5 Dariya News

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ "ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ" ਪੰਜਾਬ ਲੋਕ ਭਵਨ 'ਚ ਰਿਲੀਜ਼

5 Dariya News

ਚੰਡੀਗੜ੍ਹ /ਅੰਮ੍ਰਿਤਸਰ 29-Dec-2025

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ -ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੁਆਰਾ ਲਿਖੀ ਗਈ ਕਿਤਾਬ "ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ" ਨੂੰ ਲੋਕ ਭਵਨ, ਪੰਜਾਬ, ਚੰਡੀਗੜ੍ਹ ਵਿਖੇ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਵਾਈਸ-ਚਾਂਸਲਰਾਂ ਅਤੇ ਸੂਬੇ ਦੇ ਸਰਹੱਦੀ ਖੇਤਰਾਂ ਵਿੱਚ ਸਥਿਤ ਕਾਲਜਾਂ ਦੇ ਪ੍ਰਿੰਸੀਪਲਾਂ ਦੀ ਇੱਕ-ਰੋਜ਼ਾ ਕਾਨਫਰੰਸ ਜਿਸ ਦੀ ਪ੍ਰਧਾਨਗੀ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਕੀਤੀ ਦੇ ਵਿਚ ਰਸਮੀ ਤੌਰ 'ਤੇ ਰਿਲੀਜ਼ ਕੀਤਾ।

ਇਸ ਵਿੱਚ ਰਾਜਪਾਲ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ ਸਮੇਤ ਪੰਜਾਬ ਦੀਆਂ ਸਾਰੀਆਂ ਜਨਤਕ ਅਤੇ ਨਿੱਜੀ ਯੂਨੀਵਰਸਿਟੀਆਂ ਦੇ ਵਾਈਸ-ਚਾਂਸਲਰ ਅਤੇ ਰਾਜ ਦੇ ਸਰਹੱਦੀ ਜ਼ਿਲ੍ਹਿਆਂ ਦੇ ਕਾਲਜਾਂ ਦੇ ਪ੍ਰਿੰਸੀਪਲ ਸ਼ਾਮਲ ਹੋਏ। ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ, ਪ੍ਰੋ. (ਡਾ.) ਕਰਮਜੀਤ ਸਿੰਘ ਨੇ ਮਾਣਯੋਗ ਰਾਜਪਾਲ ਦਾ ਕਿਤਾਬ ਰਿਲੀਜ਼ ਕਰਨ ਅਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਵੱਲੋਂ ਕਿਤਾਬ ਨੂੰ ਪ੍ਰਕਾਸ਼ਿਤ ਕਰਨ ਵਿਚ ਦਿੱਤੇ ਸਹਿਯੋਗ ਦਾ ਧੰਨਵਾਦ ਕਰਦਿਆ ਕਿਤਾਬ ਦੀਆਂ ਪੰਜ ਮੁੱਖ ਵਿਸ਼ੇਸ਼ਤਾਵਾਂ 'ਤੇ ਚਾਨਣਾ ਪਾਇਆ।

ਉਹਨਾਂ ਦੱਸਿਆ ਕਿ ਇਹ ਕਿਤਾਬ ਤਿੰਨ ਲਿਪੀਆਂ ਵਿੱਚ ਲਿਪੀਅੰਤਰ ਕੀਤੀ ਗਈ ਹੈ(ਗੁਰਮੁਖੀ, ਦੇਵਨਾਗਰੀ ਅਤੇ ਅੰਗਰੇਜ਼ੀ )ਜੋ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਭਾਸ਼ਾਈ ਸੀਮਾਵਾਂ ਤੋਂ ਪਾਰ ਲੈ ਜਾਂਦੀ ਹੈ।ਇਸ ਤੋਂ ਇਲਾਵਾ ਇਸ ਕਿਤਾਬ ਨੂੰ ਆਡੀਓ ਬੁੱਕ ਵਜੋਂ ਵੀ ਵਿਕਸਤ ਕੀਤਾ ਗਿਆ ਹੈ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 59 ਸ਼ਬਦ ਅਤੇ 57 ਸਲੋਕ ਦਰਜ ਹਨ, ਜੋ 15 ਰਾਗਾਂ ਵਿੱਚ ਰਚੇ ਗਏ ਹਨ, ਜਿਨ੍ਹਾਂ ਵਿੱਚ ਦੁਰਲੱਭ ਅਤੇ ਅਧਿਆਤਮਿਕ ਤੌਰ 'ਤੇ ਮਹੱਤਵਪੂਰਨ ਜੈਜਾਵੰਤੀ ਰਾਗ ਵੀ ਸ਼ਾਮਲ ਹੈ। 

