀਤੇ ਗਏ ਸੱਭਿਆਚਾਰਕ ਸਵਾਗਤ ਨ੍ਰਿਤ੍ਯ ਨਾਲ ਹੋਈ, ਜਿਸ ਨੇ ਹਾਜ਼ਰ ਸਾਰਿਆਂ ਨੂੰ ਭਾਵ-ਵਿਭੋਰ ਕਰ ਦਿੱਤਾ। ਮੰਚ ’ਤੇ ਡਾ. ਅੰਕਿਤਾ ਕਾਂਸਲ (ਪੀ.ਸੀ.ਐਸ., ਮੁਹਾਲੀ) ਅਤੇ ਪ੍ਰਭਜੋਤ ਕੌਰ (ਚੇਅਰਪਰਸਨ, ਜ਼ਿਲ੍ਹਾ ਯੋਜਨਾ ਕਮੇਟੀ, ਮੁਹਾਲੀ) ਵਿਸ਼ੇਸ਼ ਮਹਿਮਾਨਾਂ ਵਜੋਂ ਮੌਜੂਦ ਸਨ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਬ੍ਰਹਮਾ ਕੁਮਾਰੀ ਪ੍ਰੇਮਲਤਾ, ਇੰਚਾਰਜ, ਰਾਜਯੋਗ ਕੇਂਦਰ (ਮੁਹਾਲੀ–ਰੋਪੜ ਖੇਤਰ), ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਸਮਾਜ ਕੋਲ ਧਾਰਮਿਕ ਸਥਾਨ, ਧਨ-ਦੌਲਤ, ਤਕਨਾਲੋਜੀ, ਹੁਨਰ ਅਤੇ ਵਿਸ਼ਾਲ ਇਮਾਰਤਾਂ ਹਨ, ਪਰ ਮਾਨਸਿਕ ਸ਼ਾਂਤੀ, ਸੰਤੋਖ, ਅਨੰਦ, ਪਿਆਰ ਅਤੇ ਦਇਆ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਮਨੁੱਖ ਵਾਈਸਾਂ ਦੇ ਪ੍ਰਭਾਵ ਹੇਠ ਆ ਕੇ ਅੰਦਰੂਨੀ ਤਾਕਤ ਨੂੰ ਕਮਜ਼ੋਰ ਕਰ ਬੈਠਾ ਹੈ, ਜਿਸ ਕਾਰਨ ਤਣਾਅ, ਅਸ਼ਾਂਤੀ ਅਤੇ ਪਰਿਵਾਰਕ ਵਿਘਟਨ ਵਧ ਰਹੇ ਹਨ। ਸ਼ਿਵਰਾਤਰੀ ਦੇ ਆਧਿਆਤਮਿਕ ਮਹੱਤਵ ’ਤੇ ਰੋਸ਼ਨੀ ਪਾਂਦਿਆਂ ਉਨ੍ਹਾਂ ਦੱਸਿਆ ਕਿ ਇਹ “ਅਗਿਆਨ ਦੀ ਰਾਤ” ਦੀ ਯਾਦਗਾਰ ਹੈ, ਜਦੋਂ ਪਰਮਪਿਤਾ ਪਰਮਾਤਮਾ ਸ਼ਿਵ ਗਿਆਨ ਦੇ ਪ੍ਰਕਾਸ਼ ਨਾਲ ਆਤਮਾਵਾਂ ਨੂੰ ਜਾਗਰੂਕ ਕਰਦੇ ਹਨ।
ਉਨ੍ਹਾਂ ਸਭ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸ਼ਿਵਰਾਤਰੀ ਦੇ ਪਾਵਨ ਮੌਕੇ ’ਤੇ ਆਪਸੀ ਮਤਭੇਦ ਭੁੱਲ ਕੇ ਸਾਰਿਆਂ ਲਈ ਚੰਗੀਆਂ ਭਾਵਨਾਵਾਂ, ਸ਼ਾਂਤੀ ਅਤੇ ਮਨੁੱਖੀ ਗੁਣ ਅਪਣਾਉਣ ਦੇ ਨਾਲ-ਨਾਲ ਨਸ਼ਿਆਂ, ਨਕਾਰਾਤਮਿਕ ਸੋਚ ਅਤੇ ਅੰਦਰੂਨੀ ਕਮਜ਼ੋਰੀਆਂ ਨੂੰ ਤਿਆਗਣ ਦਾ ਸੰਕਲਪ ਲੈਣਾ ਚਾਹੀਦਾ ਹੈ। ਬ੍ਰਹਮਾ ਕੁਮਾਰੀ ਭੈਣਾਂ ਅਤੇ ਭਰਾਵਾਂ ਦੀ ਪਵਿੱਤਰ ਹਾਜ਼ਰੀ ਵਿੱਚ ਸ਼ਿਵ ਧਵਜਾਰੋਹਣ ਵੀ ਕੀਤਾ ਗਿਆ, ਜਿਸ ਨਾਲ ਮਾਹੌਲ ਦਿਵ੍ਯਤਾ ਅਤੇ ਆਧਿਆਤਮਿਕ ਊਰਜਾ ਨਾਲ ਭਰ ਗਿਆ।
