5 Dariya News

ਮਾਨ ਸਰਕਾਰ ਬਜ਼ੁਰਗਾਂ ਦੇ ਸਵੈਮਾਨ, ਸੁਰਖਿਆ, ਸਿਹਤ ਤੇ ਸਮਾਜਿਕ ਸੰਭਾਲ ਲਈ ਵਚਣਬੱਧ : ਕੁਲਦੀਪ ਸਿੰਘ ਧਾਲੀਵਾਲ

ਵਿਧਾਇਕ ਧਾਲੀਵਾਲ ਨੇ ਵਾਰਡ ਨੰਬਰ 7 `ਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 120 ਲਾਭਪਾਤਰੀਆਂ ਨੂੰ ਵੰਡੇ ਸਿਹਤ ਬੀਮਾ ਕਾਰਡ

5 Dariya News

ਅੰਮ੍ਰਿਤਸਰ/ ਅਜਨਾਲਾ 14-Feb-2026

ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਦੀ ਭਲਾਈ ਲਈ ਸ਼ੁਰੂ ਕੀਤੀ ਗਈ ਫਲੈਗਸ਼ਿਪ ਮੁਹਿੰਮ “ਸਾਡੇ ਬਜ਼ੁਰਗ ਸਾਡਾ ਮਾਣ” ਤਹਿਤ ਅੱਜ ਸਿਵਲ ਹਸਪਤਾਲ ਅਜਨਾਲਾ ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ। ਵਿਧਾਨ ਸਭਾ ਹਲਕਾ ਅਜਨਾਲਾ ਦੇ ਵਿਧਾਇਕ ਅਤੇ ਆਦਮੀ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ ਸ. ਕੁਲਦੀਪ ਸਿੰਘ ਧਾਲੀਵਾਲ ਇਸ ਕੈਂਪ ਵਿੱਚ ਵਿਸ਼ੇਸ਼ ਤੌਰ `ਤੇ ਪਹੁੰਚੇ।

ਇਸ ਕੈਂਪ ਦੌਰਾਨ ਹਸਪਤਾਲ ਦੇ ਐੱਸ.ਐੱਮ.ਓ. ਸਮੇਤ ਵੱਖ-ਵੱਖ ਮਾਹਿਰ ਡਾਕਟਰਾਂ ਵਲੋਂ 400 ਤੋਂ ਵਧੇਰੇ ਬਜ਼ੁਰਗਾਂ ਦੀਆਂ ਬਿਮਾਰੀਆਂ ਦੀ ਜਾਂਚ ਕਰਕੇ ਇਲਾਜ ਲਈ ਮੁਫਤ ਦਵਾਈਆਂ ਦਿੱਤੀਆਂ ਗਈਆਂ। ਕੈਂਪ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸਾਡੇ ਬਜ਼ੁਰਗ ਬੋਹੜ ਦੀ ਠੰਡੀ ਤੇ ਸੁਹਾਵਨੀ ਛਾਂ ਵਰਗੇ ਹਨ ਅਤੇ ਸਮਾਜ ਦਾ ਬਹੁਮੱੁਲਾ ਖ਼ਜ਼ਾਨਾ ਹਨ। 

ਜਿਸਦੇ ਮੱਦੇਨਜ਼ਰ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਸਾਡੇ ਬਜ਼ੁਰਗ ਸਾਡਾ ਮਾਣ ਮੁਹਿੰਮ ਸ਼ੁਰੂ ਕਰਕੇ ਬਜੁਰਗਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸੁਹਿਰਦ ਯਤਨ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਸਿਰਫ ਨਾਅਰਾ ਹੀ ਨਹੀਂ ਸਗੋਂ ਸੂਬਾ ਮਾਨ ਸਰਕਾਰ ਬਜ਼ੁਰਗਾਂ ਦੀ ਸਵੈਮਾਨ ਸੁਰੱਖਿਆ, ਸਿਹਤ ਤੇ ਸਮਾਜਿਕ ਸੰਭਾਲ ਲਈ ਪੂਰੀ ਤਰਾਂ ਵਚਨਬੱਧ ਹੈ। 

ਸ. ਧਾਲੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਸਮੇਤ ਹੁਣ ਤੱਕ ਪੰਜਾਬ ਦੀ ਸੱਤਾ ਤੇ ਰਾਜ ਕਰਦੀਆਂ ਰਹੀਆਂ ਵੱਖ ਵੱਖ ਰਾਜਸੀ ਪਾਰਟੀਆਂ ਦੀਆਂ ਸਰਕਾਰਾਂ ਵਲੋਂ ਬਜ਼ੁਰਗਾਂ ਨੂੰ ਸਰਕਾਰ ਉੱਤੇ ਇਕ ਬੋਝ ਸਮਝਦਿਆਂ ਹੋਇਆਂ ਅਣਗੌਲਿਆਂ ਕੀਤਾ ਗਿਆ ਸੀ ਅਤੇ ਮੌਜੂਦਾ ਕੇਂਦਰੀ ਸਰਕਾਰ ਵਲੋਂ ਵੀ ਪੰਜਾਬ ‘ਚ ਬਜੁਰਗਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੋਈ ਭਲਾਈ ਯੋਜਨਾ ਲਾਗੂ ਹੀ ਨਹੀਂ ਕੀਤੀ ਗਈ। 