ਇਹ ਸਾਰੇ ਸ਼ਬਦ ਹਜ਼ੂਰੀ ਰਾਗੀ ਭਾਈ ਨਰਿੰਦਰ ਸਿੰਘ ਦੀ ਨਿਗਰਾਨੀ ਹੇਠ ਪ੍ਰਮਾਣਿਕ ਤੌਰ 'ਤੇ ਦਰਜ ਕੀਤੇ ਗਏ ਹਨ ਅਤੇ ਕਿਉ.ਆਰ ਕੋਡ ਵੀ ਸ਼ਾਮਲ ਕੀਤੇ ਗਏ ਹਨ ਤਾਂ ਜੋ ਪਾਠਕ ਗੁਰਬਾਣੀ ਨੂੰ ਸੁਰੀਲੇ ਗਾਇਨ ਵਿੱਚ ਸੁਣ ਸਕਣ।ਇੱਕ ਹੋਰ ਵਿਸ਼ੇਸ਼ਤਾ ਦਸਦਿਆਂ ਉਹਨਾਂ ਕਿਹਾ ਇਸ ਕਿਤਾਬ ਵਿੱਚ ਸਹਿਜ ਤੋਂ ਸ਼ਹੀਦੀ ਤੱਕ ਦਾ ਇੱਕ ਵਿਲੱਖਣ ਅਧਿਆਇ ਸ਼ਾਮਲ ਹੈ, ਜੋ ਅੰਦਰੂਨੀ ਸੰਤੁਲਨ ਤੋਂ ਲੈ ਕੇ ਸਰਵਉੱਚ ਕੁਰਬਾਨੀ ਤੱਕ ਦੀ ਅਧਿਆਤਮਿਕ ਯਾਤਰਾ ਦਾ ਪਤਾ ਲਗਾਉਂਦਾ ਹੈ। 

ਇਸ ਤੋਂ ਇਲਾਵਾ ਇਹ ਰਚਨਾ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ, ਬਾਣੀ ਅਤੇ ਸ਼ਹਾਦਤ ਤੋਂ 13 ਵਿਹਾਰਕ ਸਬਕ ਪ੍ਰਾਪਤ ਕਰਦੀ ਹੈ, ਜੋ ਸਮਕਾਲੀ ਜੀਵਨ ਲਈ ਢੁਕਵੀਂ ਅਗਵਾਈ ਪ੍ਰਦਾਨ ਕਰਦੇ ਹਨ। ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਇਹ ਪੁਸਤਕ ਇਤਿਹਾਸ ਨੂੰ ਸਮਕਾਲੀ ਜ਼ਮੀਰ ਨਾਲ ਜੋੜਦੀ ਹੈ, ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੂੰ ਸਿਰਫ਼ ਇੱਕ ਇਤਿਹਾਸਕ ਘਟਨਾ ਵਜੋਂ ਹੀ ਨਹੀਂ, ਸਗੋਂ ਹਿੰਮਤ, ਵਿਸ਼ਵਾਸ ਦੀ ਆਜ਼ਾਦੀ, ਮਨੁੱਖੀ ਮਾਣ ਅਤੇ ਨੈਤਿਕ ਅਗਵਾਈ ਲਈ ਇੱਕ ਜੀਵਤ ਨੈਤਿਕ ਢਾਂਚੇ ਵਜੋਂ ਪੇਸ਼ ਕਰਦੀ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਕਿਤਾਬ ਨੂੰ ਪ੍ਰਮੁੱਖ ਤੌਰ ਉੱਤੇ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਇਸ ਦੇ ਪਹਿਲੇ ਭਾਗ ਵਿੱਚ ਪੰਜ ਅਧਿਆਇ ਹਨ ਜੋ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਦਰਸ਼ਨ ਅਤੇ ਸਦੀਵੀ ਵਿਰਾਸਤ ਦਾ ਵੇਰਵਾ ਦਿੰਦੇ ਹਨ, ਜਦੋਂ ਕਿ ਦੂਜਾ ਭਾਗ ਗੁਰਬਾਣੀ ਨੂੰ ਸਮਰਪਿਤ ਹੈ, ਜਿੱਥੇ ਸ਼ਬਦਾਂ ਅਤੇ ਸ਼ਲੋਕਾਂ ਨੂੰ ਪਾਠ ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਕਿਉਂਆਰ -ਕੋਡ ਸਕੈਨ ਕਰਕੇ ਆਡੀਓ ਰਿਕਾਰਡਿੰਗਾਂ ਰਾਹੀਂ ਵੀ ਪਹੁੰਚਯੋਗ ਬਣਾਇਆ ਗਿਆ ਹੈ।

