5 Dariya News

25 ਸਾਲਾਂ ’ਚ ਕਿਸੇ ਨੇ ਨਹੀਂ ਲਈ ਸਾਰ, ਹੁਣ ਮਨਵਿੰਦਰ ਸਿੰਘ ਗਿਆਸਪੁਰਾ ਨੇ ਫੜੀ ਪਿੰਡ ਵਾਸੀਆਂ ਦੀ ਬਾਂਹ

ਪਾਇਲ ਦੇ ਪਿੰਡ ਰਾਈਮਾਜਰਾ ਵਿੱਚ ਸਾਢੇ 32 ਲੱਖ ਰੁਪਏ ਦੀ ਲਾਗਤ ਨਾਲ ਸੜਕ ਨਿਰਮਾਣ ਦੀ ਸ਼ੁਰੂਆਤ, ਨੀਹ ਪੱਥਰ ਰੱਖਿਆ

5 Dariya News

ਪਾਇਲ, ਲੁਧਿਆਣਾ 29-Jan-2026

ਪਾਇਲ ਹਲਕੇ ਦੇ ਪਿੰਡ ਰਾਈਮਾਜਰਾ ਦੇ ਵਾਸੀਆਂ ਲਈ ਅੱਜ ਦਾ ਦਿਨ ਇਤਿਹਾਸਕ ਸਾਬਤ ਹੋਇਆ, ਜਦੋਂ 25 ਸਾਲਾਂ ਤੋਂ ਨਿਰਮਾਣ ਦੀ ਉਡੀਕ ਕਰ ਰਹੀ ਸੜਕ ਦੀ ਆਖ਼ਰਕਾਰ ਸੁਧ ਲੈ ਲਈ ਗਈ। ਪਿਛਲੇ ਦੋ ਢਾਈ ਦਹਾਕਿਆਂ ਦੌਰਾਨ ਕਈ ਸਰਕਾਰਾਂ ਆਈਆਂ ਤੇ ਗਈਆਂ, ਪਰ ਇਸ ਟੁੱਟੀ ਤੇ ਖਤਮ ਹੋ ਚੁੱਕੀ ਸੜਕ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। 

ਹੁਣ ਭਗਵੰਤ ਸਿੰਘ ਮਾਨ ਦੀ ਸਰਕਾਰ ਅਤੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਪਿੰਡ ਵਾਸੀਆਂ ਦੀ ਬਾਂਹ ਫੜਦਿਆਂ ਇਸ ਸੜਕ ਦੇ ਨਿਰਮਾਣ ਦਾ ਨੀਹ ਪੱਥਰ ਰੱਖਿਆ। ਇਹ ਸੜਕ ਸਾਢੇ 32 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਜਾਵੇਗੀ। ਨੀਹ ਪੱਥਰ ਸਮਾਗਮ ਦੌਰਾਨ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ 25 ਸਾਲਾਂ ਤੋਂ ਇਹ ਸੜਕ ਬਿਲਕੁਲ ਖ਼ਸਤਾਹਾਲ ਵਿੱਚ ਸੀ, ਜਿਸ ਕਰਕੇ ਪਿੰਡ ਵਾਸੀਆਂ ਨੂੰ ਹਰ ਰੋਜ਼ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। 

ਉਨ੍ਹਾਂ ਦੱਸਿਆ ਕਿ ਇਹ ਸੜਕ ਸਿਰਫ਼ ਪਿੰਡ ਦੇ ਘਰਾਂ ਤੱਕ ਹੀ ਨਹੀਂ ਜਾਂਦੀ, ਸਗੋਂ ਕਿਸਾਨਾਂ ਦੇ ਖੇਤਾਂ ਅਤੇ ਇਲਾਕੇ ਦੇ ਪ੍ਰਸਿੱਧ ਧਾਰਮਿਕ ਸਥਾਨ ਤੱਕ ਪਹੁੰਚ ਦਾ ਮੁੱਖ ਸਾਧਨ ਵੀ ਹੈ। ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਸੜਕ ਟੁੱਟੀ ਹੋਣ ਕਾਰਨ ਕਿਸਾਨਾਂ ਨੂੰ ਖੇਤੀਬਾੜੀ ਦੇ ਕੰਮਾਂ ਲਈ ਆਵਾਜਾਈ ਵਿੱਚ ਦਿੱਕਤ ਆਉਂਦੀ ਸੀ, ਜਦਕਿ ਸ਼ਰਧਾਲੂਆਂ ਨੂੰ ਵੀ ਭਾਰੀ ਪਰੇਸ਼ਾਨੀ ਝੱਲਣੀ ਪੈਂਦੀ ਸੀ। 

ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਪਹਿਲ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਹੈ ਅਤੇ ਇਸੇ ਸੋਚ ਦੇ ਤਹਿਤ ਰਾਈਮਾਜਰਾ ਦੀ ਇਸ ਲੰਬੇ ਸਮੇਂ ਤੋਂ ਲਟਕੀ ਮੰਗ ਨੂੰ ਪੂਰਾ ਕੀਤਾ ਗਿਆ ਹੈ। ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਾਇਲ ਸ਼ਹਿਰ ਦੀ ਨੁਹਾਰ ਨੂੰ ਬਦਲਣ ਲਈ ਕਰੀਬ ਡੇਢ ਕਰੋੜ ਰੁਪਏ ਦੇ ਵਿਕਾਸ ਕੰਮਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। 

ਇਨ੍ਹਾਂ ਵਿੱਚ ਸੜਕਾਂ, ਪਾਣੀ ਦੀ ਨਿਕਾਸੀ ਪ੍ਰਣਾਲੀ ਅਤੇ ਹੋਰ ਜਨਹਿੱਤ ਕੰਮ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦੇ ਟੈਂਡਰ ਛੇਤੀ ਹੀ ਲਾਏ ਜਾਣਗੇ, ਤਾਂ ਜੋ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅਮਲ ਵਿੱਚ ਲਿਆਂਦਾ ਜਾ ਸਕੇ। ਦੂਜੇ ਪਾਸੇ, ਪਿੰਡ ਰਾਈਮਾਜਰਾ ਦੇ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਦਿਖਾਈ ਦਿੱਤੀ। ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਇਸ ਸੜਕ ਦੀ ਮੰਗ ਕਰ ਰਹੇ ਸਨ, ਪਰ ਹਰ ਵਾਰ ਉਨ੍ਹਾਂ ਨੂੰ ਨਿਰਾਸ਼ਾ ਹੀ ਹੱਥ ਲੱਗੀ ਸੀ।

ਪਿੰਡ ਵਾਸੀਆਂ ਨੇ ਕਿਹਾ ਕਿ ਹੁਣ ਜਦੋਂ ਸੜਕ ਦਾ ਕੰਮ ਸ਼ੁਰੂ ਹੋਇਆ ਹੈ, ਤਾਂ ਉਨ੍ਹਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਪਿੰਡ ਦੇ ਵਿਕਾਸ ਨੂੰ ਨਵੀਂ ਦਿਸ਼ਾ ਮਿਲੇਗੀ। ਪਿੰਡ ਵਾਸੀਆਂ ਨੇ ਆਸ ਜਤਾਈ ਕਿ ਸੜਕ ਦਾ ਨਿਰਮਾਣ ਸਮੇਂ ਸਿਰ ਅਤੇ ਮਿਆਰੀ ਢੰਗ ਨਾਲ ਪੂਰਾ ਕੀਤਾ ਜਾਵੇਗਾ, ਤਾਂ ਜੋ 25 ਸਾਲਾਂ ਦਾ ਇੰਤਜ਼ਾਰ ਸੱਚਮੁੱਚ ਸੁਖਦਾਇਕ ਨਤੀਜੇ ਵਿੱਚ ਬਦਲ ਸਕੇ। 

ਇਸ ਮੌਕੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਬੂਟਾ ਸਿੰਘ ਰਾਣੋਂ, ਅਵਿਨਾਸ਼ਪ੍ਰੀਤ ਸਿੰਘ ਜੱਲ੍ਹਾ ਅਤੇ ਹੋਰ ਪਾਰਟੀ ਆਗੂ ਅਤੇ ਵਰਕਰ ਮੌਜੂਦ ਸਨ।