ਕੁਲਵੰਤ ਸਿੰਘ ਸਿੱਧੂ ਵੱਲੋਂ ਵਾਰਡ ਨੰਬਰ 49 'ਚ ਪਾਰਕ ਦੀ ਨਵੀਂ ਚਾਰਦਿਵਾਰੀ ਦਾ ਉਦਘਾਟਨ
ਵਿਸ਼ਵਕਰਮਾ ਪਾਰਕ ਵਿਖੇ ਸਫਾਈ ਅਭਿਆਨ ਦੀ ਵੀ ਕੀਤੀ ਅਗਵਾਈ
5 Dariya News
ਲੁਧਿਆਣਾ 12-Jan-2026
ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਹਲਕੇ ਦੇ ਪਾਰਕਾਂ ਦੇ ਸੁੰਦਰੀਕਰਨ ਦੀ ਚਲਾਈ ਮਹਿਮ ਤਹਿਤ ਅੱਜ ਵਾਰਡ ਨੰਬਰ 49 ਦੇ ਪਾਰਕ ਨੰਬਰ 127 ਦੀ ਨਵੀਂ ਚਾਰਦਿਵਾਰੀ ਦਾ ਉਦਘਾਟਨ ਕੀਤਾ ਗਿਆ। ਵਿਧਾਇਕ ਸਿੱਧੂ ਨੇ ਕਿਹਾ ਕਿ ਇਸ ਚਾਰਦਿਵਾਰੀ 'ਤੇ ਕਰੀਬ 10.5 ਲੱਖ ਰੁਪਏ ਦੀ ਲਾਗਤ ਆਵੇਗੀ।
ਵਿਧਾਇਕ ਸਿੱਧੂ ਨੇ ਕਿਹਾ ਕਿ ਸਾਫ ਪੀਣ ਵਾਲਾ ਪਾਣੀ, ਸੜਕਾਂ, ਸੁੰਦਰ ਪਾਰਕ, ਖੇਡ ਮੈਦਾਨ ਇਹ ਇਲਾਕਾ ਨਿਵਾਸੀਆਂ ਦੀਆਂ ਬੁਨਿਆਦੀ ਜਰੂਰਤਾਂ ਜੋ ਹਰ ਹੀਲੇ ਉਪਲੱਬਧ ਕਰਵਾਈਆਂ ਜਾਣਗੀਆਂ। ਵਿਧਾਇਕ ਸਿੱਧੂ ਵੱਲੋਂ ਅੱਜ ਤੜਕਸਾਰ ਪੋਹ ਫੁੱਟਣ ਤੋਂ ਪਹਿਲਾਂ, ਨਗਰ ਨਿਗਮ ਦੀ ਟੀਮ ਦੇ ਨਾਲ ਹਲਕਾ ਆਤਮ ਨਗਰ ਦੇ ਪੁਰਾਣੇ ਅਤੇ ਮਸ਼ਹੂਰ ਵਿਸ਼ਕਰਮਾ ਪਾਰਕ ਵਿੱਚ ਸਫਾਈ ਮੁਹਿੰਮ ਦੀ ਅਗਵਾਈ ਕੀਤੀ।
ਉਹਨਾਂ ਨਾਲ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਗੁਰਪਾਲ ਸਿੰਘ ਵੀ ਮੌਜੂਦ ਸਨ। ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਗਰ ਨਿਗਮ ਕਰਮਚਾਰੀ ਤੁਹਾਡੇ ਇਲਾਕੇ ਨੂੰ ਸਾਫ ਕਰ ਸਕਦੇ ਹਨ ਪਰ ਹਰ ਵਕਤ ਚੋਗਿਰਦੇ ਨੂੰ ਸਾਫ ਰੱਖਣਾ ਇਹ ਤੁਹਾਡੇ ਹੱਥ ਵਿੱਚ ਹੈ।
ਉਹਨਾਂ ਕਿਹਾ ਕਿ ਸਾਨੂੰ ਪਲਾਸਟਿਕ ਬੈਗ ਦੀ ਜਗ੍ਹਾ ਕੱਪੜੇ ਵਾਲੇ ਵੈਗ ਵਰਤਣੇ ਚਾਹੀਦੇ ਹਨ ਕਿਉਂਕਿ ਪਲਾਸਟਿਕ ਨਾਲ ਜਿੱਥੇ ਹੋਰ ਕਈ ਸਮੱਸਿਆਵਾਂ ਆਉਂਦੀਆਂ ਹਨ ਉੱਥੇ ਹੀ ਬੇਜੁਵਾਨ ਪਸ਼ੂ ਵੀ ਇਸ ਨੂੰ ਖਾ ਕੇ ਦੁੱਖ ਭੋਗਦੇ ਮਰਦੇ ਹਨ। ਇਸ ਲਈ ਸਾਨੂੰ ਇਨਸਾਨੀਅਤ ਦੇ ਨਾਤੇ ਇਸ ਦਾ ਬਾਈਕਾਟ ਕਰਨਾ ਚਾਹੀਦਾ ਹੈ। ਵਿਧਾਇਕ ਸਿੱਧੂ ਨੇ ਕਿਹਾ ਕਿ ਵਿਸ਼ਕਰਮਾ ਪਾਰਕ ਵਿੱਚ ਆਉਣ ਵਾਲੇ ਸਮੇਂ ਦੌਰਾਨ ਵਧੀਆ ਖੇਡ ਮੈਦਾਨ ਅਤੇ ਲਾਇਬਰੇਰੀ ਦਾ ਪ੍ਰਬੰਧ ਵੀ ਕੀਤਾ ਜਾਵੇਗਾ।
ਇਸ ਮੌਕੇ ਉਹਨਾਂ ਨਾਲ ਪ੍ਰਵੀਨ ਮੱਕੜ, ਹਾਕਮ ਸਿੰਘ ਸੋਨੀ, ਤਜਿੰਦਰਪਾਲ ਸਿੰਘ, ਪਾਲ ਸਿੰਘ ਛਾਬੜਾ, ਗੁਰਪ੍ਰੀਤ ਸਿੰਘ ਮਠਾੜੂ, ਸਤਬੀਰ ਸਿੰਘ ਬਿੰਦਰਾ, ਗੁਰਪ੍ਰੀਤ ਸਿੰਘ ਸ਼ੈਲੀ, ਗੁਰਚਰਨ ਸਿੰਘ ਖੋਖਰ, ਪਰਮਜੀਤ ਕੌਰ ਬਿੰਦਰਾ ਅਤੇ ਪਰਮਿੰਦਰ ਕੌਰ ਵੀ ਹਾਜ਼ਰ ਸਨ।