ਇਸ ਪੁਸਤਕ ਦੇ ਰਿਲੀਜ਼ ਸਮਾਰੋਹ ਮੌਕੇ ਹਾਜ਼ਰ ਅਕਾਦਮਿਕ ਲੀਡਰਸ਼ਿਪ ਜਿਸ ਵਿਚ ਪ੍ਰਮੁੱਖ ਤੌਰ ਤੇ ਰਾਜਪਾਲ ਦੇ ਸਲਾਹਕਾਰ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਸ਼ਲਾਘਾ ਕਰਦਿਆਂ ਕਿਹਾ ਕਿਹਾ ਕਿ ਇਸ ਕਿਤਾਬ ਦੀ ਵਿਦਵਤਾਪੂਰਨ ਡੂੰਘਾਈ, ਅਧਿਆਤਮਿਕ ਸੰਵੇਦਨਸ਼ੀਲਤਾ, ਨਵੀਨਤਾਕਾਰੀ ਪੇਸ਼ਕਾਰੀ ਅਤੇ ਸਮਕਾਲੀ ਪ੍ਰਸੰਗਿਕਤਾ ਬਕਮਾਲ ਹੈ।

ਆਈਆਈਟੀ ਰੋਪੜ ਦੇ ਡਾਇਰੈਕਟਰ ਪ੍ਰੋਫੈਸਰ ਰਾਜੀਵ ਸੂਦ, ਯੂਜੀਸੀ ਦੇ ਸਾਬਕਾ ਸਕੱਤਰ ਪ੍ਰੋਫੈਸਰ ਅਖਿਲੇਸ਼ ਗੁਪਤਾ; ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪ੍ਰੋਫੈਸਰ ਜੀ. ਐਸ. ਗੋਸਲ; ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ-ਚਾਂਸਲਰ ਪ੍ਰੋ. ਜਗਦੀਪ ਸਿੰਘ; ਪ੍ਰੋ. ਸੰਜੀਵ ਸ਼ਰਮਾ, ਵਾਈਸ-ਚਾਂਸਲਰ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ; ਪ੍ਰੋ. ਸੁਨੀਲ ਮਿੱਤਲ, ਵਾਈਸ-ਚਾਂਸਲਰ, ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ; ਪ੍ਰੋ. ਧਰਮਜੀਤ ਸਿੰਘ, ਵਾਈਸ-ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਬਾਬਾ ਫਰੀਦ ਯੂਨੀਵਰਸਿਟੀ ਦੇ ਵੀ.ਸੀ., ਪ੍ਰੋ. ਸੂਦ, ਆਯੁਰਵੈਦਿਕ ਯੂਨੀਵਰਸਿਟੀ ਦੇ ਵੀ.ਸੀ. ਤੋਂ ਇਲਾਵਾ ਅਤੇ ਹੋਰ ਸੀਨੀਅਰ ਸਿੱਖਿਆ ਸ਼ਾਸਤਰੀਆਂ ਨੇ ਵੀ ਵੱਖਰੇ ਤੌਰ ਇਸ ਕਿਤਾਬ ਦੇ ਉਪਰਾਲੇ ਦੀ ਉਚੇਚੇ ਤੌਰ ਤੇ ਸ਼ਲਾਘਾ ਕੀਤੀ।