5 Dariya News

ਯੁੱਧ ਨਸ਼ਿਆਂ ਵਿਰੁੱਧ ਪਾਰਟ -2 : ਸੰਯਮ ਅਗਰਵਾਲ ਵੱਲੋਂ ਕਿਲੀਚਾਹਲਾਂ ਵਿਖੇ ਹੋਣ ਵਾਲੇ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ

ਅਧਿਕਾਰੀਆਂ ਨੂੰ ਤਨਦੇਹੀ ਤੇ ਸਮਰਪਣ ਨਾਲ ਡਿਊਟੀ ਨਿਭਾਉਣ ਲਈ ਕਿਹਾ

5 Dariya News

ਕਿਲੀ ਚਾਹਲਾਂ ( ਮੋਗਾ ) 06-Feb-2026

ਪੰਜਾਬ ਸਰਕਾਰ ਵੱਲੋਂ ਮੋਗਾ ਜ਼ਿਲ੍ਹੇ ਦੇ ਪਿੰਡ ਕਿਲੀਚਾਹਲਾਂ ਵਿਖੇ ਯੁੱਧ ਨਸ਼ਿਆਂ ਵਿਰੁੱਧ ਪਾਰਟ -2 ਤਹਿਤ 16 ਫਰਵਰੀ ਨੂੰ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਦਾ ਮੁਹਿੰਮ ਦੇ ਨੋਡਲ ਅਫ਼ਸਰ ਸ੍ਰੀ ਸੰਯਮ ਅਗਰਵਾਲ ( ਆਈ ਏ ਐਸ ) ਵੱਲੋਂ ਜਾਇਜ਼ਾ ਲਿਆ ਗਿਆ। ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਸ੍ਰੀ ਸਾਗਰ ਸੇਤੀਆ , ਐਸ ਐਸ ਪੀ ਅਜੇ ਗਾਂਧੀ ਵੀ ਹਾਜ਼ਰ ਸਨ।

ਸ੍ਰੀ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਪਾਰਟ -2 ਮੁਹਿੰਮ ਤਹਿਤ ਨਸ਼ੇ ਵਿਰੁੱਧ ਲੜਾਈ ਨੂੰ ਲੋਕ ਲਹਿਰ ਬਣਾਉਣ ਦੇ ਮੰਤਵ ਨਾਲ ਕਰਵਾਏ ਜਾ ਰਹੇ ਸਮਾਗਮ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਤੇ ਵਾਰਡ ਡਿਫੈਂਸ ਕਮੇਟੀਆਂ ਦੇ 1 ਲੱਖ ਤੋਂ ਵੱਧ ਮੈਂਬਰ ਭਾਗ ਲੈਣਗੇ। ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਸ਼ਿਰਕਤ ਕਰਨਗੇ। 

ਸ੍ਰੀ ਅਗਰਵਾਲ ਨੇ ਸਮਾਗਮ ਵਾਲੀ ਥਾਂ ‘ਤੇ ਪੰਡਾਲ ਲਗਾਏ ਜਾਣ , ਸੁਚਾਰੂ ਆਵਾਜਾਈ, ਲੋਕਾਂ ਦੇ ਖਾਣੇ , ਸੁਰੱਖਿਆ ਵਿਵਸਥਾ , ਪਾਰਕਿੰਗ ਆਦਿ ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਸਮਾਜਕ ਕੋਹੜ ਦੇ ਖਾਤਮੇ ਦਾ ਸੱਦਾ ਦੇਣ ਲਈ ਕਰਵਾਏ ਜਾ ਰਹੇ ਇਸ ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚੜਾਉਣ ਲਈ ਪੂਰੀ ਤਨਦੇਹੀ ਤੇ ਸਮਰਪਣ ਭਾਵਨਾ ਨਾਲ ਕੰਮ ਕੀਤਾ ਜਾਵੇਗਾ। 

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਸੇਤੀਆ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮਾਗਮ ਲਈ ਤਿਆਰੀਆਂ ਜੰਗੀ ਪੱਧਰ ‘ਤੇ ਜਾਰੀ ਹਨ ਜਿਸ ਤਹਿਤ ਲਗਭਗ 30 ਏਕੜ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਤੇ ਵਾਰਡ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਦੇ ਬੈਠਣ ਲਈ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਮੌਕੇ ਸਮੂਹ ਵਿਭਾਗਾਂ ਦੇ ਮੁਖੀ ਹਾਜ਼ਰ ਸਨ।