5 Dariya News

ਪੰਜਾਬ ਸਖੀ ਸ਼ਕਤੀ ਮੇਲਾ ਮਹਿਲਾਵਾਂ ਨੂੰ ਆਤਮਨਿਰਭਰ ਬਣਾਉਣ ਵਿੱਚ ਨਿਭਾਏਗਾ ਅਹਿਮ ਭੂਮਿਕਾ : ਲਖਬੀਰ ਸਿੰਘ ਰਾਏ

ਵਿਧਾਇਕ ਲਖਬੀਰ ਸਿੰਘ ਰਾਏ ਤੇ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਸਖੀ ਸ਼ਕਤੀ ਮੇਲੇ ਦੀ ਰਸਮੀ ਸ਼ੁਰੂਆਤ ਕਰਵਾਈ

5 Dariya News

ਫ਼ਤਹਿਗੜ੍ਹ ਸਾਹਿਬ 11-Feb-2026

ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ ਤੇ ਉਦਯੋਗ ਅਤੇ ਵਣਜ ਵਿਭਾਗ ਵੱਲੋਂ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਯੋਗ ਅਗਵਾਈ ਹੇਠ ਆਮ ਖਾਸ ਬਾਗ ਵਿਖੇ ਲਗਾਏ ਪੰਜਾਬ ਸਖੀ ਸ਼ਕਤੀ ਮੇਲੇ ਵਿੱਚ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਤੇ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਸ਼ਮਾਂ ਰੌਸ਼ਨ ਕਰਕੇ ਮੇਲੇ ਦੀ ਰਸਮੀ ਸ਼ੁਰੂਆਤ ਕਰਵਾਈ। ਇਸ ਮੌਕੇ ਵਿਧਾਇਕ ਰਾਏ ਨੇ ਕਿਹਾ ਕਿ ਸਖੀ ਸ਼ਕਤੀ ਮੇਲੇ ਦਾ ਮੁੱਖ ਉਦੇਸ਼ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਮਹਿਲਾਵਾਂ ਨੂੰ ਆਤਮਨਿਰਭਰ ਬਣਾਉਣਾ ਅਤੇ ਉਨ੍ਹਾਂ ਦੇ ਉਤਪਾਦਾਂ ਨੂੰ ਵੱਡਾ ਮੰਚ ਪ੍ਰਦਾਨ ਕਰਨਾ ਹੈ। 

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀਆਂ ਔਰਤਾਂ ਨੂੰ ਹਰੇਕ ਖੇਤਰ ਵਿੱਚ ਬਿਹਤਰ ਸੁਵਿਧਾਵਾਂ ਦੇਣ ਲਈ ਅਹਿਮ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਕਿਹਾ ਕਿ ਸਖੀ ਸ਼ਕਤੀ ਮੇਲੇ ਔਰਤਾਂ ਨੂੰ ਜਿਥੇ ਕਿੱਤਾ ਮੁਖੀ ਕੰਮਾਂ ਨਾਲ ਜੋੜਨ ਵਿੱਚ ਸਹਿਯੋਗ ਕਰਨਗੇ ਉਥੇ ਹੀ ਮਹਿਲਾਵਾਂ ਨੂੰ ਹੱਥੀਂ ਕੰਮ ਕਰਨ ਦੇ ਹੁਨਰ ਨਾਲ ਜੋੜ ਕੇ ਆਪਣੇ ਪਰਿਵਾਰਾਂ ਦੀ ਆਰਥਿਕ ਸਥਿਤੀ ਨੂੰ ਮਜਬੂਤ ਕਰਨ ਵਿੱਚ ਸਹਾਈ ਸਾਬਤ ਹੋਣਗੇ। 

ਉਨ੍ਹਾਂ ਕਿਹਾ ਕਿ ਅਜਿਹੇ ਮੇਲਿਆਂ ਨਾਲ ਔਰਤਾਂ ਅੰਦਰ ਉਤਸਾਹ ਪੈਦਾ ਹੁੰਦਾ ਹੈ। ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਕਿਹਾ ਕਿ ਮਹਿਲਾ ਸਸ਼ਕਤੀਕਰਨ ਸਿਰਫ਼ ਇੱਕ ਨਾਅਰਾ ਨਹੀਂ, ਸਗੋਂ ਸਮਾਜਿਕ ਬਦਲਾਅ ਦੀ ਮਜ਼ਬੂਤ ਨੀਂਹ ਹੈ। ਜਦੋਂ ਇੱਕ ਔਰਤ ਸਿੱਖਿਆਯਾਬ, ਆਤਮਨਿਰਭਰ ਅਤੇ ਫੈਸਲੇ ਲੈਣ ਦੇ ਯੋਗ ਬਣਦੀ ਹੈ, ਤਾਂ ਉਸਦਾ ਅਸਰ ਕੇਵਲ ਉਸ ਤੱਕ ਸੀਮਿਤ ਨਹੀਂ ਰਹਿੰਦਾ, ਬਲਕਿ ਪੂਰੇ ਪਰਿਵਾਰ ਅਤੇ ਸਮਾਜ ਦੀ ਤਰੱਕੀ ਨਾਲ ਜੁੜ ਜਾਂਦਾ ਹੈ। 

 ਇਸ ਮੇਲੇ ਵਿੱਚ ਘਰੇਲੂ ਸਮੱਗਰੀ ਸਮਾਨ, ਹੱਥੀ ਬਣਾਏ ਘਰੇਲੂ ਸਾਜੋ ਸਮਾਨ ਅਤੇ ਆਰਗੈਨਿਕ ਉਤਪਾਦ, ਆਚਾਰ, ਮੁਰੱਬੇ ਅਤੇ ਜੈਮ ਸਟਾਲ, ਮਹਿੰਦੀ, ਪਰਫਿਊਮ, ਕੈਂਡਲ ਸਟਾਲ, ਸਭਿਆਚਾਰਕ ਪ੍ਰੋਗਰਾਮ, ਨੇਲ ਆਰਟ, ਬੱਚਿਆਂ ਲਈ ਝੂਲੇ, ਨੌਜਵਾਨਾਂ ਲਈ ਟੈਟੂ ਆਰਟ, ਲਾਈਵ ਸਕੈਚਿੰਗ ਅਤੇ ਲਾਈਵ ਫੂਡ ਸਟਾਲਾਂ ਦੀ ਪ੍ਰਦਰਸ਼ਨੀ ਦਾ ਦੌਰਾ ਕੀਤਾ ਗਿਆ ਅਤੇ ਸਵੈ ਸਹਾਇਤਾ ਸਮੂਹ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ। 

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੁਰਿੰਦਰ ਸਿੰਘ ਧਾਲੀਵਾਲ ਸਮੇਤ ਹੋਰ ਆਗੂ ਤੇ ਅਧਿਕਾਰੀ ਹਾਜਰ ਸਨ।