ਬੀ.ਕੇ. ਅਦਿਤੀ, ਰਾਜਯੋਗ ਅਧਿਆਪਕਾ, ਨੇ ਸ਼ਿਵਰਾਤਰੀ ਦੇ ਆਧਿਆਤਮਿਕ ਅਰਥ ਸਮਝਾਉਂਦਿਆਂ ਦੱਸਿਆ ਕਿ ਸ਼ਿਵਲਿੰਗ ’ਤੇ ਅੱਕ ਦੇ ਫੁੱਲ, ਛਾਛ ਆਦਿ ਅਰਪਿਤ ਕਰਨ ਅਤੇ ਵਰਤ ਰੱਖਣ ਦੇ ਡੂੰਘੇ ਆਧਿਆਤਮਿਕ ਸੰਕੇਤ ਹਨ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਸਵੈ-ਜਾਗਰੂਕਤਾ, ਸ਼ੁੱਧਤਾ ਅਤੇ ਅਵਗੁਣਾਂ ਤੋਂ ਮੁਕਤੀ ਦਾ ਸੰਦੇਸ਼ ਦਿੰਦਾ ਹੈ।
ਆਪਣੇ ਸੰਬੋਧਨ ਵਿੱਚ ਡਾ. ਅੰਕਿਤਾ ਕਾਂਸਲ ਨੇ ਕਿਹਾ ਕਿ ਭਾਰਤੀ ਤਿਉਹਾਰਾਂ ਅਤੇ ਪਰੰਪਰਾਵਾਂ ਦੇ ਪਿੱਛੇ ਡੂੰਘੀ ਆਧਿਆਤਮਿਕ ਸਿਆਣਪ ਹੈ, ਜਿਸ ਨੂੰ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣਾ ਜ਼ਰੂਰੀ ਹੈ। ਉਨ੍ਹਾਂ ਵਧ ਰਹੇ ਮਾਨਸਿਕ ਤਣਾਅ ’ਤੇ ਚਿੰਤਾ ਪ੍ਰਗਟ ਕਰਦਿਆਂ ਭਾਈਚਾਰੇ, ਸਦਭਾਵਨਾ ਅਤੇ ਸਕਾਰਾਤਮਿਕ ਸੰਕਲਪਾਂ ਦੀ ਮਹੱਤਤਾ ਉਜਾਗਰ ਕੀਤੀ।
ਬੀ.ਕੇ. ਰਾਮਾ, ਸਹਿ-ਇੰਚਾਰਜ, ਰਾਜਯੋਗ ਕੇਂਦਰ (ਮੁਹਾਲੀ–ਰੋਪੜ ਸਰਕਲ), ਨੇ ਰਾਜਯੋਗ ਧਿਆਨ ਸੈਸ਼ਨ ਕਰਵਾਇਆ, ਜਿਸ ਰਾਹੀਂ ਹਾਜ਼ਰ ਜਨਸਮੂਹ ਨੇ ਗਹਿਰੀ ਸ਼ਾਂਤੀ ਅਤੇ ਅਨੰਦ ਦਾ ਅਨੁਭਵ ਕੀਤਾ। ਪ੍ਰਭਜੋਤ ਕੌਰ ਨੇ ਸ਼ਿਵਰਾਤਰੀ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਆਯੋਜਕਾਂ ਦਾ ਧੰਨਵਾਦ ਕੀਤਾ ਅਤੇ ਧਿਆਨ ਰਾਹੀਂ ਪਰਮਾਤਮਾ ਨਾਲ ਜੁੜ ਕੇ ਜੀਵਨ ਨੂੰ ਉੱਚਾ ਚੁੱਕਣ ਦਾ ਸੰਦੇਸ਼ ਦਿੱਤਾ।
ਵਿਸ਼ੇਸ਼ ਆਕਰਸ਼ਣ
ਮਾਈਂਡ ਸਪਾ:
ਆਡੀਓ-ਵਿਜ਼ੂਅਲ ਅਨੁਭਵ ਰਾਹੀਂ ਭਾਗੀਦਾਰਾਂ ਨੂੰ ਰਾਜਯੋਗ ਧਿਆਨ ਦੀ ਗਹਿਰੀ ਅਤੇ ਸ਼ਾਂਤੀਪੂਰਨ ਅਨੁਭੂਤੀ ਕਰਵਾਈ ਗਈ। ਹਾਜ਼ਰ ਜਨਸਮੂਹ ਨੇ ਇਸਨੂੰ ਮਨ ਨੂੰ ਸ਼ਾਂਤੀ ਦੇਣ ਵਾਲਾ ਅਤੇ ਆਰਾਮਦਾਇਕ ਦੱਸਿਆ।
ਬਲੈਸਿੰਗ ਕਾਊਂਟਰ:
ਸ਼ਰਧਾਲੂਆਂ ਨੇ ਵਿਸ਼ਵ ਸ਼ਾਂਤੀ ਅਤੇ ਸਕਾਰਾਤਮਿਕਤਾ ਲਈ ਸੰਕਲਪ ਲਿਖੇ ਅਤੇ ਪਰਮਾਤਮਾ ਤੋਂ ਵਾਰਦਾਨ ਤੇ ਆਧਿਆਤਮਿਕ ਆਸ਼ੀਰਵਾਦ ਪ੍ਰਾਪਤ ਕੀਤੇ। ਸਮਾਗਮ ਦਾ ਸਮਾਪਨ ਸ਼ਾਂਤੀ-ਸੰਕਲਪ, ਪ੍ਰਭੂ-ਯਾਦ ਅਤੇ ਪ੍ਰਸ਼ਾਦ ਵੰਡ ਨਾਲ ਹੋਇਆ। ਪੂਰੇ ਕਾਰਜਕ੍ਰਮ ਦੌਰਾਨ ਆਧਿਆਤਮਿਕਤਾ, ਸ਼ਾਂਤੀ ਅਤੇ ਸਕਾਰਾਤਮਿਕਤਾ ਦੀ ਵਿਸ਼ੇਸ਼ ਲਹਿਰ ਮਹਿਸੂਸ ਕੀਤੀ ਗਈ।