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਦੀ ਭਲਾਈ ਲਈ ਇਸ ਵਿਸ਼ੇਸ਼ ਮੁਹਿੰਮ ਦੀ ਸਫਲਤਾ ਲਈ ਚਾਲੂ ਵਿੱਤੀ ਸਾਲ 2025-26 ਦੌਰਾਨ 7.86 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਮੁੱਖ ਮਹਿਮਾਨ ਸ. ਧਾਲੀਵਾਲ ਨੇ ਕਿਹਾ ਕਿ ਸਾਡੇ ਬਜ਼ੁਰਗ ਸਾਡਾ ਮਾਣ ਮੁਹਿੰਮ ਤਹਿਤ ਬਜ਼ੁਰਗਾਂ ਨੂੰ ਮੁਫਤ ਵਿਆਪਕ ਪੱਧਰ ਤੇ ਸਿਹਤ ਸਹੂਲਤਾਂ ਦੇਣ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਵੱਲੋਂ ਕੈਂਪ ਲਗਾ ਕੇ ਸੀਨੀਅਰ ਸਿਟੀਜਨ ਕਾਰਡ ਬੁਢਾਪਾ ਪੈਨਸ਼ਨ ਤੇ ਹੋਰ ਸਮਾਜਿਕ ਸੁਰੱਖਿਆ ਸਕੀਮਾਂ ਦਾ ਲਾਭ ਇਕੋ ਛੱਤ ਹੇਠ ਉਪਲਬਧ ਕਰਵਾਇਆ ਜਾ ਰਿਹਾ ਹੈ। 

ਇਸੇ ਦੌਰਾਨ ਅਜਨਾਲਾ ਸ਼ਹਿਰ ਦੀ ਵਾਰਡ ਨੰ: 7 ‘ਚ ਬਲਾਕ ਸ਼ਹਿਰੀ ਪ੍ਰਧਾਨ ਤੇ ਚੇਅਰਮੈਨ ਸ੍ਰੀ ਅਮਿਤ ਔਲ ਦੇ ਉੱਦਮ ਨਾਲ 10 ਲੱਖ ਰੁਪਏ ਮੁਫਤ ਸਿਹਤ ਬੀਮਾ ਸਕੀਮ ਦੇ ਕਾਰਡ ਬਣਾਉਣ ਲਈ ਲਗਾਏ ਗਏ ਵਿਸ਼ੇਸ਼ ਕੈਂਪ ਅਤੇ ਕੈਂਪ ਦੌਰਾਨ 120 ਲਾਭਪਾਤਰਾਂ ਦੇ ਬਣਾਏ ਗਏ ਸਿਹਤ ਕਾਰਡ ਵੰਡਣ ਦੌਰਾਨ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ, ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਨੇ ਦਾਅਵਾ ਕੀਤਾ ਕਿ ਪੰਜਾਬ ਦੀ ਕਰੀਬ 3 ਕਰੋੜ ਵੱਸੋਂ ਨੂੰ 10 ਲੱਖ ਰੁਪਏ ਤੱਕ ਮੁਫਤ ਸਿਹਤ ਬੀਮਾ ਦੀ ਸਹੂਲਤ ਮੁਹੱਈਆ ਕਰਵਾਉਣ ‘ਚ ਸੂਬਾ ਭਗਵੰਤ ਮਾਨ ਸਰਕਾਰ ਸਿਰਫ ਦੇਸ਼ ‘ਚੋਂ ਹੀ ਨਹੀਂ ਸਗੋਂ ਵਿਸ਼ਵ ਭਰ ‘ਚੋਂ ਆਪਣੇ ਨਾਗਰਿਕਾਂ ਨੂੰ 10 ਲੱਖ ਰੁਪਏ ਮੁਫਤ ਸਿਹਤ ਸਹੂਲਤ ਦੇਣ ‘ਚ ਪਹਿਲੀ ਸਰਕਾਰ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। 

ਉਨ੍ਹਾਂ ਦੱਸਿਆ ਕਿ ਕੋਈ ਵੀ ਨਾਗਰਿਕ ਮੁਫਤ ਸਿਹਤ ਬੀਮਾ ਸਕੀਮ ਦਾ ਕਾਰਡ ਬਣਾਉਣ ਦਾ ਵਾਂਝਿਆਂ ਨਹੀਂ ਰੱਖਿਆ ਜਾਵੇਗਾ ਅਤੇ ਅਗਲੇ 3 ਮਹੀਨੇ ਤੱਕ ਸਿਹਤ ਕਾਰਡ ਬਣਾਉਣ ਦੀ ਮੁਹਿੰਮ ਜਾਰੀ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਨਾਗਰਿਕ ਪੱਛੜ ਜਾਵੇਗਾ ਤਾਂ ਉਸ ਤੋਂ ਬਾਅਦ ਵੀ ਉਸਦਾ ਸਿਹਤ ਕਾਰਡ ਬਣਾਇਆ ਜਾਵੇਗਾ। ਇਸ ਮੌਕੇ ਤੇ ਖੁਸ਼ਪਾਲ ਸਿੰਘ ਧਾਲੀਵਾਲ, ਗੁਰਜੰਟ ਸਿੰਘ ਸੋਹੀ, ਪੀਏ ਮੁਖਤਾਰ ਸਿੰਘ, ਸ਼ਹਿਰੀ ਪ੍ਰਧਾਨ ਅਮਿਤ ਔਲ, ਨਗਰ ਕੌਂਸਲ ਪ੍ਰਧਾਨ ਭੱਟੀ ਜਸਪਾਲ ਸਿੰਘ ਢਿਲੋਂ, ਕੌਂਸਲਰ ਸੁਨੀਤਾ ਰਾਣੀ, ਸ਼ਿਵ ਚਾਹਲ, ਦਵਿੰਦਰ ਸਿੰਘ ਸੋਨੂੰ, ਗੁਰਦੀਪ ਕੌਰ ਸਮੇਤ ਹੋਰ ਸ਼ਖਸ਼ੀਅਤਾਂ ਤੇ ਆਗੂ ਮੌਜੂਦ ਸਨ।